ਮਰਦ-ਜਾਤ ਕੌਣ ਹੁੰਦੀ ਏ ਸਾਨੂੰ ਕ੍ਰੈਕਟਰ ਸਰਟੀਫਿਕੇਟ ਜਾਰੀ ਕਰਨ ਵਾਲ਼ੀ

481

ਬਲਜੀਤ ਖ਼ਾਨ
ਇਹ ਮਰਦ-ਜ਼ਾਤ ਕੌਣ ਹੁੰਦੀ ਏ ਸਾਨੂੰ ਕ੍ਰੈਕਟਰ ਸਰਟੀਫਿਕੇਟ ਜਾਰੀ ਕਰਨ ਵਾਲ਼ੀ, ਸਾਨੂੰ ਕੰਜਰੀ, ਰੰਡੀ ਕਹਿਣ ਵਾਲ਼ੀ ? ਇਹਨਾਂ ਦਾ ਦੋਗਲ਼ਾਪਣ ਦੇਖ ਲਵੋ, ਰਾਤ ਨੂੰ ਸਾਡੇ ਕੋਲ ਖੇਹ ਖਾ ਕੇ ਅਗਲੀ ਸਵੇਰ ਇਹ ਆਵਦੀਆਂ ਧੀਆਂ-ਭੈਣਾਂ ਨੂੰ ਸਾਡੇ ਪ੍ਰਛਾਵੇਂ ਤੋਂ ਬਚਾਉਂਦੇ ਫਿਰਦੇ ਨੇ! ਇੱਕ ਰਾਤ ਤਾਂ ਪਿਉ ਸਾਡੇ ਅੱਡੇ ‘ਤੇ ਧੱਕੇ ਖਾਂਦਾ ਜਾਂਦਾ ਏ ਤੇ ਆਉਂਦੀ ਰਾਤ ਪੁੱਤ ਆਣ ਖੜ੍ਹਦਾ ਏ! ਸਾਡੇ ‘ਚੋਂ ਕਈਆਂ ਨੇ ਜਗੀਰਦਾਰਾਂ ਦੇ ਧੀ-ਪੁੱਤ ਵੀ ਜੰਮੇ ਆ।
ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਮਰਦ ਈ ਨੀਂ ਮੰਨਦੀ, ਥੋੜ੍ਹੀ ਜਿਹੀ ਅੱਖ ਚੱਕ ਦੇਵਾਂ ਇਹਨਾਂ ਦੇ ਨਾਲ਼ੇ ਢਿੱਲੇ ਹੋ ਜਾਂਦੇ ਨੇ।
ਵੀਹ ਸਾਲ ‘ਚ ਮੈਂ ਤਾਂ ਇੱਕ ਈ ਮਰਦ ਦੇਖਿਆ ਏ! ਬੈਠਕ ਦਾ ਪੱਖਾ ਲੋਟ ਕਰਨ ਆਇਆ ਸੀ, ਉੱਚਾ-ਲੰਮਾ, ਸੁਨੱਖਾ ਜਵਾਨ ਸੀ, ਵੇਂਹਦਿਆਂ ਸਾਰ ਉਹਤੇ ਮੇਰਾ ਦਿਲ ਆ ਗਿਆ ਸੀ, ਮੈਂ ਜਾਣ ਲੱਗੇ ਦੀ ਬਾਂਹ ਫੜ੍ਹ ਲੀ ਸੀ ਪਰ ਉਹ ਕਹਿੰਦਾ,”ਮੁਹਤ੍ਰਮਾਂ, ਇਹ ਦਿਲ ਕਿਸੇ ਹੋਰ ਲਈ ਰਾਖਵਾਂ ਏ ਤੇ ਉਹਨੂੰ ਗੁਜਰਿਆਂ ਵੀ ਕਈ ਵਰ੍ਹੇ ਹੋ ਗਏ ਨੇ!” ਉਹਦੀ ਗੱਲ ਸੁਣਦਿਆਂ ਸਾਰ ਮੇਰਾ ਪਿੰਡਾ ਸੁੰਨ ਹੋ ਗਿਆ ਸੀ, ਬਾਂਹ ਛੁੱਟ ਗਈ ਸੀ ਤੇ ਦਿਲ ਸਦਾ ਲਈ ਉਹਦਾ ਮੁਰੀਦ ਹੋ ਗਿਆ ਸੀ। ਉਹਦੇ ਦੁਬਾਰਾ ਦਰਸ਼ਨਾਂ ਲਈ ਕਦੇ ਮੈਨੂੰ ਬੱਲਬ ਭੰਨਣੇ ਪਏ, ਤਾਰਾਂ ਸਾੜਨੀਆਂ ਪਈਆਂ ਜਾਂ ਫਰਿੱਜ ਖਰਾਬ ਹੋਣ ਦਾ ਬਹਾਨਾ ਲਾਉਣਾ ਪਿਆ।
ਦਰਅਸਲ ਮਰਦ ਤਾਂ ਉਹ ਏ ਜੋ ਆਪਣੀ ਨਫ਼ਸ ਦਾ ਗ਼ੁਲਾਮ ਨਹੀਂ।

Real Estate