ਹਿਟਲਰ ਦੇ ਰਾਹ…

200

ਦੀ ਵਾਸ਼ਿੰਗਟਨ ਪੋਸਟ, ਦੀ ਗਾਰਡੀਅਨ ਸਣੇ ਦੁਨੀਆ ਭਰ ਦੀਆਂ 17 ਨਿਊਜ਼ ਵੈੱਬਸਾਈਟਾਂ ਨੇ ਬੀਤੇ ਐਤਵਾਰ ਇੰਕਸ਼ਾਫ਼ ਕੀਤਾ ਸੀ ਕਿ ਇਜ਼ਰਾਈਲ ਦੇ ਐੱਨ ਐੱਸ ਓ ਗਰੁੱਪ ਦੇ ਪੈਗਾਸਸ ਨਾਮੀ ਜਾਸੂਸੀ ਸਾਫ਼ਟਵੇਅਰ ਰਾਹੀਂ ਵੱਖ-ਵੱਖ 36 ਦੇਸ਼ਾਂ ਦੇ 1500 ਤੋਂ ਵੱਧ ਲੋਕਾਂ ਦੀ ਜਸੂਸੀ ਕੀਤੀ ਗਈ ਸੀ । ਇਨ੍ਹਾਂ ਵਿੱਚ ਪੱਤਰਕਾਰ, ਧਾਰਮਿਕ ਹਸਤੀਆਂ, ਸਿੱਖਿਆ ਸ਼ਾਸਤਰੀ, ਵਿਰੋਧੀ ਧਿਰ ਦੇ ਆਗੂ ਤੇ ਸਰਕਾਰੀ ਅਧਿਕਾਰੀ ਸ਼ਾਮਲ ਹਨ । ਕੁਝ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਕੈਬਨਿਟ ਮੰਤਰੀ ਵੀ ਸ਼ਾਮਲ ਹਨ । ਪਹਿਲੀ ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਇਨ੍ਹਾਂ ਵਿੱਚ ਭਾਰਤ ਦੇ 40 ਪੱਤਰਕਾਰ ਵੀ ਸ਼ਾਮਲ ਹਨ । ਹੁਣ ਇਹ ਲਿਸਟ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ । ‘ਦੀ ਵਾਇਰ’ ਦੀ ਤਾਜ਼ਾ ਰਿਪੋਰਟ ਅਨੁਸਾਰ ਜਸੂਸੀ ਕਰਨ ਵਾਲਿਆਂ ਦੇ ਨਿਸ਼ਾਨੇ ਉੱਤੇ ਰਾਹੁਲ ਗਾਂਧੀ, ਪ੍ਰਸ਼ਾਂਤ ਕਿਸ਼ੋਰ, ਅਭਿਸ਼ੇਕ ਬੈਨਰਜੀ (ਮਮਤਾ ਬੈਨਰਜੀ ਦਾ ਭਤੀਜਾ) ਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰਹੇ ਰੰਜਨ ਗੋਗੋਈ ਉੱਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਔਰਤ, ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਸਮੇਤ ਦੋ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਤੇ ਪ੍ਰਹਲਾਦ ਪਟੇਲ ਵੀ ਸਨ ।
