ਬਿਨਾਂ ਦਰਸ਼ਕਾਂ ਦੇ ਅੱਜ ਹੋ ਰਿਹਾ ਟੋਕੀਓ ਓਲੰਪਿਕ ਖੇਡਾਂ ਦਾ ਰਸਮੀ ਆਗਾਜ਼

142

ਟੋਕੀਓ ਦੇ ਆਲੀਸ਼ਾਨ ਨੈਸ਼ਨਲ ਸਟੇਡੀਅਮ ਵਿੱਚ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਨੂੰ ਸ਼ਾਮ 8 ਵਜੇ ਓਲੰਪਿਕ ਖੇਡਾਂ ਦਾ ਉਦਘਾਟਨੀ ਸਮਾਗਮ ਸ਼ੁਰੂ ਹੋਵੇਗਾ। ਇਸ ਸਾਲ 25 ਮਾਰਚ ਨੂੰ ਯੂਨਾਨ ਦੇ ਸ਼ਹਿਰ ਓਲਿੰਪੀਆ ਦੇ ਖੰਡਰਾਂ ’ਚੋਂ ਜਗਾਈ ਮਸ਼ਾਲ ਟੋਕੀਓ ਪੁੱਜ ਗਈ ਹੈ। ਇਸ ਨਾਲ 32ਵੀਆਂ ਓਲੰਪਿਕ ਖੇਡਾਂ ਦੀ ਜੋਤ ਜਗਾਈ ਜਾਵੇਗੀ, ਜੋ ਖੇਡਾਂ ਦੌਰਾਨ 8 ਅਗਸਤ ਤਕ ਦਿਨ-ਰਾਤ ਜਗਦੀ ਰਹੇਗੀ। ਓਲੰਪਿਕ ਮਸ਼ਾਲ ਨੂੰ ਅਨੇਕਾਂ ਖਿਡਾਰੀ ਹੱਥੋ-ਹੱਥੀਂ ਓਲੰਪਿਕ ਖੇਡਾਂ ਦੇ ਸ਼ਹਿਰ ਲਿਆਉਂਦੇ ਹਨ। ਉਂਜ ਟੋਕੀਓ ਓਲੰਪਿਕ ਖੇਡਾਂ ਦੇ ਪ੍ਰਬੰਧਕਾਂ ਨੇ ਅਜੇ ਤੱਕ ਇਹ ਭੇਤ ਰੱਖਿਆ ਹੈ ਕਿ ਕਿਹੜਾ ਖਿਡਾਰੀ ਤੇ ਕਿਹੜੀ ਖਿਡਾਰਨ ਰਲ ਕੇ ਓਲਿੰਪੀਆ ਤੋਂ ਲਿਆਂਦੀ ਮਸ਼ਾਲ ਨਾਲ ਜੋਤ ਜਗਾਉਣਗੇ। ਖੇਡ ਜਗਤ ਦੀਆਂ ਨਜ਼ਰਾਂ ਟੋਕੀਓ ਦੇ ਸ਼ਾਨਦਾਰ ਨੈਸ਼ਨਲ ਸਟੇਡੀਅਮ ’ਤੇ ਟਿਕੀਆਂ ਰਹਿਣਗੀਆਂ ਜਿਸ ਦੇ ਨਜ਼ਾਰੇ ਟੀਵੀ ਚੈਨਲਾਂ ਰਾਹੀਂ ਵਿਸ਼ਵ ਭਰ ਵਿੱਚ ਵਿਖਾਏ ਜਾਣਗੇ। ਦੋ ਸੌ ਤੋਂ ਵੱਧ ਮੁਲਕਾਂ ਦੇ ਚੋਟੀ ਦੇ ਖਿਡਾਰੀ ਮਾਰਚ ਪਾਸਟ ਕਰਨਗੇ। ਟੋਕੀਓ ਦੇ ਸਮੇਂ ਅਨੁਸਾਰ ਉਦਘਾਟਨੀ ਸਮਾਰੋਹ ਅੱਧੀ ਰਾਤ ਨੂੰ ਸਮਾਪਤ ਹੋਵੇਗਾ।
ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਕੋਵਿਡ-19 ਕਰਕੇ ਕੌਮੀ ਸਟੇਡੀਅਮ ਵਿਚ ਦਰਸ਼ਕ ਮੌਜੂਦ ਨਹੀਂ ਹੋਣਗੇ। ਇਸ ਮੌਕੇ ਸਿਰਫ਼ ਖਿਡਾਰੀ, ਖੇਡ ਅਧਿਕਾਰੀ ਤੇ ਚੋਣਵੇਂ ਮਹਿਮਾਨ ਹੀ ਹਾਜ਼ਰ ਹੋਣਗੇ। ਉਂਜ ਸਟੇਡੀਅਮ ਦੀਆਂ ਬਾਹੀਆਂ ਤੇ ਆਲੇ ਦੁਆਲੇ 200 ਤੋਂ ਵੱਧ ਮੁਲਕਾਂ ਦੇ ਰੰਗ-ਬਿਰੰਗੇ ਕੌਮੀ ਝੰਡੇ ਲਹਿਰਾ ਰਹੇ ਹੋਣਗੇ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਉਦਘਾਟਨੀ ਸਮਾਗਮ ਵਾਲੀ ਥਾਂ ਤੇ ਖੇਡ ਪਿੰਡ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੁੱਖ ਸਮਾਗਮ ਦੌਰਾਨ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।

Real Estate