ਟੈਕਸਾਸ ਵਿੱਚ ਕਾਰ ਹਾਦਸੇ ਤੋਂ ਬਾਅਦ ਹੋਇਆ 3 ਮਿਲੀਅਨ ਡਾਲਰ ਤੋਂ ਵੱਧ ਦੀ ਕੋਕੀਨ ਦਾ ਪ੍ਰਦਾਫਾਸ਼

254

ਗੁਰਿੰਦਰਜੀਤ ਨੀਟਾ ਮਾਛੀਕੇ,ਫਰਿਜ਼ਨੋ (ਕੈਲੀਫੋਰਨੀਆ), 4 ਜੂਨ 2021 : ਅਮਰੀਕਾ ਵਿੱਚ ਪੁਲਿਸ ਦੁਆਰਾ ਦੋ ਵਾਹਨਾਂ ਵਿਚਕਾਰ ਹੋਈ ਟੱਕਰ ਤੋਂ ਬਾਅਦ ਲੱਖਾਂ ਡਾਲਰ ਦੀ ਕੋਕੀਨ ਜਬਤ ਕੀਤੀ ਗਈ ਹੈ। ਇਹ ਘਟਨਾ ਸਾਊਥ ਟੈਕਸਾਸ ਵਿੱਚ ਮੈਮੋਰੀਅਲ ਡੇਅ ਦੌਰਾਨ ਵਾਪਰੀ ਹੈ । ਇਸ ਸਬੰਧੀ ਪੁਲਿਸ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਤੋਂ ਬਾਅਦ 30ਲੱਖ ਡਾਲਰ ਤੋਂ ਵੱਧ ਦੇ ਨਸ਼ੇ ਦੇ ਕਬਜ਼ੇ ਵਿੱਚ ਲੈ ਲਏ ਗਏ ਹਨ। ਟੈਕਸਾਸ ਡਿਪਾਰਟਮੈਂਟ ਆਫ ਸੇਫਟੀ ਦੇ ਅਨੁਸਾਰ ਇਸ ਹਾਦਸੇ ਵਿੱਚ ਸ਼ਾਮਲ ਇੱਕ ਬੀ ਐਮ ਡਬਲਯੂ ਕਾਰ ਦੀ ਡਿੱਗੀ ਵਿੱਚੋਂ ਕੋਕੀਨ ਦੇ ਸੱਤਰ ਬੰਡਲ ਤਿੰਨ ਬੈਗਾਂ ਵਿੱਚੋਂ ਬਰਾਮਦ ਕੀਤੇ ਗਏ ਹਨ। ਨਸ਼ਿਆਂ ਦੀ ਇਹ ਖੇਪ ਰੀਓ ਗ੍ਰਾਂਡੇ ਸਿਟੀ ਦੇ ਪੱਛਮ ਵਿੱਚ ਇੱਕ ਹਾਦਸੇ ਤੋਂ ਬਾਅਦ ਪ੍ਰਾਪਤ ਹੋਈ ਹੈ। ਇਹਨਾਂ ਨਸ਼ਿਆਂ ਦੀ ਕੀਮਤ 3.3 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ ਅਤੇ ਬੈਗਾਂ ਦਾ ਭਾਰ 180 ਪੌਂਡ ਸੀ। ਬੀ ਐਮ ਡਬਲਯੂ ਦਾ ਡਰਾਈਵਰ ਨੂੰ ਨਸ਼ਿਆਂ ਦੇ ਕਬਜ਼ੇ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਅਨੁਸਾਰ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਇਹ ਅਜੇ ਅਸਪਸ਼ਟ ਹੈ ਕਿ ਸੋਮਵਾਰ ਨੂੰ ਜ਼ਬਤ ਕੀਤੀਆਂ ਗਈਆਂ ਇਹ ਨਸ਼ੀਲੀਆਂ ਦਵਾਈਆਂ ਕਿੱਥੋਂ ਆਈਆਂ ਸਨ। ਇਸ ਮਾਮਲੇ ਦੀ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ।

Real Estate