ਇਸ ਜਾਸੂਸੀ ਕਾਂਡ ਦਾ ਪਰਦਾ ਫਾਸ਼ ਹੋਣ ਤੋਂ ਬਾਅਦ ਕਰੀਬ 50 ਸਾਲ ਪਹਿਲਾਂ ਅਮਰੀਕਾ ਵਿੱਚ ਵਾਪਰੇ ਵਾਟਰਗੇਟ ਸਕੈਂਡਲ ਦੀ ਯਾਦ ਤਾਜ਼ਾ ਹੋ ਗਈ ਹੈ । ਅਮਰੀਕਾ ਦੇ ਵੇਲੇ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਅਗਲੀ ਚੋਣ ਜਿੱਤਣ ਲਈ ਵਾਟਰਗੇਟ ਬਿਲਡਿੰਗ ਵਿਚਲੇ ਵਿਰੋਧੀ ਧਿਰ ਡੈਮੋਕਰੇਟਿਕ ਪਾਰਟੀ ਦੇ ਦਫ਼ਤਰ ਵਿੱਚ ਜਸੂਸੀ ਯੰਤਰ ਫਿੱਟ ਕਰਕੇ ਉਨ੍ਹਾਂ ਦੀ ਚੋਣ ਮੁਹਿੰਮ ਦੀ ਜਾਸੂਸੀ ਸ਼ੁਰੂ ਕਰ ਦਿੱਤੀ ਸੀ । ਕੁਝ ਖਰਾਬੀ ਆਉਣ ਉੱਤੇ ਇਨ੍ਹਾਂ ਯੰਤਰਾਂ ਦੀ ਮੁਰੰਮਤ ਕਰਨ ਗਈ ਟੀਮ ਨੂੰ ਪੁਲਸ ਨੇ ਰੰਗੇ ਹੱਥੀਂ ਫੜ ਕੇ ਇਸ ਕਾਂਡ ਨੂੰ ਬੇਨਕਾਬ ਕਰ ਦਿੱਤਾ ਸੀ । ਚੋਣ ਜਿੱਤ ਜਾਣ ਬਾਅਦ ਨਿਕਸਨ ਨੇ ਬਥੇਰੇ ਹੱਥਕੰਡੇ ਵਰਤੇ ਕਿ ਉਹ ਬਚ ਜਾਵੇ, ਪਰ ਤਾਕਤਵਰ ਮੀਡੀਏ, ਲੋਕਤੰਤਰ ਲਈ ਵਚਨਬੱਧ ਵਿਧਾਨ ਪਾਲਿਕਾ ਤੇ ਨਿਰਪੱਖ ਨਿਆਂ ਪਾਲਿਕਾ ਦੀਆਂ ਕੋਸ਼ਿਸ਼ਾਂ ਨੇ ਨਿਕਸਨ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਲਿਆ ਤੇ ਉਸ ਨੇ ਮਹਾਂਦੋਸ਼ ਤੋਂ ਡਰਦਿਆਂ ਅਸਤੀਫ਼ਾ ਦੇ ਦਿੱਤਾ ਸੀ ।
ਭਾਰਤ ਵਿੱਚ ਵਾਪਰਿਆ ਪੈਗਾਸਸ ਜਾਸੂਸੀ ਕਾਂਡ ਵਾਟਰਗੇਟ ਤੋਂ ਕਈ ਗੁਣਾਂ ਵੱਡਾ ਹੈ, ਜਿਸ ਅਧੀਨ ਹਰ ਵਿਰੋਧੀ ਦੀ ਹਰ ਹਰਕਤ ਉੱਤੇ ਨਜ਼ਰ ਰੱਖੀ ਗਈੇ । ਮੀਡੀਏ ਦਾ ਵੱਡਾ ਹਿੱਸਾ ਤਾਂ ਪਹਿਲਾਂ ਹੀ ਦਰਬਾਰੀ ਬਣ ਚੁੱਕਾ ਹੈ, ਜਿਹੜੇ ਗਿਣਤੀ ਦੇ ਪੱਤਰਕਾਰ ਆਪਣੇ ਪੇਸ਼ੇ ਦੀ ਪਵਿੱਤਰਤਾ ਉੱਤੇ ਪਹਿਰਾ ਦੇ ਰਹੇ ਸਨ, ਉਨ੍ਹਾਂ ਪਿੱਛੇ ਪੈਗਾਸਸ ਨਾਮੀ ਹਲਕਿਆ ਕੁੱਤਾ ਛੱਡ ਦਿੱਤਾ ਗਿਆ । ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਉਨ੍ਹਾ ਦੇ ਨਿੱਜੀ ਸਕੱਤਰ ਤੇ ਪੰਜ ਦੋਸਤਾਂ ਤੱਕ ਦੇ ਫੋਨਾਂ ਨੂੰ ਵੀ ਆਪਣੀ ਗਿ੍ਫ਼ਤ ਵਿੱਚ ਲੈ ਲਿਆ ਗਿਆ । ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੀ ਗਲਤੀ ਇਹ ਸੀ ਕਿ ਉਸ ਨੇ ਪ੍ਰਧਾਨ ਮੰਤਰੀ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਉੱਤੇ ਸੰਵਿਧਾਨਕ ਨਜ਼ਰੀਏ ਤੋਂ ਆਪਣੀ ਰਾਇ ਰੱਖੀ ਸੀ, ਉਸ ਪਿੱਛੇ ਵੀ ਪੈਗਾਸਸ ਲਾ ਦਿੱਤਾ ਗਿਆ ।
ਰਾਮ ਮੰਦਰ ਬਾਰੇ ਫ਼ੈਸਲਾ ਦੇਣ ਵਾਲੇ ਜਸਟਿਸ ਰੰਜਨ ਗੋਗੋਈ ਨੂੰ ਵੱਸ ਵਿੱਚ ਕਰਨ ਲਈ ਉਸ ਉੱਤੇ ਦੋਸ਼ ਲਾਉਣ ਵਾਲੀ ਔਰਤ ਨੂੰ ਪੈਗਾਸਸ ਨੇ ਫਾਹ ਲਿਆ । ਉਸ ਔਰਤ ਤੇ ਉਸ ਦੇ ਨੇੜਲੇ 11 ਲੋਕ ਵੀ ਪੈਗਾਸਸ ਦੀ ਮਾਰ ਹੇਠ ਰਹੇ । ਰੰਜਨ ਗੋਗੋਈ ਦੇ ‘ਸਿੱਧੇ ਰਾਹ’ ਆਉਣ ਤੋਂ ਬਾਅਦ ਔਰਤ ਵੱਲੋਂ ਲਾਏ ਦੋਸ਼ ਵੀ ਖ਼ਤਮ ਹੋ ਗਏ ਤੇ ਉਸ ਨੂੰ ਨੌਕਰੀ ਉੱਤੇ ਵੀ ਬਹਾਲ ਕਰ ਦਿੱਤਾ ਗਿਆ । ਤਾਨਾਸ਼ਾਹ ਕਿਸੇ ਦੇ ਸਕੇ ਨਹੀਂ ਹੁੰਦੇ । ਨਰਿੰਦਰ ਮੋਦੀ ਨੂੰ ਮੌਜੂਦਾ ਅਹੁਦੇ ਤੱਕ ਪੁਚਾਉਣ ਵਾਲੇ ਲਾਲ ਕਿ੍ਸ਼ਨ ਅਡਵਾਨੀ ਦੀ ਕੀ ਹਾਲਤ ਹੋਈ, ਸਭ ਜਾਣਦੇ ਹਨ । ਇਸ ਲਈ ਮੋਦੀ ਵੱਲੋਂ ਆਪਣੇ ਮੰਤਰੀਆਂ ਦੀ ਜਾਸੂਸੀ ਕਰਾਉਣ ਦੀ ਗੱਲ ਸਾਹਮਣੇ ਆਉਣੀ ਕੋਈ ਅਲੋਕਾਰੀ ਗੱਲ ਨਹੀਂ ਹੈ । ਆਉਣ ਵਾਲੇ ਸਮੇਂ ਵਿੱਚ ਇਸ ਲਿਸਟ ਵਿੱਚ ਕੌਣ-ਕੌਣ ਸ਼ਾਮਲ ਹੋਣਗੇ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਹ ਸਪੱਸ਼ਟ ਹੈ ਕਿ ਮੋਦੀ ਤੇ ਉਸ ਦੇ ਹਮਵਾਰੀ ਦੇਸ਼ ਅੰਦਰ ਲੋਕਤੰਤਰ ਨੂੰ ਬਰਬਾਦ ਕਰਨ ਲਈ ਹਰ ਹੀਲਾ ਵਰਤ ਰਹੇ ਹਨ ।
