ਸਿੱਧੂ ਦੀ ਚਿੱਠੀ ਤੋਂ ਬਾਅਦ ਕੈਪਟਨ ‘ਤਾਜਪੋਸ਼ੀ’ ਸਮਾਗਮ ਵਿਚ ਜਾਣ ਲਈ ਰਾਜੀ ਹੋ ਗਏ

168

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਸਿਆਸੀ ਖਹਿਬਾਜ਼ੀ ਹੁਣ ਰੁਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਦੀ ਨਵੀਂ ਟੀਮ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਰਸਮੀ ਸਹਿਮਤੀ ਦੇ ਦਿੱਤੀ ਹੈ। ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨਿਆ ਗਿਆ ਸੀ ਉਸ ਸਮੇ ਤੋਂ ਹੀ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕੈਪਟਨ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਸ਼ੁੱਕਰਵਾਰ ਸਵੇਰੇ ਆਪਣੇ ਘਰ ਚਾਹ ਤੇ ਬੁਲਾਇਆ ਹੈ ਜਿੱਥੋਂ ਉਹ ਸਾਰੇ ਕਾਂਗਰਸ ਭਵਨ ਸਮਾਗਮ ਵਿੱਚ ਸ਼ਾਮਲ ਹੋਣ ਜਾਣਗੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਭਵਨ ਵਿੱਚ ਸ਼ੁੱਕਰਵਾਰ ਨੂੰ ਹੋਣ ਜਾ ਰਹੇ ਇਸ ਸਮਾਗਮ ਲਈ ਇੱਕ ਰਸਮੀ ਸੱਦਾ-ਪੱਤਰ ਭੇਜਿਆ ਸੀ। ਇਸ ਪੱਤਰ ਉੱਪਰ ਪੰਜਾਬ ਕਾਂਗਰਸ ਦੇ ਹੋਰ ਆਗੂਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਦਸਤਖ਼ਤ ਕੀਤੇ ਸਨ। ਜਿੱਥੇ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਸਹੁੰ ਚੁੱਕਣੇਗੇ ਉੱਥੇ ਹੀ ਉਨ੍ਹਾਂ ਦੇ ਨਾਲ ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਜ਼ੀਰਾ ਵੀ ਵਰਕਿੰਗ ਪਧਾਨਾਂ ਵਜੋਂ ਸਹੁੰ ਚੁੱਕਣਗੇ।
ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਨਿੱਜੀ ਚਿੱਠੀ ਵਿਚ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਉਨ੍ਹਾਂ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਲਾਇਆ ਹੈ। ਚਿੱਠੀ ਵਿੱਚ ਕੈਪਟਨ ਨੂੰ ਪੰਜਾਬ ਕਾਂਗਰਸ ਦਾ ਸਭ ਤੋਂ ਸੀਨੀਅਰ ਮੈਂਬਰ ਹੋਣ ਦੇ ਨਾਤੇ ਨਵੀਂ ਟੀਮ ਨੂੰ ਅਸ਼ੀਰਵਾਦ ਦੇਣ ਲਈ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਸਿੱਧੂ ਨੇ ਚਿੱਠੀ ਵਿੱਚ ਲਿਖਿਆ ਕਿ ਮੇਰਾ ਕੋਈ ਨਿੱਜੀ ਏਜੰਡਾ ਨਹੀਂ ਹੈ ਅਤੇ ਸਿਰਫ਼ ਲੋਕ ਪੱਖੀ ਏਜੰਡਾ ਹੈ। ਸਿੱਧੂ ਨੇ ਆਪਣੇ ਵੱਲੋ ਕੈਪਟਨ ਨੂੰ ਲਿਖਿਆ,” ਪੰਜਾਬ ਦੇ ਮੁੱਦਿਆਂ ਅਤੇ ਹਰੇਕ ਪੰਜਾਬੀ ਦੀ ਭਲਾਈ ਲਈ ਹਾਈ ਕਮਾਂਡ ਦੇ 18 ਨੁਕਾਤੀ ਏਜੰਡੇ ਬਾਰੇ ਮੇਰੀ ਵਚਨਬੱਧਤਾ ਤੋਂ ਤੁਸੀਂ ਅਤੇ ਸਾਰੇ ਜਣੇ ਭਲੀ-ਭਾਂਤ ਜਾਣੂ ਹੋ।” “ਮੈਂ ਕਾਂਗਰਸ ਵਰਕਰਾਂ ਦੀਆਂ ਦੁਆਵਾਂ ਨਾਲ ਇਸ ਉੱਤੇ ਅਡਿੱਗ ਹਾਂ ਅਤੇ ਰਹਾਂਗਾ। ਮੇਰਾ ਕੋਈ ਨਿੱਜੀ ਏਜੰਡਾ ਨਹੀਂ ਹੈ ਅਤੇ ਸਿਰਫ਼ ਲੋਕ ਪੱਖੀ ਏਜੰਡਾ ਹੈ।”ਪੰਜਾਬ ਦੇ ਵਿਧਾਇਕਾਂ ਤੇ ਕੁਝ ਸੰਸਦ ਮੈਂਬਰਾਂ ਨੇ ਵੀ ਅਲੱਗ ਤੋਂ ਚਿੱਠੀ ਲਿਖਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਅਤੇ ਚਾਰ ਦੂਜੇ ਕਾਰਜਕਾਰੀ ਪ੍ਰਧਾਨਾਂ ਨੂੰ ਅਸ਼ੀਰਵਾਦ ਦੇਣ ਲਈ ਅਪੀਲ ਕੀਤੀ ਹੈ।

Real Estate