ਜਲ ਸੰਕਟ ਹੇਠ ਈਰਾਨ : ਪ੍ਰਦਰਸ਼ਨ ਦੌਰਾਨ ਪੁਲਸ ਨੇ ਚਲਾਈਆਂ ਗੋਲੀਆਂ

161

ਈਰਾਨ ਦੇ ਦੱਖਣ-ਪੱਛਮੀ ਹਿੱਸੇ ਵਿੱਚ ਪਾਣੀ ਦੀ ਕਮੀ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ । ਇਸੇ ਦੌਰਾਨ ਈਰਾਨ ਦੀ ਪੁਲਸ ਨੇ ਐਤਵਾਰ ਰਾਤ ਗੋਲੀਬਾਰੀ ਕਰ ਦਿੱਤੀ । ਈਰਾਨ ਦੇ ਖੁਜੇਸਤਾਨ ਸੂਬੇ ਵਿਚ ਪ੍ਰਦਰਸ਼ਨਾਂ ਦੇ ਕੇਂਦਰ ਰਹੇ ਸੂਸਨਗਰਟ ਵਿਚ ਗੋਲੀਆਂ ਚੱਲੀਆਂ, ਵੀਡੀਓ ਵਿਚ ਇਕ ਪੁਲਸ ਅਧਿਕਾਰੀ ਪਿਸਤੌਲ ਨਾਲ ਹਵਾ ਵਿਚ ਗੋਲੀਆਂ ਚਲਾਉਂਦਾ ਦਿਸ ਰਿਹਾ ਹੈ। ਦੰਗਾ ਵਿਰੋਧੀ ਪੁਲਸ ਕਰਮੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾ ਰਹੇ ਹਨ। ਖੁਜੇਸਤਾਨ ਵਿਚ ਅਰਬ ਭਾਈਚਾਰਾ ਰਹਿੰਦਾ ਹੈ ਅਤੇ ਉਹਨਾਂ ਦਾ ਦੋਸ਼ ਹੈ ਕਿ ਈਰਾਨ ਦੇ ਸ਼ੀਆ ਭਾਈਚਾਰੇ ਦੇ ਲੋਕ ਉਹਨਾਂ ਨਾਲ ਵਿਤਕਰਾ ਕਰਦੇ ਹਨ। ਸੂਬੇ ਦੇ ਡਿਪਟੀ ਗਵਰਨਰ ਨੇ ਐਤਵਾਰ ਨੂੰ ਇਹ ਗੱਲ ਸਵੀਕਾਰ ਕੀਤੀ ਕਿ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ। ਉਹਨਾਂ ਨੇ ਸਰਕਾਰੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਸ਼ਾਦੇਗਾਨ ਸ਼ਹਿਰ ਵਿਚ ਦੰਗਾ ਕਰਨ ਵਾਲਿਆਂ ਨੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਹੈ।
ਈਰਾਨ ਦੀ ਸਰਕਾਰ ਪ੍ਰਦਰਸ਼ਨਾਂ ਦੌਰਾਨ ਲੋਕਾਂ ਦੀ ਮੌਤ ਦਾ ਦੋਸ਼ ਪ੍ਰਦਰਸ਼ਨਕਾਰੀਆ ਨੂੰ ਹੀ ਦਿੰਦੀ ਰਹੀ ਹੈ। ਜਲ ਸੰਕਟ ਨੂੰ ਲੈ ਕੇ ਈਰਾਨ ਵਿਚ ਪਹਿਲਾਂ ਵੀ ਪ੍ਰਦਰਸਨ ਹੁੰਦੇ ਰਹੇ ਹਨ। ਅਧਿਕਾਰੀਆਂ ਮੁਤਾਬਕ ਇੱਥੇ ਗੰਭੀਰ ਸੋਕਾ ਪਿਆ ਹੈ ਅਤੇ ਕਈ ਹਫ਼ਤਿਆਂ ਤੋਂ ਜਲ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਕਰੀਬ 50 ਫੀਸਦੀ ਘੱਟ ਬਾਰਿਸ਼ ਹੋਈ, ਜਿਸ ਨਾਲ ਪੁਲਾਂ ਵਿਚ ਬਹੁਤ ਘੱਟ ਪਾਣੀ ਬਚਿਆ ਹੈ। ਈਰਾਨ ਵਿਚ ਪਾਣੀ ਦੀ ਕਮੀ ਨੂੰ ਲੈਕੇ ਪ੍ਰਦਰਸ਼ਨ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦੋਂ ਇੱਥੇ ਕੋਰੋਨਾ ਵਾਇਰਸ ਦੇ ਪ੍ਰਕੋਪ ਅਤੇ ਤੇਲ ਉਦਯੋਗ ਦੇ ਹਜ਼ਾਰਾਂ ਕਰਮਚਾਰੀਆਂ ਦੇ ਹੜਤਾਲ ‘ਤੇ ਜਾਣ ਤੋਂ ਪਹਿਲਾਂ ਹਾਲਾਤ ਖਰਾਬ ਹਨ।

Real Estate