ਇਸ ਕਾਂਡ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਕਹਿ ਰਹੀ ਹੈ ਕਿ ਇਹ ਕੁਝ ਨਿਊਜ਼ ਵੈੱਬਸਾਈਟਾਂ ਵੱਲੋਂ ਦੇਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ । ਇਜ਼ਰਾਈਲ ਦੇ ਇਸ ਜਾਸੂਸੀ ਸਾਫਟਵੇਅਰ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਉਹ ਆਪਣੇ ਉਤਪਾਦ ਨੂੰ ਸਿਰਫ਼ ਸਰਕਾਰਾਂ ਰਾਹੀਂ ਵੇਚਦੀ ਹੈ । ਇਸ ਲਈ ਇਹ ਜਾਸੂਸੀ ਸਾਫਟਵੇਅਰ ਭਾਰਤ ਵਿੱਚ ਸਰਕਾਰ ਦੀ ਸਹਿਮਤੀ ਨਾਲ ਹੀ ਆਇਆ ਹੋਵੇਗਾ । ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਸ ਵੱਲੋਂ ਸਰਕਾਰਾਂ ਨੂੰ ਇਹ ਸਾਫਟਵੇਅਰ ਅੱਤਵਾਦ ਵਿਰੁੱਧ ਲੜਨ ਲਈ ਦਿੱਤਾ ਜਾਂਦਾ ਹੈ । ਸਰਕਾਰ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਇਸ ਜਾਸੂਸੀ ਉਪਕਰਣ ਰਾਹੀਂ ਜਿਨ੍ਹਾਂ ਲੋਕਾਂ ਦੇ ਫੋਨ ਹੈਕ ਕੀਤੇ ਗਏ, ਕੀ ਉਹ ਅੱਤਵਾਦੀ ਹਨ । ਆਪਣੀ ਸਾਰੀ ਜ਼ਿੰਦਗੀ ਲਾ ਦੇਣ ਵਾਲੇ ਸੁਧਾ ਭਾਰਦਵਾਜ, ਤੇਲਤੁੰਬੜੇ ਤੇ ਵਰਵਰਾ ਰਾਓ ਵਰਗੇ ਸਮਾਜਿਕ ਕਾਰਕੁਨ ਕੀ ਮੌਜੂਦਾ ਹਾਕਮਾਂ ਦੀ ਨਜ਼ਰ ਵਿੱਚ ਅੱਤਵਾਦੀ ਹਨ? ਇਹ ਸਰਕਾਰ ਹਿਟਲਰ ਦੇ ਕਦਮਾਂ ਉੱਤੇ ਚੱਲ ਰਹੀ ਹੈ ਤੇ ਗੋਬਲਜ਼ ਦੇ ਇਹ ਚੇਲੇ ਸੱਚ ਨੂੰ ਝੂਠ ਵਿੱਚ ਬਦਲ ਦੇਣ ਦੀ ਮੁਹਾਰਤ ਰੱਖਦੇ ਹਨ । ਇਸ ਦੇ ਨਾਲ ਇਹ ਵੀ ਸੱਚ ਹੈ ਕਿ ਭਾਰਤ ਵਿੱਚ ਲੋਕਤੰਤਰ ਮਜ਼ਬੂਤ ਨੀਹਾਂ ਉੱਤੇ ਖੜ੍ਹਾ ਹੈ । ਇਸ ਦੀਆਂ ਕੁਝ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ, ਪਰ ਇਸ ਦੀ ਮੁੱਖ ਬੁਨਿਆਦ ਉਹ ਲੱਖਾਂ ਜੁਝਾਰੂ ਲੋਕ ਹਨ, ਜਿਨ੍ਹਾਂ ਦੇ ਬਜ਼ੁਰਗਾਂ ਨੇ ਇਸ ਦੀ ਸਥਾਪਤੀ ਲਈ ਫਾਸੀਆਂ ਦੇ ਰੱਸੇ ਚੁੰਮੇ ਸਨ ।
ਚੰਦ ਫਤਿਹਪੁਰੀ

Real Estate