ਬਠਿੰਡਾ, 7 ਜੁਲਾਈ, ਬੀ ਐਸ ਭੁੱਲਰ

ਮੁਲਕ ਨੂੰ ਦਰਪੇਸ਼ ਨਾਖੁਸ਼ਗਵਾਰ ਬਲਕਿ ਖ਼ਤਰਿਆਂ ਭਰੇ ਹਾਲਾਤਾਂ ਦੀ ਰੌਸ਼ਨੀ ਵਿੱਚ ਸਾਹਿਤ ਸਭਾਵਾਂ, ਰੰਗਕਰਮੀਆਂ, ਕਲਾਕਾਰਾਂ, ਸਮਾਜ ਸੇਵੀ ਬੁੱਧੀਜੀਵੀਆਂ ਲੇਖਕਾਂ ਦਾ ਸਾਂਝਾ ਮੰਚ ਉਸਾਰਨ ਦੇ ਮਨਸ਼ੇ ਵਜੋਂ ਅੱਜ ਸਥਾਨਕ ਟੀਚਰਜ਼ ਹੋਮ ਬਠਿੰਡਾ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਹੋਈ। ਜਿਸ ਵਿੱਚ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ, ਪੰਜਾਬੀ ਸਾਹਿਤ ਸਿਰਜਣਾ ਮੰਚ ਰਜਿ ਬਠਿੰਡਾ, ਸਾਹਿਤ ਜਾਗ੍ਰਿਤੀ ਸਭਾ ਬਠਿੰਡਾ, ਪੰਜਾਬੀ ਸੱਭਿਆਚਾਰ ਮੰਚ ਰਜਿ ਬਠਿੰਡਾ ਤੇ ਦਮਦਮਾ ਪੰਜਾਬੀ ਸਾਹਿਤ ਸਭਾ ਤਲਵੰਡੀ ਸਾਬੋ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਦੀ ਸੁਰੂਆਤ ਕਰਦਿਆਂ ਸ੍ਰੀ ਜਸਪਾਲ ਮਾਨਖੇੜਾ ਨਾਵਲਕਾਰ ਨੇ ਮੀਟਿੰਗ ਦੇ ਏਜੰਡੇ ਬਾਰੇ ਵਿਸਥਾਰ ਵਿੱਚ ਦਸਦਿਆਂ ਕਿਹਾ ਕਿ ਮੌਜੂਦਾ ਕਾਲੇ ਦੌਰ ਵਿੱਚ ਲੇਖਕਾਂ ਬੁੱਧੀਜੀਵੀਆਂ ਨੂੰ ਸਾਂਝੀਆਂ ਸਰਗਰਮੀਆਂ ਵਿੱਚ ਸਮੂਲੀਅਤ ਕਰਨ ਦੀ ਜਰੂਰਤ ਹੈ। ਕਹਾਣੀਕਾਰ ਅਤਰਜੀਤ ਨੇ ਸਾਹਿਤ ਅਤੇ ਕਲਾ ਦੀ ਭੂਮਿਕਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਅਸਲ ਸਾਹਿਤ ਅਤੇ ਕਲਾ ਉਹੀ ਹੁੰਦੀ ਹੈ ਜੋ ਜਿੰਦਗੀ ਦੀ ਤਰੱਕੀ ਲਈ ਸਿਰਜੀ ਜਾਂਦੀ ਹੈ। ਤਰੱਕੀ ਪਸੰਦ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਹੀ ਲੇਖਕ ਅਤੇ ਕਲਾਕਾਰ ਦਾ ਨਿਸ਼ਾਨਾ ਹੋਣਾ ਜਰੂਰੀ ਹੈ। ਭਾਜਪਾ ਦੀ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਬਹੁਲਤਾਵਾਦ ਦਾ ਗਲਾ ਘੁੱਟ ਕੇ ਵਿਚਾਰ ਪ੍ਰਗਟ ਕਰਨ ਤੇ ਪਾਬੰਦੀ ਲਾਉਂਦਿਆਂ ਵਿਰੋਧੀ ਸੁਰ ਨੂੰ ਜੇਲਾਂ ਵਿੱਚ ਡੱਕਿਆ ਹੋਇਆ ਹੈ, ਤਾਂ ਇਸ ਕਾਲੇ ਦੌਰ ਵਿੱਚ ਸਾਡਾ ਲੇਖਕਾਂ ਕਲਾਕਾਰ ਦਾ ਫ਼ਰਜ ਬਣਦਾ ਹੈ ਕਿ ਅਸੀਂ ਇਹਨਾਂ ਹਾਲਾਤਾਂ ਦੇ ਸਨਮੁੱਖ ਹੋਈਏ। ਬਜੁਰਗ ਸਮਾਜ ਸੇਵੀ ਫਾਦਰ ਸਟੇਨ ਸਵਾਮੀ ਨੂੰ ਜਿਵੇਂ ਹੱਕ ਸੱਚ ਦੀ ਆਵਾਜ਼ ਤੇ ਪਹਿਰੇਦਾਰੀ ਕਰਦਿਆਂ ਜੇਲ੍ਹ ਵਿੱਚ ਤਿਲ ਤਿਲ ਕਰਕੇ ਸ਼ਹੀਦ ਕੀਤਾ ਹੈ ਦੇ ਵਿਰੋਧ ਵਿੱਚ ਸਾਨੂੰ ਲਾਮਬੰਦ ਹੋਣਾ ਚਾਹੀਦਾ ਹੈ। ਪ੍ਰਿ: ਜਗਦੀਸ਼ ਸਿੰਘ ਘਈ ਹੁਰਾਂ ਸਾਹਿਤ ਸਭਾਵਾਂ ਦੀ ਭੂਮਿਕਾ ਅਤੇ ਸਾਂਝੇ ਮੰਚ ਦੀ ਉਸਾਰੀ ਬਾਰੇ ਸੁਝਾਅ ਰੱਖੇ।ਉਹਨਾਂ ਖੱਬੇ ਪੱਖੀ ਚਿੰਤਨ ਅਤੇ ਤਰੱਕੀ ਪਸੰਦ ਵਿਚਾਰਧਾਰਾ ਅਤੇ ਲਹਿਰਾਂ ਦੀ ਰੌਸਨੀ ਵਿੱਚ ਸਾਂਝਾ ਮੰਚ ਉਸਾਰਨ ਦੀ ਹਮਾਇਤ ਕੀਤੀ। ਸਾਰੇ ਹਾਜ਼ਰ ਪ੍ਰਤੀਨਿਧਾਂ ਨੇ ਇਸ ਕਾਰਜ ਦਾ ਸਮਰਥਨ ਕੀਤਾ। ਜਿਹਨਾਂ ਹੋਰ ਅਦਾਰਿਆਂ ਵੱਲੋਂ ਸਮਰਥਨ ਦਾ ਵਿਸਵਾਸ ਦਿਵਾਇਆ ਗਿਆ ਹੈ ਉਹਨਾਂ ਨਾਲ 10 ਜੁਲਾਈ ਨੂੰ ਮੁੜ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ। ਅੱਜ ਦੀ ਮੀਟਿੰਗ ਵਿੱਚ ਸਰਵ ਸ੍ਰੀ ਸੁਰਿੰਦਰਪ੍ਰੀਤ ਘਣੀਆ, ਅਮਰਜੀਤ ਜੀਤ, ਰਣਬੀਰ ਰਾਣਾ, ਰੇਬਤੀ ਪ੍ਰਸਾਦ, ਭੁਪਿੰਦਰ ਸੰਧੂ ਆਦਿ ਵੀ ਹਾਜ਼ਰ ਸਨ।

Real Estate