ਅਕਾਲੀਆਂ ਨਾਲ ਸਾਂਝ ਮਗਰੋਂ ਬਸਪਾ ਨੇ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਨੂੰ ਪਾਰਟੀ ਵਿੱਚੋਂ ਕੱਢਿਆ

218

ਸ੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੂੰ ਹਾਲੇ ਥੋੜ੍ਹੇ ਹੀ ਦਿਨ ਹੋਏ ਹਨ ਕਿ ਬਸਪਾ ਨੇ ਆਪਣੇ ਸਾਬਕਾ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਸਤਖਤਾਂ ਹੇਠ ਜਾਰੀ ਕੀਤੇ ਬਿਆਨ ਵਿੱਚ ਰਛਪਾਲ ਸਿੰਘ ਰਾਜੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦਿਆ ਇਹ ਕਾਰਵਾਈ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਗੱਠਜੋੜ ਹੋਇਆ ਹੈ। ਬਸਪਾ ਦੇ ਹਿੱਸੇ ਆਈਆਂ ਸਿਰਫ਼ 20 ਸੀਟਾਂ ਕਾਰਨ ਦੋਆਬੇ ਵਿੱਚ ਪਾਰਟੀ ਦੇ ਵਰਕਰਾਂ ਵਿੱਚ ਨਾਰਾਜ਼ਗੀ ਹੈ। ਸਾਬਕਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਗੜ੍ਹਸ਼ੰਕਰ ਤੇ ਹੁਸ਼ਿਆਰਪੁਰ ਵਿਧਾਨ ਸਭਾ ਹਲਕਿਆਂ ਵਿੱਚ ਨਾਰਾਜ਼ ਬਸਪਾ ਵਰਕਰਾਂ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ। ਉਧਰ ਰਛਪਾਲ ਸਿੰਘ ਰਾਜੂ ਨੇ ਕਿਹਾ ਕਿ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੂੰ ਗਲਤ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਗੜ੍ਹਸ਼ੰਕਰ ਦੀ ਨਗਰ ਕੌਂਸਲ ਵਿੱਚ ਉਨ੍ਹਾਂ ਦੀ ਪਤਨੀ ਉਪ ਪ੍ਰਧਾਨ ਹੈ ਤੇ ਇੱਕ ਦਿਨ ਜ਼ਰੂਰੀ ਰੁਝੇਵੇਂ ਕਾਰਨ ਉਹ ਆਪਣੇ ਵਾਰਡ ਲਈ ਆਏ ਫੰਡ ਨਹੀਂ ਲੈਣ ਜਾ ਸਕੇ ਤਾਂ ਉਨ੍ਹਾਂ ਦੀ ਥਾਂ ’ਤੇ ਉਹ ਚਲੇ ਗਏ। ਉਥੇ ਕਾਂਗਰਸ ਦੇ ਸਾਬਕਾ ਵਿਧਾਇਕ ਗੋਲਡੀ ਵੀ ਆ ਗਏ। ਉਨ੍ਹਾਂ ਨਾਲ ਮੀਡੀਆ ਵਿੱਚ ਛਪੀਆਂ ਤਸਵੀਰਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਰਛਪਾਲ ਰਾਜੂ ਕਾਂਗਰਸ ਵਿੱਚ ਜਾ ਰਹੇ ਹਨ। ਰਛਪਾਲ ਸਿੰਘ ਰਾਜੂ ਨੇ ਕਿਹਾ ਕਿ ਉਹ ਬਸਪਾ ਦੇ ਵਫਦਾਰ ਸਿਪਾਹੀ ਹਨ ਤੇ ਬਾਬੂ ਕਾਂਸ਼ੀ ਰਾਮ ਦੀ ਵਿਚਾਰਧਾਰਾ ਨੂੰ ਲੈਕੇ ਚੱਲ ਰਹੇ ਹਨ ਤੇ ਚੱਲਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਵਿੱਚ ਬਸਪਾ ਦੀ 24000 ਵੋਟ ਹੈ ਤੇ ਇੱਥੋਂ ਦੇ ਵਰਕਰ ਚਹੁੰਦੇ ਸਨ ਕਿ ਇਹ ਸੀਟ ਬਸਪਾ ਨੂੰ ਮਿਲੇ।
ਲਖਨਊ ‘ਚ ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਵੱਲੋਂ ਕੀਤੀ ਮੀਟਿੰਗ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਜਿਹੜਾ ਅਕਾਲੀ ਦਲ ਨਾਲ ਗੱਠਜੋੜ ਹੋਇਆ ਹੈ ਉਸ ਵਿੱਚ ਬਸਪਾ ਦੇ ਹਿੱਸੇ ਆਉਂਦੀਆਂ 20 ਸੀਟਾਂ ਵਿੱਚੋਂ ਕੋਈ ਸੀਟ ਵੀ ਬਦਲੀ ਨਹੀਂ ਜਾਵੇਗੀ। ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਇਸ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ਼ ‘ਤੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਵਿੱਚ ਬਸਪਾ ਦੇ ਹਿੱਸੇ ਦੀਆਂ 20 ਅਤੇ ਅਕਾਲੀ ਦਲ ਦੇ ਹਿੱਸੇ ਦੀਆਂ 97 ਸੀਟਾਂ ਉਪਰ ਹੋਈ ਸਹਿਮਤੀ ਹੋਈ ਹੈ।ਇਸ ਵਿੱਚ ਕਿਸੇ ਵੀ ਤਰ੍ਹਾ ਦੀ ਫੇਰਬਦਲ ਬਾਰੇ ਚਰਚਾ ਜਾਂ ਗੱਲਬਾਤ ਨਹੀ ਹੋਵੇਗੀ। ਇਹ ਹਾਈਕਮਾਂਡ ਦੇ ਅੰਤਮ ਫੈਸਲਾ ਹੈ।

Real Estate