ਕੰਧਾਰ ਦੇ ਨੇੜੇ ਤੱਕ ਪੁੱਜਾ ਤਾਲਿਬਾਨ, ਅਮਰੀਕੀ ਫ਼ੌਜ ਦੇ ਸਮਾਨ ਤੇ ਵੀ ਕਬਜਾ ਕਰ ਰਹੇ ਤਾਲਿਬਾਨੀ

223

ਤਾਲਿਬਾਨ ਨੇ ਕਾਬੁਲ ਨੇੜਲੇ ਬਗਰਾਮ ਏਅਰ ਬੇਸ ਤੋਂ ਅਮਰੀਕੀ-ਇਤਿਹਾਦੀ ਫੌਜਾਂ ਦੇ ਨਿਕਲਣ ਦੇ ਦੋ ਦਿਨਾਂ ਬਾਅਦ ਕੰਧਾਰ ਦੇ ਦੱਖਣ ਵਿਚ ਪੈਂਦੇ ਰਣਨੀਤਕ ਜ਼ਿਲ੍ਹੇ ਪੰਜਵਾਈ ‘ਤੇ ਕਬਜ਼ਾ ਕਰ ਲਿਆ ਹੈ । ਕੰਧਾਰ ਸ਼ਹਿਰ ਨੇੜੇ ਹੋਣ ਕਰਕੇ ਇਸ ਜ਼ਿਲ੍ਹੇ ‘ਤੇ ਤਾਲਿਬਾਨ ਨੇ ਬਹੁਤ ਚਿਰ ਤੋਂ ਅੱਖ ਟਿਕਾਈ ਹੋਈ ਸੀ । ਰਿਪੋਰਟਾਂ ਹਨ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ 300 ਤੋਂ ਵੱਧ ਅਫਗਾਨ ਫੌਜੀ ਭੱਜ ਕੇ ਤਾਜਿਕਸਤਾਨ ਚਲੇ ਗਏ । ਅਮਰੀਕਾ ਵੱਲੋਂ ਸਤੰਬਰ ਤੱਕ ਅਫਗਾਨਿਸਤਾਨ ਵਿਚੋਂ ਫੌਜਾਂ ਕੱਢ ਲੈਣ ਦੇ ਐਲਾਨ ਤੋਂ ਬਾਅਦ ਤਾਲਿਬਾਨ ਨੇ ਹਮਲੇ ਤੇਜ਼ ਕਰਕੇ 421 ਵਿਚੋਂ ਕਰੀਬ 100 ਜ਼ਿਲ੍ਹੇ ਕਬਜ਼ੇ ਵਿਚ ਕਰ ਲਏ ਹਨ ।
ਅਫ਼ਗਾਨਿਸਤਾਨ ‘ਚ ਅੱਤਵਾਦ ਦੇ ਖ਼ਿਲਾਫ਼ ਜੰਗ ‘ਚ ਪਿਛਲੇ 20 ਸਾਲ ਤੋਂ ਉਲਝੀ ਅਮਰੀਕੀ ਫ਼ੌਜ ਤੇਜ਼ੀ ਨਾਲ ਆਪਣੇ ਵਤਨ ਵੱਲ ਵਾਪਸੀ ਕਰ ਰਹੀ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਸਹੂੰ ਚੁਕਣ ਦੇ ਦੋ ਮਹੀਨਿਆਂ ਦੇ ਅੰਦਰ ਹੀ 11 ਸਤੰਬਰ ਤੋਂ ਪਹਿਲਾਂ ਅਫ਼ਗ਼ਾਨਿਸਤਾਨ ‘ਚ ਮੌਜੂਦ ਅਮਰੀਕੀ ਫ਼ੌਜੀ ਆਪਣੇ ਅੱਡਿਆਂ ਨੂੰ ਖ਼ਾਲੀ ਕਰਨ ਦੇ ਦੌਰਾਨ ਜਲਦਬਾਜ਼ੀ ਦਿਖਾ ਰਹੇ ਹਨ। ਇਸੇ ਕਾਰਨ ਅਮਰੀਕੀ ਫ਼ੌਜ ਦੇ ਹਥਿਆਰ ਤੇ ਸਾਜੋ-ਸਾਮਾਨ ਅਫ਼ਗ਼ਾਨ ਫ਼ੌਜ ਨੂੰ ਮਿਲਣ ਦੀ ਬਜਾਏ ਤਾਲਿਬਾਨ ਦੇ ਹੱਥ ਵੀ ਆ ਰਹੇ ਹਨ।
ਫੋਰਬਸ ਦੀ ਇਕ ਰਿਪੋਰਟ ਮੁਤਾਬਕ ਪਿਛਲੇ ਇਕ ਮਹੀਨੇ ‘ਚ ਤਾਲਿਬਾਨ ਨੇ ਅਮਰੀਕੀ ਫ਼ੌਜ ਦੇ 700 ਟਰੱਕ ਤੇ ਬਖ਼ਤਰਬੰਦ ਗੱਡੀਆਂ ‘ਤੇ ਆਪਣਾ ਕਬਜ਼ਾ ਜਮਾ ਲਿਆ ਹੈ। ਇਨ੍ਹਾਂ ‘ਚ ਅਮਰੀਕੀ ਫੌਜ ਦੀ ਹਾਵੀਤਜਰ ਤੋਪ ਤੇ ਪ੍ਰਸਿੱਧ ਮਿਲਟ੍ਰੀ ਗੱਡੀ ਹਮਵੀਜ਼ ਵੀ ਸ਼ਾਮਲ ਹਨ। ਇਸ ਹੈਰਾਨ ਕਰਨ ਵਾਲੀ ਗਿਣਤੀ ਨਾਲ ਪਤਾ ਲਗਾਦਾ ਹੈ ਕਿ ਅਫ਼ਗਾਨਿਸਤਾਨ ਦੇ ਕਈ ਜ਼ਿਲਿਆਂ ‘ਚ ਬਿਨਾ ਕਿਸੇ ਲੜਾਈ ਦੇ ਹੀ ਸਰਕਾਰੀ ਫ਼ੌਜ ਦੀ ਹੋਂਦ ਲਗਭਗ ਖ਼ਤਮ ਹੋ ਗਈ ਹੈ।
ਅਮਰੀਕਾ ਨੇ ਅਫ਼ਗਾਨ ਫ਼ੌਜੀਆਂ ਨੂੰ ਇਨ੍ਹਾਂ ਹਥਿਆਰਾਂ ਨੂੰ ਵੇਚਣ ਜਾਂ ਦਾਨ ‘ਚ ਦੇਣ ਦੀ ਬਜਾਏ ਵੈਸੇ ਹੀ ਖੁੱਲ੍ਹਾ ਛੱਡ ਦਿੱਤਾ ਜਿਸ ਨਾਲ ਆਉਣ ਵਾਲੇ ਦਿਨਾਂ ‘ਚ ਤਾਲਿਬਾਨ ਦੇ ਹੋਰ ਮਜ਼ਬੂਤ ਹੋਣ ਦਾ ਡਰ ਹੈ। ਕਈ ਮਾਹਰਾਂ ਦੀ ਰਾਏ ਹੈ ਕਿ ਅਮਰੀਕੀ ਫ਼ੌਜ ਦੀ ਅਚਾਨਕ ਵਾਪਸੀ ਕਾਰਨ ਅਫ਼ਗਾਨਿਸਤਾਨ ਦੀ ਸਰਕਾਰ ਹੀ ਲਗਭਗ ਖ਼ਤਮ ਹੋ ਗਈ ਹੈ। ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਤਾਲਿਬਾਨ ਰਾਜਧਾਨੀ ਕਾਬੂਲ ‘ਤੇ ਵੀ ਕਬਜ਼ਾ ਕਰ ਸਕਦਾ ਹੈ।

Real Estate