ਸਿੱਧੂ ਦੀ ਪ੍ਰਧਾਨਗੀ ਦੀ ਤੇ ਕੈਪਟਨ ਦੇ ਅਸਤੀਫੇ ਦੀ ਉੱਡੀ ਖ਼ਬਰ, ਦੋਨੋ ਧੜਿਆਂ ਦਾ ਦੇਰ ਸ਼ਾਮ ਸਕਤੀ ਪ੍ਰਦਰਸ਼ਨ

265

ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕਾਂਗਰਸ ਦੋਫਾੜ ਹੋਣ ਦੀ ਕਗਾਰ ‘ਤੇ ਖੜੀ ਜਾਪਦੀ ਹੈ। ਜੇਕਰ ਕੈਪਟਨ ਖੇਮਾ ਸਿੱਧੂ ਦੀ ਤਾਜਪੋਸ਼ੀ ਨੂੰ ਰੋਕਣ ਲਈ ਹਾਈ ਕਮਾਨ ‘ਤੇ ਦਬਾਅ ਪਾਉਂਦਾ ਹੈ ਤਾਂ ਸਿੱਧੂ ਖੇਮਾ ਵੀ ਅਗਲੀ ਰਣਨੀਤੀ ਦੀ ਵੀ ਤਿਆਰੀ ਕਰ ਰਿਹਾ ਹੈ। ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿੱਚ 5 ਮੰਤਰੀਆਂ ਅਤੇ 10 ਦੇ ਕਰੀਬ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 39 ਵਿੱਚ ਸਥਿਤ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕੈਪਟਨ ਵਿਰੋਧੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਵਿੱਚ ਹੋਈ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਜ਼ਦੀਕੀ ਵਿਧਾਇਕਾਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਨਾਲ ਮੁਹਾਲੀ ਦੇ ਸਿਸਵਾ ਸਥਿਤ ਆਪਣੇ ਫਾਰਮ ਹਾਊਸ ਵਿਖੇ ਇੱਕ ਮੀਟਿੰਗ ਵੀ ਕੀਤੀ। ਮੁੱਖ ਮੰਤਰੀ ਨੇ ਇਹ ਮੀਟਿੰਗ ਸੁੰਦਰ ਸ਼ਿਆਮ ਅਰੋੜਾ, ਅਰੁਣਾ ਚੌਧਰੀ, ਗੁਰਜੀਤ ਔਜਲਾ, ਫਤਿਹ ਬਾਜਵਾ ਸਮੇਤ ਤਕਰੀਬਨ 25 ਵਿਧਾਇਕਾਂ ਨਾਲ ਕੀਤੀ। ਨਵਜੋਤ ਸਿੱਧੂ ਨੂੰ ਹਾਈ ਕਮਾਨ ਦਾ ਪ੍ਰਧਾਨ ਬਣਾਏ ਜਾਣ ਦੀਆਂ ਖ਼ਬਰਾਂ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਵੀਰਵਾਰ ਦੇਰ ਸ਼ਾਮ ਨੂੰ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੁੰ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ਦੇ ਸੰਭਾਵਿਤ ਫੈਸਲੇ ਤੋਂ ਬਾਅਦ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਹੈ। ਰਵੀਨ ਠੁਕਰਾਲ ਨੇ ਅਜਿਹੀਆਂ ਸਾਰੀਆਂ ਖ਼ਬਰਾਂ ਨੂੰ ਨਕਾਰਦਿਆਂ ਆਪਣੇ ਟਵੀਟ ਵਿਚ ਕਿਹਾ ਹੈ ਕਿ ਉਹਨਾਂ (ਮੁੱਖ ਮੰਤਰੀ) ਨੇ ਨਾ ਤਾਂ ਅਸਤੀਫਾ ਦਿੱਤਾ ਹੈ ਅਤੇ ਨਾ ਦੇਣਗੇ। ਸਗੋਂ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਵਾਂਗ 2022 ਵਿਚ ਵੀ ਪੰਜਾਬ ਕਾਂਗਰਸ ਦੀ ਸਫਲਤਾਪੂਰਵਕ ਅਗਵਾਈ ਕਰਦੇ ਹੋਏ ਪਾਰਟੀ ਨੂੰ ਵੱਡੀ ਜਿੱਤ ਦਿਲਾਉਣਗੇ। ਰਵੀਨ ਠੁਕਰਾਲ ਨੇ ਮੀਡੀਆ ਨੂੰ ਕਿਆਸ ਲਗਾਉਣ ਅਤੇ ਗਲਤ ਜਾਣਕਾਰੀ ਫੈਲਾਉਣ ਨੂੰ ਰੋਕਣ ਲਈ ਬੇਨਤੀ ਵੀ ਕੀਤੀ।

Real Estate