ਫਲੋਰਿਡਾ ਵਿੱਚ 12 ਅਤੇ 14 ਸਾਲਾਂ ਬੱਚਿਆਂ ਨੇ ਕੀਤੀ ਪੁਲਿਸ ‘ਤੇ ਗੋਲੀਬਾਰੀ

145

ਗੁਰਿੰਦਰਜੀਤ ਨੀਟਾ ਮਾਛੀਕੇ,ਫਰਿਜ਼ਨੋ (ਕੈਲੀਫੋਰਨੀਆ), 3 ਜੂਨ 2021 : ਫਲੋਰਿਡਾ ਵਿੱਚ ਇੱਕ ਘਰ ਵਿੱਚ ਲੁਕ ਕੇ ਬੈਠੇ 12 ਅਤੇ 14 ਸਾਲ ਦੇ ਬੱਚਿਆਂ ਵੱਲੋਂ ਖਤਰਨਾਕ ਹਥਿਆਰਾਂ ਨਾਲ ਪੁਲਿਸ ‘ਤੇ ਗੋਲੀਬਾਰੀ ਕੀਤੀ ਗਈ ਹੈ। ਇਹਨਾਂ ਦੋਵੇਂ ਬੱਚਿਆਂ ਵਿੱਚ ਇੱਕ 12 ਸਾਲਾਂ ਲੜਕਾ ਅਤੇ ,14 ਸਾਲਾਂ ਲੜਕੀ ਸੀ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਇਸ 14 ਸਾਲਾਂ ਲੜਕੀ ਦੇ ਗੋਲੀਬਾਰੀ ਵਿੱਚ ਗੰਭੀਰ ਸੱਟ ਲੱਗੀ ਹੈ ।
ਪੁਲਿਸ ਅਨੁਸਾਰ ਇਹ ਦੋਵੇਂ ਬੱਚੇ, ਜੋ ਕਥਿਤ ਤੌਰ ‘ਤੇ ਘੰਟਿਆਂ ਪਹਿਲਾਂ ਇੱਕ ਗਰੁੱਪ ਹੋਮ ਤੋਂ ਭੱਜ ਗਏ ਸਨ, ਮੰਗਲਵਾਰ ਰਾਤ ਨੂੰ ਇੱਕ ਖਾਲੀ ਘਰ ਵਿੱਚ ਦਾਖਲ ਹੋ ਗਏ ਸਨ । ਜਿੱਥੇ ਕਿ ਘਰ ਦੇ ਮਾਲਕ ਅਨੁਸਾਰ ਇੱਕ ਏ ਕੇ 47, ਇੱਕ ਹੈਂਡਗਨ, ਇੱਕ ਸ਼ਾਟ ਗਨ ਅਤੇ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਮੌਜੂਦ ਸੀ। 12 ਸਾਲਾ ਲੜਕੇ ਨੇ ਘਰ ਦੇ ਕਮਰੇ ਵਿੱਚ ਏ ਕੇ 47 ਬੰਦੂਕ ਅਤੇ ਦੋ ਲੋਡ ਕੀਤੇ ਮੈਗਜ਼ੀਨ ਲੈ ਲਏ ਸਨ। ਵੁਲਸੀਆ ਪੁਲਿਸ ਦੁਆਰਾ ਜੁਵੇਲਾਈਨ ਹੋਮ ਵਿੱਚੋਂ ਲਾਪਤਾ ਹੋਣ ਕਾਰਨ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਇਸੇ ਦੌਰਾਨ ਅਧਿਕਾਰੀਆਂ ਨੇ ਘਰ
ਨੂੰ ਘੇਰਿਆ ਅਤੇ ਬੱਚਿਆਂ ਨੂੰ ਸ਼ਾਂਤਮਈ ਢੰਗ ਨਾਲ ਬਾਹਰ ਆਉਣ ਲਈ ਕਿਹਾ ਪਰ ਬੱਚਿਆਂ ਨੇ ਘਰ ਵਿੱਚੋਂ ਲਈਆਂ ਬੰਦੂਕਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਵੁਲਸੀਆ ਕਾਉਂਟੀ ਸ਼ੈਰਿਫ ਮਾਈਕ ਚਿਟਵੁੱਡ ਅਨੁਸਾਰ ਬੱਚਿਆਂ ਨੇ ਕਈ ਥਾਵਾਂ ਤੋਂ ਫਾਇਰਿੰਗ ਕੀਤੀ ਅਤੇ ਲੜਕੀ ਨੇ ਇੱਕ ਸਾਰਜੈਂਟ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਿਸ ਨੇ ਬੱਚਿਆਂ ਨਾਲ ਗੱਲਬਾਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਰਹੀ। ਲੱਗਭਗ 30 ਮਿੰਟਾਂ ਤੱਕ ਪੁਲਿਸ ‘ਤੇ ਫਾਇਰਿੰਗ ਕਰਨ ਤੋਂ ਬਾਅਦ, 14 ਸਾਲਾਂ ਲੜਕੀ ਘਰ ਤੋਂ ਬਾਹਰ ਆਈ ਅਤੇ ਕਥਿਤ ਤੌਰ ‘ਤੇ ਦੋ ਵਾਰ ਅਧਿਕਾਰੀਆਂ ‘ਤੇ ਬੰਦੂਕ ਤਾਣੀ। ਇਸੇ ਦੌਰਾਨ ਉਸ ਨੂੰ ਇੱਕ ਡਿਪਟੀ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ, ਜੋ ਕਿ ਹੁਣ ਜੇਰੇ ਇਲਾਜ ਹੈ। ਇਸ ਗੋਲੀਬਾਰੀ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਜਖਮੀ ਨਹੀਂ ਹੋਇਆ। ਪੁਲਿਸ ਅਨੁਸਾਰ ਦੋਵਾਂ ਬੱਚਿਆਂ ਉੱਤੇ ਪਹਿਲੀ-ਡਿਗਰੀ ਕਤਲ ਦੀ ਕੋਸ਼ਿਸ਼ ਅਤੇ ਹਥਿਆਰਬੰਦ ਚੋਰੀ ਦੇ ਦੋਸ਼ ਲਗਾਏ ਗਏ ਹਨ। ਫਲੋਰਿਡਾ ਯੂਨਾਈਟਿਡ ਮੈਥੋਡਿਸਟ ਚਿਲਡਰਨਜ਼ ਹੋਮ ਦੇ ਪ੍ਰਧਾਨ ਅਤੇ ਸੀ ਈ ਓ ਕਿਟਵਾਨਾ ਮੈਕਟੇਅਰ ਨੇ ਇਸ ਘਟਨਾ ਨੂੰ ਦੁਖਦਾਈ ਦੱਸਿਆ ਹੈ। ਮੈਕਟੇਅਰ ਨੇ ਕਿਹਾ ਕਿ ਦੋਵੇਂ ਬੱਚੇ ਘਰ ਦੇ ਐਮਰਜੈਂਸੀ ਪਨਾਹ ਦੇਖਭਾਲ ਪ੍ਰੋਗਰਾਮ ਵਿੱਚ ਸਨ, ਜੋ ਇਸ ਸਮੇਂ ਤਿੰਨ ਬੱਚਿਆਂ ਦੀ ਸੇਵਾ ਕਰ ਰਿਹਾ ਹੈ।

Real Estate