ਬੇਹੱਦ ਦੁਖਦ: ਆਬਾਂ ਦੇ ਦੇਸ਼ੋਂ ਆ… ਤੁਰ ਗਈ ਬਹੁਤ ਦੂਰ

201


ਔਕਲੈਂਡ ਵਿਖੇ 29 ਸਾਲਾ ਪੰਜਾਬੀ ਹੈਲਥ ਕੇਅਰ ਦੀ ਕੰਮ ਤੋਂ ਵਾਪਿਸ ਆਉਂਦੇ ਸਮੇਂ ਸੜਕੀ ਦੁਰਘਟਨਾ ’ਚ ਦੁੱਖ ਦਾਈ ਮੌਤ

ਹਰਜਿੰਦਰ ਸਿੰਘ ਬਸਿਆਲਾ – ਔਕਲੈਂਡ 25 ਜੂਨ, 2021: ਪੰਜਾਬ (ਆਬਾਂ ਦਾ ਦੇਸ਼) ਦੇ ਪਿੰਡਾਂ ਵਿਚ ਸੁਪਨਿਆਂ ਦੀ ਸਵਾਰੀ ਦੇ ਨਾਲ ਵਿਦੇਸ਼ ਪਰਤਦੀਆਂ ਧੀਆਂ ਦੀ ਜ਼ਿੰਦਗੀ ਆਪਣੀ ਕਾਬਲੀਅਤ ਨੂੰ ਸਾਬਿਤ ਕਰਨ ਬਾਅਦ ਅਤੇ ਮਣਾਂ-ਮੂੰਹੀ ਚੁਣੌਤੀਆਂ ਪਾਰ ਕਰਨ ਬਾਅਦ ਕਿਤੇ ਸਥਾਪਤੀ ਵੱਲ ਵਧਦੀ ਹੈ। ਕਦੇ ਵੀਜ਼ੇ ਅਤੇ ਕਦੇ ਪੱਕੀ ਰਿਹਾਇਸ਼ ਜ਼ਿੰਦਗੀ ਨੂੰ ਗੇੜਾ ਦੇਈ ਰੱਖਦੀ ਹੈ। ਇਸੇ ਤਰ੍ਹਾਂ ਦੇ ਸੁਪਨੇ ਲੈ ਕੇ ਅੰਮਿ੍ਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਅਨਾਇਤਪੁਰਾ ਦੀ ਪਲਵਿੰਦਰ ਕੌਰ (29) ਬੀਤੇ ਮੰਗਲਵਾਰ ਇਕ ਸੜਕੀ ਦੁਰਘਟਨਾ ਦੇ ਵਿਚ ਜਾਨ ਗਵਾ ਗਈ ਅਤੇ ਆਬਾਂ ਦੇ ਦੇਸ਼ੋਂ ਇਥੇ ਆ ਹੋਰ ਬਹੁਤ ਅੱਗੇ ਤੁਰ ਗਈ ਜਿੱਥੋਂ ਹੁਣ ਉਹ ਕਦੀ ਵਾਪਿਸ ਨਹੀਂ ਪਰਤ ਸਕੇਗੀ। ਬੇਹੱਦ ਦੁਖਦ ਘਟਨਾ ਦੇ ਅਨੁਸਾਰ ਉਹ ਮੰਗਲਵਾਰ ਦੇਰ ਰਾਤ ਇਕ ਹੈਲਥ ਕੇਅਰ ਸੈਂਟਰ ਤੋਂ 11 ਵਜੇ ਡਿਊਟੀ ਖ਼ਤਮ ਕਰਕੇ ਆਪਣੇ ਘਰ ਜਾ ਰਹੀ ਸੀ ਤਾਂ ਰਾਹ ’ਚ ਕਿਸੇ ਹੋਰ ਵਾਹਨ ਨੇ ਉਸਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ, ਉਸਨੂੰ ਹੈਲੀਕਾਪਟਰ ਰਾਹੀਂ ਆਕਲੈਂਡ ਹਸਪਤਾਲ ’ਚ ਲਿਆਂਦਾ ਗਿਆ, ਪਰ ਹਾਲਾਤ ਨਾਜ਼ੁਕ ਹੋਣ ਕਰਕੇ ਰਸਤੇ ’ਚ ਹੀ ਉਸਦੀ ਮੌਤ ਹੋ ਗਈ। ਉਸਦਾ ਮਿ੍ਰਤਕ ਸਰੀਰ ਪੋਸਟ-ਮਾਰਟਮ ਪਿੱਛੋਂ ਉਟਾਹੂਹੂ ਦੇ ਮਿ੍ਰਤਕ ਦੇਹ ਸੰਭਾਲ ਕੇਂਦਰ ’ਚ ਰੱਖ ਦਿੱਤਾ ਗਿਆ ਹੈ। ਇਹ ਕੁੜੀ 2019 ਦੇ ਵਿਚ ਇਥੇ ਪੜ੍ਹਨ ਆਈ ਸੀ ਤੇ ਰੋਟੋਰੂਆ ਵਿਖੇ ਪੜ੍ਹਾਈ ਪੂਰੀ ਕੀਤੀ। 