ਸਿੱਧੂ ਨੂੰ ਰੋਕਣ ਲਈ ਨਹੀਂ ਚੱਲੀ ਕੈਪਟਨ ਦੀ ਕੋਈ ਰਣਨੀਤੀ ? ਹਾਲੇ ਤੱਕ ਕੈਪਟਨ ਦੀ ਸਿੱਧੂ ਨੂੰ ਨਹੀਂ ਆਈ ਵਧਾਈ !

64

ਕਾਂਗਰਸ ਹਾਈ ਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੂਬਾਈ ਪ੍ਰਧਾਨ ਐਲਾਨੇ ਜਾਣ ਮਗਰੋਂ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਥਾਪੇ ਜਾਣ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਆਸ ਕਰਦੇ ਹਾਂ ਕਿ ਨਵਜੋਤ ਸਿੱਧੂ ਹਾਈਕਮਾਨ ਵੱਲੋਂ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਹਾਈਕਮਾਨ ਵੱਲੋਂ ਜਤਾਏ ਗਏ ਭਰੋਸੇ ’ਤੇ ਖਰਾ ਉਤਰਨਗੇ। ਉਨ੍ਹਾਂ ਕਿਹਾ ਕਿ ਹੁਣ ਸਾਹਮਣੇ ਚੁਣੌਤੀਆਂ ਬਹੁਤ ਹਨ ਅਤੇ ਆਸ ਹੈ ਕਿ ਸਿੱਧੂ ਸਭਨਾਂ ਨੂੰ ਨਾਲ ਲੈ ਕੇ ਅੱਗੇ ਵਧਣਗੇ।
ਕਾਂਗਰਸ ਹਾਈਕਮਾਨ ਨੇ ਪੰਜਾਬ ਵਿਚ ਪਾਰਟੀ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਨੂੰ ਦਰਕਿਨਾਰ ਕਰਦਿਆਂ ਆਖ਼ਰਕਾਰ ਦੇਰ ਸ਼ਾਮ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਅਪੀਲ ਤੇ ਦਲੀਲ ਨੂੰ ਅਣਗੌਲਿਆਂ ਕਰਦਿਆਂ ਹਾਈਕਮਾਨ ਨੇ ਅੱਜ ਪੰਜਾਬ ਵਿਚ ਨਵਜੋਤ ਸਿੱਧੂ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਅੱਜ ਸੰਸਦ ਮੈਂਬਰਾਂ ਰਾਹੀਂ ਚੱਲਿਆ ਗਿਆ ਸਿਆਸੀ ਦਾਅ ਵੀ ਕੰਮ ਨਹੀਂ ਕਰ ਸਕਿਆ। ਨਵੇਂ ਪ੍ਰਧਾਨ ਦਾ ਐਲਾਨ ਹੋਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੋਮਵਾਰ ਨੂੰ ਸੱਦੀ ਵਿਧਾਇਕਾਂ ਦੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਹੈ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਏ।ਵੇਣੂਗੋਪਾਲ ਦੇ ਦਸਤਖ਼ਤਾਂ ਹੇਠ ਦੇਰ ਸ਼ਾਮ ਜਾਰੀ ਪੱਤਰ ਅਨੁਸਾਰ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ ਜਦੋਂ ਕਿ ਉਨ੍ਹਾਂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਵੀ ਲਗਾਏ ਗਏ ਹਨ ਜਿਨ੍ਹਾਂ ਵਿੱਚ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਸ਼ਾਮਲ ਹਨ।

Real Estate