ਟੈਕਸਾਸ ਦੇ ਗਵਰਨਰ ਗਰੇਗ ਅਬੋਟ ਨੇ ਸਰਹੱਦੀ ਸੰਕਟ ਨੂੰ ਸਟੇਟ ਲਈ ਦੱਸਿਆ ਮਾਰੂ

119

ਗੁਰਿੰਦਰਜੀਤ ਨੀਟਾ ਮਾਛੀਕੇ,ਫਰਿਜ਼ਨੋ (ਕੈਲੀਫੋਰਨੀਆ), 2 ਜੂਨ 2021 : ਟੈਕਸਾਸ ਦੇ ਰਿਪਬਲਿਕਨ ਗਵਰਨ ਗਰੇਗ ਅਬੋਟ ਨੇ ਮੰਗਲਵਾਰ ਨੂੰ ਮੈਕਸੀਕੋ ਨਾਲ ਲੱਗਦੀ ਸੂਬੇ ਦੀ ਸਰਹੱਦ ਦੇ ਨਜ਼ਦੀਕ 34 ਕਾਉਟੀਜ਼ ਲਈ ਤਬਾਹੀ ਦਾ ਐਲਾਨ ਜਾਰੀ ਕੀਤਾ ਹੈ। ਇਸ ਐਲਾਨ ਵਿੱਚ ਅਬੋਟ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਈਡੇਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੇ ਟੈਕਸਾਸ ਵਿੱਚ ਨਸ਼ਿਆਂ ਅਤੇ ਗਿਰੋਹ ਦੇ ਮੈਂਬਰਾਂ ਦੇ ਹੜ੍ਹ ਨੂੰ ਇਜਾਜ਼ਤ ਦੇ ਦਿੱਤੀ ਹੈ। ਅਬੋਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਦੀ ਖੁੱਲੀ-ਸਰਹੱਦ ਦੀਆਂ ਨੀਤੀਆਂ ਨੇ ਖਤਰਨਾਕ ਗੈਂਗਾਂ, ਮਨੁੱਖੀ ਤਸਕਰਾਂ ਅਤੇ ਫੈਂਟਨੈਲ ਵਰਗੇ ਨਸ਼ਿਆਂ ਦਾ ਸਟੇਟ ਦੀਆਂ ਕਮਿਊਨਿਟੀਆਂ ਵਿੱਚ ਦਾਖਲਾ ਹੋਣ ਦਾ ਰਾਹ ਪੱਧਰਾ ਕੀਤਾ ਹੈ। ਇਸਦੇ ਨਾਲ ਹੀ ਸਰਹੱਦ ਦੇ ਨਾਲ ਲੱਗਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਰੋਜ਼ਾਨਾ ਅਧਾਰ ਤੇ ਤੋੜ-ਭੰਨ ਦਾ ਸ਼ਿਕਾਰ ਹੁੰਦੀਆਂ ਹਨ, ਜਿਹਨਾਂ ਦੀ ਸੁਰੱਖਿਆ ਲਈ ਬਾਈਡੇਨ ਪ੍ਰਸ਼ਾਸਨ ਦੁਆਰਾ ਕੁੱਝ ਨਹੀਂ ਕੀਤਾ ਜਾਂਦਾ। ਅਬੋਟ ਅਨੁਸਾਰ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਜਵਾਨਾਂ ਨੇ ਇਸ ਸਾਲ 6 ਮਾਰਚ ਤੋਂ 1300 ਤੋਂ ਵੱਧ ਅਪਰਾਧਿਕ ਗਿਰਫਤਾਰੀਆਂ ਕਰਨ ਦੇ ਨਾਲ 35,000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ 10,000 ਪੌਂਡ ਨਸ਼ੇ ਅਤੇ 100 ਤੋਂ ਵੱਧ ਹਥਿਆਰਾਂ ਨੂੰ ਵੀ ਜ਼ਬਤ ਕੀਤਾ ਹੈ। ਗਰੇਗ ਅਬੋਟ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਬਾਈਡਨ ਪ੍ਰਸ਼ਾਸਨ ਦੇ ਅਲੋਚਕ ਰਹੇ ਹਨ। ਪਿਛਲੇ ਮਹੀਨੇ, ਉਸਨੇ ਰਾਸ਼ਟਰਪਤੀ ‘ਤੇ ਟੈਕਸਸ ਦੀ ਸਰਹੱਦ ‘ਤੇ “ਰੂਲ ਆਫ ਲਾਅ” ਛੱਡਣ ਦਾ ਦੋਸ਼ ਵੀ ਲਾਇਆ ਸੀ। ਆਪਣੇ ਐਲਾਨਨਾਮੇ ਵਿੱਚ ਗਰੇਗ ਨੇ ਦਾਅਵਾ ਕਿ ਸਾਲ 2014 ਤੋਂ ਸਟੇਟ ਨੇ ਲੱਗਭਗ 3.5 ਬਿਲੀਅਨ ਡਾਲਰ ਸਰਹੱਦੀ ਸੁਰੱਖਿਆ ‘ਤੇ ਖਰਚ ਕੀਤੇ ਹਨ।

Real Estate