2019 ਦੇ ਵਿਚ ਇਸਦਾ ਇਥੇ ਹੀ ਵਿਆਹ ਸ। ਹਰਮੀਤ ਸਿੰਘ ਪਿੰਡ ਫੁੱਲੇਆਲ (ਬਠਿੰਡਾ) ਨਾਲ ਹੋਇਆ ਸੀ। ਪਲਵਿੰਦਰ ਦੇ ਪਿਤਾ ਸ। ਰਣਜੀਤ ਸਿੰਘ ਅਤੇ ਮਾਤਾ ਦਾ ਨਾਂਅ ਜਗਦੀਸ਼ ਕੌਰ ਹੈ ਅਤੇ ਇਕ ਛੋਟਾ ਭਰਾ ਹੈ। ਜਿਸ ਰਾਤ ਇਹ ਘਟਨਾ ਹੋਈ ਉਸ ਦਿਨ ਉਸਦੀ ਡਿਊਟੀ ਨਹੀਂ ਸੀ ਅਤੇ ਕਿਸੀ ਹੋਰ ਦੀ ਸ਼ਿਫਟ ਕਰਨ ਗਈ ਸੀ, ਪਰ ਵਾਪਿਸ ਘਰ ਨਾ ਮੁੜ ਸਕੀ। ਕੁਝ ਸਮਾਂ ਉਡੀਕਣ ਬਾਅਦ ਬਾਅਦ ਉਸਦਾ ਪਤੀ ਵਾਪਿਸ ਜਾ ਕੇ ਵੇਖਣ ਲਈ ਨਿਕਲਿਆ ਅਤੇ ਪੁਲਿਸ ਨੂੰ ਫੋਨ ਕੀਤਾ ਤਾਂ ਉਸਨੂੰ ਇਸ ਘਟਨਾ ਬਾਰੇ ਪਤਾ ਲੱਗਾ।
ਪਲਵਿੰਦਰ ਕੌਰ ਦਾ ਪਰਿਵਾਰ ਚਾਹੁੰਦਾ ਹੈ ਕਿ ਉਸਦੀ ਲਾਸ਼ ਪਿੰਡ ਭੇਜ ਦਿੱਤੀ ਜਾਵੇ। ਜਿਸ ਕਰਕੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਮੱਦਦ ਵਾਸਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਲਿਆ ਹੈ ਅਤੇ ਲਾਸ਼ ਪੰਜਾਬ ਭੇਜੇ ਜਾਣ ਸਬੰਧੀ ਲੋੜੀਂਦੇ ਕਦਮ ਚੁੱਕ ਰਹੇ ਹਨ। ਪਲਵਿੰਦਰ ਕੌਰ ਸਾਲ 2019 ’ਚ ਸਟੱਡੀ ਵੀਜ਼ੇ ’ਤੇ ਨਿਊਜ਼ੀਲੈਂਡ ਆਈ ਸੀ ਅਤੇ ਇਨ੍ਹੀਂ ਦਿਨੀਂ ਵਰਕ ਵੀਜ਼ਾ ਉੱਪਰ ਮਿਹਨਤ ਕਰ ਰਹੀ ਸੀ। ‘ਮਾਪਿਆਂ ਦਾ ਪਰਛਾਵਾਂ’ ਬਣਦੀਆਂ ਧੀਆਂ ਦਾ ਇਸ ਤਰ੍ਹਾਂ ਤੁਰ ਜਾਣਾ ਵੱਡੇ-ਵੱਡੇ ਦਿਲਾਂ ਨੂੰ ਝੰਜੋੜਦਾ ਹੈ। ਵਾਹਿਗੁਰੂ ਉਸਨੂੰ ਸਦੀਵੀ ਸੁੱਖ ਅਤੇ ਪਰਿਵਾਰ ਨੂੰ ਹੌਂਸਲਾ ਬਖਸ਼ੇ। ਪੂਰੇ ਭਾਈਚਾਰੇ ਦੇ ਵਿਚ ਇਸ ਖਬਰ ਨੂੰ ਲੈ ਕੇ ਕਾਫੀ ਸੋਗ ਹੈ। ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵੀ ਗਹਿਰਾ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ।

Real Estate