ਰਾਜਸਥਾਨ, ਯੂਪੀ ਅਤੇ ਮੱਧ ਪ੍ਰਦੇਸ਼ ਵਿੱਚ ਅਸਮਾਨੀ ਬਿਜਲੀ ਡਿੱਗਣ ਦਾ ਕਹਿਰ : 74 ਮੌਤਾਂ

135
ਜੈਪੁਰ ਦੇ 12 ਵੀਂ ਸਦੀ ਦੇ ਆਮੇਰ ਕਿਲ੍ਹੇ ਦੀ ਵਾਚਟਾਵਰ ਵਿਖੇ ਜਾਰੀ ਤਲਾਸ਼ੀ ਅਭਿਆਨ
ਜੈਪੁਰ ਦੇ 12 ਵੀਂ ਸਦੀ ਦੇ ਆਮੇਰ ਕਿਲ੍ਹੇ ਦੀ ਵਾਚਟਾਵਰ ਵਿਖੇ ਜਾਰੀ ਤਲਾਸ਼ੀ ਅਭਿਆਨ

ਰਾਜਸਥਾਨ, ਯੂਪੀ ਤੇ ਮੱਧ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ 74 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਜੈਪੁਰ ਦਾ 12ਵੀਂ ਸਦੀ ਦਾ ਇਤਿਹਾਸਕ ਆਮੇਰ ਕਿਲ੍ਹਾ ਵੇਖਣ ਆਏ 12 ਸੈਲਾਨੀ ਵੀ ਸ਼ਾਮਲ ਹਨ, ਜੋ ਵਾਚਟਾਵਰ ’ਤੇ ਸੈਲਫੀਆਂ ਲੈਂਦੇ ਅਸਮਾਨੀ ਬਿਜਲੀ ਦੀ ਮਾਰ ਹੇਠ ਆ ਗਏ । ਮ੍ਰਿਤਕਾਂ ਵਿੱਚੋਂ ਬਹੁਤੇ ਨੌਜਵਾਨ ਸਨ ਤੇ ਇਨ੍ਹਾਂ ਵਿੱਚ ਪੰਜਾਬ ਨਾਲ ਸਬੰਧਤ ਭੈਣ-ਭਰਾ ਵੀ ਸ਼ਾਮਲ ਹਨ। ਰਾਜਸਥਾਨ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਕੁਝ ਹੋਰਨਾਂ ਜ਼ਿਲ੍ਹਿਆਂ ’ਚ 10 ਮੌਤਾਂ ਹੋਣ ਦੀਆਂ ਰਿਪੋਰਟਾਂ ਹਨ। 41 ਦੇ ਅੰਕੜੇ ਨਾਲ ਸਭ ਤੋਂ ਵੱਧ ਮੌਤਾਂ ਯੂਪੀ ਦੇ 16 ਜ਼ਿਲ੍ਹਿਆਂ ਤੋਂ ਰਿਪੋਰਟ ਹੋਈਆਂ ਹਨ। ਉਧਰ ਮੱਧ ਪ੍ਰਦੇਸ਼ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਰ ਨਾਬਾਲਗਾਂ ਸਮੇਤ 11 ਲੋਕ ਮਾਰੇ ਗਏ ਹਨ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਗਾਂਦਰਬਲ ’ਚ ਵੀ ਬੱਦਲ ਫਟਿਆ ਹੈ।
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਵਿੱਚ ਅੱਜ ਬੱਦਲ ਫਟਣ ਕਰਕੇ ਨਦੀ ਨਾਲਿਆਂ ’ਚ ਸੈਲਾਬ ਆ ਗਿਆ। ਪਾਣੀ ਦਾ ਪੱਧਰ ਯੱਕਦਮ ਵਧਣ ਕਰਕੇ ਮੈਕਲੋਡਗੰਜ ਨੇੜੇ ਭਾਗਸੂਨਾਗ ਵਿੱਚ ਕਾਫ਼ੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ। ਹੜ੍ਹ ਦਾ ਪਾਣੀ ਸੜਕਾਂ ਕੰਢੇ ਖੜ੍ਹੀਆਂ ਕਾਰਾਂ ਤੇ ਹੋਰ ਵਾਹਨਾਂ ਨੂੰ ਆਪਣੇ ਨਾਲ ਰੋੜ ਕੇ ਲੈ ਗਿਆ ਤੇ ਘਰਾਂ ਤੇ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ। ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਮਗਰੋਂ ਕੌਮੀ ਆਫ਼ਤ ਰਿਸਪੌਂਸ ਫੋਰਸ (ਐੱਨਡੀਆਰਐੱਫ) ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ।
ਉਪਰਲੇ ਧਰਮਸ਼ਾਲਾ ਵਿੱਚ ਮੈਕਲੋਡਗੰਜ ਨਾਲ ਖਹਿੰਦੇ ਭਾਗਸੂਨਾਗ ਨੇੜਲੇ ਨਾਲੇ ਵਿੱਚ ਭਾਰੀ ਮੀਂਹ ਕਰਕੇ ਪਾਣੀ ਦੇ ਵਹਾਅ ਵੱਲੋਂ ਆਪਣੀ ਰਾਹ ਬਦਲਣ ਨਾਲ ਹੜ੍ਹ ਦਾ ਪਾਣੀ ਕਈ ਕਾਰਾਂ ਤੇ ਮੋਟਰਸਾਈਕਲਾਂ ਨੂੰ ਆਪਣੇ ਨਾਲ ਰੋੜ ਕੇ ਲੈ ਗਿਆ। ਭਾਗਸੂਨਾਗ ਵਿੱਚ ਸਰਕਾਰੀ ਸਕੂਲ ਦੀ ਇਮਾਰਤ ਨੂੰ ਵੀ ਨੁਕਸਾਨ ਪੁੱਜਾ ਤੇ ਨਾਲ ਲਗਦੇ ਹੋਟਲ ਜਲਥਲ ਹੋ ਗਏ। ੲੇਅਰਪੋਰਟ ਦੇ ਟਰੈਫਿਕ ਇੰਚਾਰਜ ਗੌਰਵ ਕੁਮਾਰ ਨੇ ਕਿਹਾ ਕਿ ਖਰਾਬ ਮੌਸਮ ਤੇ ਭਾਰੀ ਮੀਂਹ ਕਰਕੇ ਗੱਗਲ ਸਥਿਤ ਧਰਮਸ਼ਾਲਾ ਦੇ ਹਵਾਈ ਅੱਡੇ ’ਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹੜ੍ਹ ਕਰਕੇ ਮੰਡੀ-ਪਠਾਨਕੋਟ ਹਾਈਵੇਅ ’ਤੇ ਪੈਂਦੇ ਪੁਲ ਨੂੰ ਨੁਕਸਾਨ ਪੁੱਜਾ, ਜਿਸ ਕਰਕੇ ਦੋਵਾਂ ਪਾਸਿਓਂ ਆਵਾਜਾਈ ਨੂੰ ਰੋਕਣਾ ਪਿਆ। ਇਸ ਕਰਕੇ ਹਾਈਵੇਅ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਗੱਗਲ ਖੇਤਰ ਵਿੱਚ ਮੌਸਮੀ ਨਦੀ/ਨਾਲੇ ਨੇੜਲੇ ਤਿੰਨ ਘਰਾਂ ਤੇ ਪੰਜ ਦੁਕਾਨਾਂ ਨੂੰ ਪਾਣੀ ਦੇ ਤੇਜ਼ ਵਹਾਅ ਕਰਕੇ ਨੁਕਸਾਨ ਪੁੱਜਾ ਹੈ। ਡਿਪਟੀ ਕਮਿਸ਼ਨਰ ਡਾ।ਨਿਪੁਨ ਜਿੰਦਲ ਨੇ ਧਰਮਸ਼ਾਲਾ ਆਉਣ ਵਾਲੇ ਸਾਰੇ ਸੈਲਾਨੀਆਂ ਨੂੰ ਆਪਣੀ ਫੇਰੀ ਮੁਲਤਵੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸੈਲਾਨੀ ਧਰਮਸ਼ਾਲਾ ਤੇ ਨੇੜਲੀਆਂ ਥਾਵਾਂ ’ਤੇ ਆ ਚੁੱਕੇ ਹਨ, ਉਹ ਨਦੀਆਂ ਨਾਲਿਆਂ ਤੋਂ ਦੂਰ ਰਹਿਣ।

Real Estate