ਇੱਕ MLA ਦੇ ਮੁੰਡੇ ਨੂੰ ਇੰਸਪੈਕਟਰ ਤੇ ਦੂਜੇ ਦੇ ਮੁੰਡੇ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਮਿਲੀ

254

ਪੰਜਾਬ ਕੈਬਨਿਟ ਨੇ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਹਰੀ ਝੰਡੀ ਦੇ ਦਿੱਤੀ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਨੌਕਰੀ ਦੇਣ ਮਗਰੋਂ ਇਹ ਦੂਸਰੀ ਵਾਰ ਹੈ ਜਦੋਂ ਮੰਤਰੀ ਮੰਡਲ ਨੇ ਵਿਸ਼ੇਸ਼ ਕੇਸ ਵਜੋਂ ਦੋ ਵਿਧਾਇਕਾਂ ਦੇ ਲੜਕਿਆਂ ਨੂੰ ਰੁਜ਼ਗਾਰ ਦਿੱਤਾ ਹੈ। ਕੈਬਨਿਟ ਨੇ ਇਨ੍ਹਾਂ ਕੇਸਾਂ ਵਿਚ ਨੌਕਰੀ ਦੇਣ ਲਈ ਕੰਪਨਸੇਸ਼ਨ ਪਾਲਿਸੀ 2002 ਤਹਿਤ ਵਿਸ਼ੇਸ਼ ਛੋਟ ਦਿੰਦਿਆਂ ਗਰੁੱਪ ਬੀ ਤਹਿਤ ਨੌਕਰੀ ਦਿੱਤੀ ਹੈ। ਮੰਤਰੀ ਮੰਡਲ ਨੇ ਅੱਜ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਅਰਜਨ ਪ੍ਰਤਾਪ ਸਿੰਘ ਬਾਜਵਾ ਨੂੰ ਪੁਲੀਸ ਇੰਸਪੈਕਟਰ ਅਤੇ ਹਲਕਾ ਲੁਧਿਆਣਾ (ਉੱਤਰੀ) ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਲਗਾਏ ਜਾਣ ਦਾ ਫੈਸਲਾ ਲਿਆ ਹੈ। ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵੱਲੋਂ 2017 ’ਚ ਚੋਣਾਂ ਸਮੇਂ ਦਿੱਤੇ ਜਾਇਦਾਦ ਬਾਬਤ ਹਲਫ਼ੀਆ ਬਿਆਨ ’ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਕੋਲ ਕੁੱਲ 33.35 ਕਰੋੜ ਰੁਪਏ ਦੀ ਚੱਲ-ਅਚੱਲ ਸੰਪਤੀ ਹੈ ਅਤੇ ਉਨ੍ਹਾਂ ਕੋਲ ਬੀਐੱਮਡਬਲਿਊ, ਲੈਂਡ ਕਰੂਜ਼ਰ ਤੇ ਇਨੋਵਾ ਗੱਡੀਆਂ ਵੀ ਹਨ। ਉਨ੍ਹਾਂ ਕੋਲ ਸਾਲ 2007 ਵਿਚ 17.71 ਕਰੋੜ ਦੀ ਸੰਪਤੀ ਸੀ। ਫਤਹਿਜੰਗ ਸਿੰਘ ਦੇ ਪਿਤਾ ਸਤਨਾਮ ਸਿੰਘ ਬਾਜਵਾ ਖਾੜਕੂਆਂ ਹੱਥੋਂ ਮਾਰੇ ਗਏ ਸਨ। ਮੰਤਰੀ ਮੰਡਲ ਨੇ ਘਟਨਾਵਾਂ ਵਾਪਰਨ ਦੇ ਕਈ ਦਹਾਕਿਆਂ ਮਗਰੋਂ ਤਰਸ ਦੇ ਆਧਾਰ ’ਤੇ ਇਹ ਦੋ ਨੌਕਰੀਆਂ ਦਿੱਤੀਆਂ ਹਨ। ਲੁਧਿਆਣਾ (ਉੱਤਰੀ) ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪਿਤਾ ਜੋਗਿੰਦਰਪਾਲ ਪਾਂਡੇ ਵੀ ਖਾੜਕੂਆਂ ਹੱਥੋਂ ਮਾਰੇ ਗਏ ਸਨ। ਵਿਧਾਇਕ ਪਾਂਡੇ ਵੱਲੋਂ ਚੋਣਾਂ ਮੌਕੇ ਦਿੱਤੇ ਹਲਫੀਆ ਬਿਆਨ ਅਨੁਸਾਰ ਪਾਂਡੇ ਪਰਿਵਾਰ ਕੋਲ 3.26 ਕਰੋੜ ਦੀ ਜਾਇਦਾਦ ਹੈ ਅਤੇ ਉਨ੍ਹਾਂ ਕੋਲ ਚਾਰ ਗੱਡੀਆਂ ਵੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਮੇਂ-ਸਮੇਂ ’ਤੇ ਅਜਿਹੇ ਕੁਰਬਾਨੀ ਵਾਲੇ ਪਰਿਵਾਰਾਂ ਦੇ ਕੇਸਾਂ ’ਤੇ ਵਿਚਾਰ ਕੀਤਾ ਜਾਂਦਾ ਰਹੇਗਾ।
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਆਪਣੇ ਭਤੀਜੇ ਨੂੰ ਨੌਕਰੀ ਦੇਣ ਬਾਰੇ ਕੋਈ ਸਿਫਾਰਸ਼ ਨਹੀਂ ਕੀਤੀ ਸੀ ਅਤੇ ਇਸ ਬਾਰੇ ਅਮਰਿੰਦਰ ਸਿੰਘ ਜਾਂ ਫਤਹਿਜੰਗ ਸਿੰਘ ਬਾਜਵਾ ਹੀ ਖੁਦ ਜਾਣਦੇ ਹਨ। ਉਨ੍ਹਾਂ ਦੀ ਇਸ ਫ਼ੈਸਲੇ ’ਚ ਆਪਣੀ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ।

Real Estate