ਸ਼ਿਵ ਕੁਮਾਰ ਬਟਾਲਵੀ ਦਾ 85ਵਾਂ ਜਨਮ ਦਿਹਾੜਾ ਮਨਾਇਆ

293

ਸਿਟੀਜ਼ਨ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ ਵੱਲੋਂ 156, ਅਰਬਨ ਅਸਟੇਟ ਬਟਾਲਾ ਵਿਖੇ ਅੱਜ ਮਿਤੀ 23 ਜੁਲਾਈ 2021 ਨੂੰ ਸ਼ਿਵ ਕੁਮਾਰ ਬਟਾਲਵੀ ਦਾ 85ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਫੋਰਮ ਦੇ ਪ੍ਰਧਾਨ ਪ੍ਰੋ ਸੁਖਵੰਤ ਸਿੰਘ ਗਿੱਲ ਨੇ ਇਸ ਸਮਾਗਮ ਵਿੱਚ ਸ਼ਾਮਲ ਸ਼ਖ਼ਸੀਅਤਾਂ ਨੂੰ ਜੀਅ-ਆਇਆਂ ਕਿਹਾ ਅਤੇ ਦੱਸਿਆ ਕਿ ਇਸ ਕੋਵਿਡ-19 ਸਮੇਂ ਦੌਰਾਨ ਇਹ ਜਨਮ ਦਿਨ ਸਮਾਗਮ ਮਨਾਉਣ ਦਾ ਅਸਲ ਉਦੇਸ਼ ਸ਼ਿਵ ਕੁਮਾਰ ਬਟਾਲਵੀ ਪ੍ਰਤੀ ਬਟਾਲਾ ਵਾਸੀਆਂ ਦੇ ਸਤਿਕਾਰ ਕਾਰਨ, ਕੇਵਲ ਇੱਕ ਦਿਲੀ ਰਸਮੀ ਸਮਾਗਮ ਕਰਵਾਉਣਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਸ਼ਿਵ ਕੁਮਾਰ ਬਟਾਲਵੀ ਦੇ ਭਤੀਜੇ ਸ਼੍ਰੀ ਰਾਜੀਵ ਬਟਾਲਵੀ ਅਤੇ ਉੱਘੇ ਸਮਾਜ ਸੇਵਕ ਸ਼੍ਰੀ ਵਿਜੇ ਤ੍ਰੇਹਨ ਨੇ ਸਾਂਝੇ ਤੌਰ ਤੇ ਕੀਤੀ। ਉੱਘੇ ਵਿਦਵਾਨ ਲੇਖਕ ਪ੍ਰਿੰਸੀਪਲ ਸੁਲੱਖਣ ਸਿੰਘ ਗੋਰਾਇਆ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਦੀ ਸਾਹਿਤਕ ਜਗਤ ਨੂੰ ਦੇਣ ਸਬੰਧੀ ਇਕ ਖੋਜ-ਪੱਤਰ ਪੜ੍ਹਿਆ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਸਮਾਜ ਸੇਵਕ ਮਾਸਟਰ ਰਤਨ ਲਾਲ ਅਤੇ ਪੰਜਾਬੀ ਦੇ ਪ੍ਰਸਿੱਧ ਲੋਕ ਸਾ਼ਇਰ ਸ੍ਰੀ ਵਿਜੇ ਅਗਨੀਹੋਤਰੀ ਨੇ ਸ਼ਿਵ ਦੀਆਂ ਰਚਨਾਵਾਂ ਦਾ ਗਾਇਨ ਕਰਕੇ ਆਪਣੀ ਹਾਜਰੀ ਲਵਾਈ। ਇਸ ਮੌਕੇ ਫੋਰਮ ਦੇ ਵਿੱਛੜੇ ਸਾਥੀਆਂ ਸ੍ਰੀ ਭਜਨ ਸਿੰਘ ਮਲਕਪੁਰੀ, ਸ੍ਰੀ ਅਮਰੀਕ ਸਿੰਘ ਮੱਲ੍ਹੀ, ਸ੍ਰੀ ਅਸ਼ੋਕ ਭਾਰਦਵਾਜ, ਸ੍ਰੀ ਮਨਮੋਹਨ ਕਪੂਰ ਅਤੇ ਸ੍ਰੀ ਕੇ ਸ਼ਰਨਜੀਤ ਸਿੰਘ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਵਿਸ਼ਵਾਸ ਫਾਊਂਡੇਸ਼ਨ ਬਟਾਲਾ ਦੇ ਪ੍ਰਧਾਨ ਅਤੇ ਸ੍ਰੀ ਮਨਮੋਹਨ ਕਪੂਰ ਜੀ ਦੇ ਛੋਟੇ ਭਾਈ ਸ੍ਰੀ ਸ਼ੰਮੀ ਕਪੂਰ ਨੇ ਆਪਣੇ ਵੱਡੇ ਭਾਅ ਜੀ ਦੀ ਯਾਦ ਵਿੱਚ ਇੱਕ ਸਮਾਗਮ ਕਰਵਾਉਣ ਦਾ ਐਲਾਨ ਕੀਤਾ।
ਸ੍ਰੀ ਰਾਜੀਵ ਬਟਾਲਵੀ ਅਤੇ ਸ੍ਰੀ ਵਿਜੇ ਤ੍ਰੇਹਨ ਨੇ ਇਹ ਸਮਾਗਮ ਕਰਵਾਉਣ ਲਈ ਫੋਰਮ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੇਕ ਕੱਟਣ ਦੀ ਰਸਮ ਸ੍ਰੀ ਰਾਜੀਵ ਬਟਾਲਵੀ ਜੀ ਦੀ ਅਗਵਾਈ ਵਿੱਚ ਸਮਾਗਮ ਵਿੱਚ ਹਾਜ਼ਰ ਸਖਸ਼ੀਅਤਾਂ ਵੱਲੋਂ ਸਮੂਹਿਕ ਤੌਰ ਤੇ ਕੀਤੀ ਗਈ। ਸ੍ਰੀ ਰਣਜੀਤ ਸਿੰਘ ਗੁਰਾਇਆ ਜੀ ਦੇ ਪਰਿਵਾਰ ਵੱਲੋਂ ਕੀਤੀ ਗਈ ਟਹਿਲ ਸੇਵਾ ਨੇ ਇਸ ਜਨਮ ਦਿਨ ਸਮਾਗਮ ਦੀ ਸ਼ਾਨ ਵਿੱਚ ਬਹੁਤ ਵਾਧਾ ਕੀਤਾ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਬਲਦੇਵ ਸਿੰਘ ਚਾਹਲ, ਸ੍ਰੀ ਭੁਪੇਸ਼ ਤ੍ਰੇਹਨ ਅਤੇ ਇੰਸਪੈਕਟਰ ਯੂਨਿਸ ਮਸੀਹ ਵੀ ਹਾਜ਼ਰ ਸਨ।
ਸਮਾਗਮ ਵਿੱਚ ਸ਼ਾਮਲ ਹੋਣ ਲਈ ਫੋਰਮ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਸਿੰਘ ਗੁਰਾਇਆ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮੁੱਚੇ ਤੌਰ ਤੇ ਇਹ ਇਕ ਯਾਦਗਾਰੀ ਸਮਾਗਮ ਹੋ ਨਿਬੜਿਆ।

Real Estate