PK ਨੇ ਕੈਪਟਨ ਨੂੰ ਕਹਿ ਦਿੱਤਾ “ਇਸ ਵਾਰ ਪੰਜਾਬ ਵਿੱਚ ਚੋਣਾਂ ਜਿੱਤਣੀਆਂ ਅਸਾਨ ਨਹੀਂ”!

166

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਨਾਲ ਮਿਲਣੀ ਮਗਰੋਂ ਰਾਜਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਮੁਲਾਕਾਤ ਕੀਤੀ ਹੈ ਜਿਸ ਵਿਚ ਪੰਜਾਬ ਚੋਣਾਂ ਨੂੰ ਲੈ ਕੇ ਚਰਚਾ ਹੋਈ ਹੈ। ਖ਼ਬਰਾਂ ਹਨ ਕੇ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਜ਼ਾਰਤ ਵਿਚ ਰੱਦੋਬਦਲ ਦੀ ਤਿਆਰੀ ਕਰਨ ਲਈ ਆਖ ਦਿੱਤਾ ਹੈ। ਦਿੱਲੀ ਵਿਚ ਪ੍ਰਸ਼ਾਂਤ ਕਿਸ਼ੋਰ ਨਾਲ ਕਰੀਬ ਇੱਕ ਘੰਟਾ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਮੁਲਾਕਾਤ ਪਿੱਛੋਂ ਦੁਪਹਿਰ ਵੇਲੇ ਵਾਪਸ ਚੰਡੀਗੜ੍ਹ ਪਰਤੇ । ਮੁੱਖ ਮੰਤਰੀ ਨੇ ਹੁਣ ਮੁੜ ਪੰਜਾਬ ਚੋਣਾਂ ਜਿੱਤਣ ਲਈ ਪ੍ਰਸ਼ਾਂਤ ਕਿਸ਼ੋਰ ’ਤੇ ਟੇਕ ਲਾਈ ਹੈ।
ਖ਼ਬਰਾਂ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਾਫ਼ ਕਰ ਦਿੱਤਾ ਹੈ ਕਿ ਅਗਲੀਆਂ ਪੰਜਾਬ ਚੋਣਾਂ ਜਿੱਤਣਾ ਐਨਾ ਸੌਖਾ ਨਹੀਂ ਹੈ ਜਿਸ ਲਈ ਸਿਰ ਜੋੜ ਕੇ ਤਿਆਰੀ ਕਰਨੀ ਹੋਵੇਗੀ। ਪ੍ਰਸ਼ਾਂਤ ਕਿਸ਼ੋਰ ਨੇ ਨਸੀਹਤ ਦਿੱਤੀ ਹੈ ਕਿ ਪੰਜਾਬ ਸਰਕਾਰ ਪਹਿਲਾਂ ਰਾਜ ਦੇ ਲੋਕਾਂ ਨੂੰ ਕਾਰਗੁਜ਼ਾਰੀ ਦਿਖਾਵੇ।
ਪ੍ਰਸ਼ਾਂਤ ਕਿਸ਼ੋਰ ਦੀ ਟੀਮ ਪੰਜਾਬ ਵਿਚ ਕਈ ਹਫ਼ਤਿਆਂ ਤੋਂ ਕੰਮ ਕਰ ਰਹੀ ਹੈ ਅਤੇ ਇਸ ਟੀਮ ਵੱਲੋਂ ਹਫਤਾਵਾਰੀ ਰਿਪੋਰਟ ਪ੍ਰਸ਼ਾਂਤ ਕਿਸ਼ੋਰ ਨੂੰ ਦਿੱਤੀ ਜਾ ਰਹੀ ਹੈ। ਇਸੇ ਫੀਡਬੈਕ ਦੇ ਅਧਾਰ ’ਤੇ ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੁਝ ਕੌੜੀਆਂ ਗੱਲਾਂ ਵੀ ਕਹੀਆਂ ਹਨ। ਪ੍ਰਸ਼ਾਂਤ ਕਿਸ਼ੋਰ ਦੀ ਇਸ ਮਿਲਣੀ ਮੌਕੇ ਸੰਸਦ ਮੈਂਬਰ ਜਸਬੀਰ ਡਿੰਪਾ, ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਰਾਜ ਕੁਮਾਰ ਵੇਰਕਾ ਕਪੂਰਥਲਾ ਹਾਊਸ ਵਿਚ ਮੌਜੂਦ ਸਨ ਪਰ ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਨਾਲ ਇਕੱਲੇ ਮੀਟਿੰਗ ਕੀਤੀ।

Real Estate