ਫੋਨ ਜਾਸੂਸੀ ਮਾਮਲਾ : ਭਾਜਪਾ ਆਗੂ ਨੇ ਮੰਨਿਆ ਉਨ੍ਹਾਂ ਕੋਲ ਕਾਲਾਂ ਦੀ ਰਿਕਾਰਡਿੰਗ ਹੈ !

160

ਪੱਛਮੀ ਬੰਗਾਲ ਅਸੰਬਲੀ ‘ਚ ਵਿਰੋਧੀ ਧਿਰ ਦੇ ਭਾਜਪਈ ਆਗੂ ਸੁਵੇਂਦੂ ਅਧਿਕਾਰੀ ਦੀ ਇਸ ਵੀਡੀਓ ਕਲਿੱਪ ਨੇ ਸਨਸਨੀ ਫੈਲਾ ਦਿੱਤੀ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਉਨ੍ਹਾ ਕੋਲ ਸਾਰੀਆਂ ਫੋਨ ਕਾਲਾਂ ਦਾ ਰਿਕਾਰਡ ਹੈ, ਜਿਹੜੀਆਂ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਦਫਤਰੋਂ ਕੀਤੀਆਂ ਗਈਆਂ । ਅਧਿਕਾਰੀ ਵੱਲੋਂ ਭਾਜਪਾ ਦੇ ਇਕ ਜਲਸੇ ਵਿਚ ਕੀਤੇ ਗਏ ਇਸ ਦਾਅਵੇ ਦੀ ਵੀਡੀਓ ਕਲਿੱਪ ਕੇਂਦਰ ਸਰਕਾਰ ‘ਤੇ ਇਜ਼ਰਾਈਲੀ ਜਾਸੂਸੀ ਤੰਤਰ ਪੈਗਾਸਸ ਵੱਲੋਂ ਆਪੋਜ਼ੀਸ਼ਨ ਆਗੂਆਂ, ਪੱਤਰਕਾਰਾਂ ਤੇ ਸਰਕਾਰੀ ਅਧਿਕਾਰੀਆਂ ਦੀ ਜਾਸੂਸੀ ਕਰਾਉਣ ਦੇ ਲੱਗ ਰਹੇ ਦੋਸ਼ਾਂ ਦਰਮਿਆਨ ਆਈ ਹੈ । ਹੁਕਮਰਾਨ ਤਿ੍ਣਮੂਲ ਕਾਂਗਰਸ ਨੇ ਸੰਸਦ ਵਿਚ ਦੋਸ਼ ਲਾਇਆ ਹੈ ਕਿ ਲੋਕ ਸਭਾ ਸਾਂਸਦ ਅਭਿਸ਼ੇਕ ਬੈਨਰਜੀ ਦੇ ਫੋਨ ਟੈਪ ਕੀਤੇ ਗਏ । 35 ਸਕਿੰਟ ਦੀ ਵੀਡੀਓ ਕਲਿੱਪ ਵਿਚ ਅਧਿਕਾਰੀ ਨੂੰ ਭੂਆ (ਮਮਤਾ) ਤੇ ਭਤੀਜੇ (ਅਭਿਸ਼ੇਕ) ਦਾ ਜ਼ਿਕਰ ਕਰਦਿਆਂ ਸੁਣਿਆ ਜਾ ਸਕਦਾ ਹੈ । ਦੱਸਿਆ ਜਾਂਦਾ ਹੈ ਕਿ ਅਧਿਕਾਰੀ ਨੇ ਹਾਲ ਹੀ ਵਿਚ ਇਕ ਜ਼ਿਲ੍ਹੇ ਵਿਚ ਭਾਜਪਾ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ-ਆਈ ਓ (ਪੜਤਾਲੀਆ ਅਫਸਰ), ਇੰਸਪੈਕਟਰ ਇੰਚਾਰਜ ਤੇ ਐੱਸ ਪੀ ਦੇ ਰੋਲ ਦੀ ਸੀ ਬੀ ਆਈ ਜਾਂਚ ਕਰੇਗੀ । ਫਿਰ ਸਮਝ ਆਵੇਗੀ ਕਿ ਕੋਈ ਭੂਆ ਨਹੀਂ ਬਚਾਅ ਸਕਦੀ । ਭਤੀਜੇ ਦੇ ਦਫਤਰ ਤੋਂ ਫੋਨ ਕੀਤੇ ਗਏ । ਮੇਰੇ ਕੋਲ ਸਾਰੇ ਫੋਨ ਨੰਬਰ ਤੇ ਕਾਲ ਰਿਕਾਰਡ ਹਨ । ਜੇ ਤੁਹਾਡੇ ਕੋਲ ਸੂਬਾ ਸਰਕਾਰ ਹੈ ਤਾਂ ਸਾਡੇ ਕੋਲ ਕੇਂਦਰ ਸਰਕਾਰ ਹੈ । ਸਥਾਨਕ ਅਖਬਾਰਾਂ ਮੁਤਾਬਕ ਅਧਿਕਾਰੀ ਨੇ ਇਹ ਬਿਆਨ ਸੋਮਵਾਰ ਪੂਰਬੀ ਮਿਦਨਾਪੁਰ ਜ਼ਿਲ੍ਹੇ ਵਿਚ ਸਥਾਨਕ ਪੁਲਸ ਅਫਸਰਾਂ ਬਾਰੇ ਗੱਲ ਕਰਦਿਆਂ ਦਿੱਤਾ ।
ਤਿ੍ਣਮੂਲ ਕਾਂਗਰਸ ਨੇ ਕਿਹਾ ਹੈ ਕਿ ਅਧਿਕਾਰੀ ਦੇ ਬਿਆਨ ਤੋਂ ਸਾਬਤ ਹੋ ਜਾਂਦਾ ਹੈ ਕਿ ਭਾਜਪਾ ਨੇ ਪੈਗਾਸਸ ਦੀ ਗੈਰਕਾਨੂੰਨੀ ਵਰਤੋਂ ਕੀਤੀ ।
ਪਾਰਟੀ ਦੇ ਜਨਰਲ ਸਕੱਤਰ ਕੁਨਾਲ ਘੋਸ਼ ਨੇ ਕਿਹਾ ਕਿ ਅਧਿਕਾਰੀ ਨੂੰ ਤੁਰੰਤ ਗਿ੍ਫਤਾਰ ਕਰਕੇ ਪੁੱਛਗਿਛ ਕੀਤੀ ਜਾਵੇ । ਉਸ ਨੇ ਸਾਬਤ ਕਰ ਦਿੱਤਾ ਹੈ ਕਿ ਪੈਗਾਸਸ ਨੂੰ ਅਭਿਸ਼ੇਕ ਬੈਨਰਜੀ ਸਣੇ ਕਈ ਲੋਕਾਂ ਦੀ ਜਾਸੂਸੀ ਲਈ ਵਰਤਿਆ ਗਿਆ ।
ਇਹ ਘਿਨਾਉਣਾ ਜੁਰਮ ਹੈ । ਕੇਂਦਰ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰ ਰਿਹਾ ਹੈ । ਅਧਿਕਾਰੀ ਮਮਤਾ ਬੈਨਰਜੀ ਦੇ ਬਹੁਤ ਕਰੀਬੀ ਹੁੰਦੇ ਸਨ, ਪਰ ਅਸੰਬਲੀ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ । ਉਨ੍ਹਾ ਪੂਰਬੀ ਮਿਦਨਾਪੁਰ ਦੀ ਨੰਦੀਗਰਾਮ ਸੀਟ ਤੋਂ ਮਮਤਾ ਬੈਨਰਜੀ ਨੂੰ ਹਰਾਇਆ ਹੈ ।

Real Estate