ਕੈਲੀਫੋਰਨੀਆ ਵਿੱਚ ਮੈਮੋਰੀਅਲ ਡੇਅ ਸਮਾਰੋਹ ਤੋਂ ਪਹਿਲਾਂ ਚੋਰੀ ਹੋਏ ਅਮਰੀਕੀ ਝੰਡੇ

122

ਗੁਰਿੰਦਰਜੀਤ ਨੀਟਾ ਮਾਛੀਕੇ, ਫਰਿਜ਼ਨੋ (ਕੈਲੀਫੋਰਨੀਆ), 2 ਜੂਨ 2021 : ਜਿਸ ਦੇਸ਼ ਵਿੱਚ ਅਸੀ ਰਹਿੰਦੇ ਹਾਂ ਅਤੇ ਆਪਣੀ ਜਿੰਦਗੀ ਬਤੀਤ ਕਰਦੇ ਹਾਂ ,ਦਾ ਸਨਮਾਨ ਕਰਨਾ ਅਤੇ ਉਸਦੀ ਰੱਖਿਆ ਕਰਨਾ ਇੱਕ ਮੁੱਢਲਾ ਫਰਜ ਹੈ। ਪਰ ਅਮਰੀਕਾ ਵਿੱਚ ਕੁੱਝ ਚੋਰਾਂ ਨੇ ਰਾਸ਼ਟਰੀ ਝੰਡਿਆਂ ਦੀ ਚੋਰੀ ਕਰਕੇ ਇਸਤੋਂ ਉਲਟ ਕੰਮ ਕੀਤਾ ਹੈ। ਇਸ ਚੋਰੀ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਨੇ ਮੈਮੋਰੀਅਲ ਡੇਅ ਦੇ ਹਫਤੇ ਦੌਰਾਨ ਕੈਲੀਫੋਰਨੀਆ ਦੇ ਸੈਨਿਕ ਕਬਰਸਤਾਨ ਵਿੱਚ ਦਾਖਲ ਹੋ ਕੇ ਕਈ ਅਮਰੀਕੀ ਝੰਡੇ ਚੁਰਾਏ ਹਨ। ਅਧਿਕਾਰੀਆਂ ਅਨੁਸਾਰ ਲਾਸ ਏਂਜਲਸ ਦੇ ਨੈਸ਼ਨਲ ਕਬਰਸਤਾਨ ਦੇ ਵਲੰਟੀਅਰਾਂ ਨੇ ਸੋਮਵਾਰ ਸਵੇਰੇ ਇਸ ਜਗ੍ਹਾ ਤੇ ਮੈਮੋਰੀਅਲ ਡੇਅ ਸਮਾਰੋਹ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ ਇਸ ਚੋਰੀ ਦਾ ਪਤਾ ਲਗਾਇਆ ਜੋ ਕਿ ਜਾਂਚਕਰਤਾਵਾਂ ਅਨੁਸਾਰ ਚੋਰਾਂ ਨੇ ਐਤਵਾਰ ਰਾਤ ਅਤੇ ਸੋਮਵਾਰ ਦੀ ਸਵੇਰ ਦੇ ਵਿਚਕਾਰ ਕੀਤੀ ਹੈ।
ਵੈਟਰਨਜ਼ ਅਫੇਅਰਜ਼ ਵਿਭਾਗ ਦੇ ਇੱਕ ਬੁਲਾਰੇ ਲਿਸ ਮੇਲਨੀਕ ਨੇ ਦੱਸਿਆ ਕਿ ਚੋਰੀ ਹੋਏ ਝੰਡਿਆਂ ਵਿੱਚ ਇੱਕ 25 ਫੁੱਟ ਗੁਣਾਂ 30 ਫੁੱਟ ਮਾਪ ਵਾਲਾ ਇੱਕ ਵੱਡਾ ਝੰਡਾ ਵੀ ਸ਼ਾਮਲ ਸੀ। ਲਾਸ ਏਂਜਲਸ ਨੈਸ਼ਨਲ ਕਬਰਸਤਾਨ ਸਹਾਇਤਾ ਫਾਉਂਡੇਸ਼ਨ ਦੇ ਅਨੁਸਾਰ, ਇਸ ਵਿਸ਼ਾਲ ਝੰਡੇ ਨੂੰ ਖਿੱਚਣ ਅਤੇ ਫੋਲਡ ਕਰਨ ਲਈ ਆਮ ਤੌਰ ਤੇ ਤਿੰਨ ਲੋਕਾਂ ਦੀ ਲੋੜ ਪੈਂਦੀ ਸੀ। ਮੈਮੋਰੀਅਲ ਡੇਅ ‘ਤੇ ਵਾਪਰੀ ਚੋਰੀ ਦੀ ਇਸ ਘਟਨਾ ਨੂੰ ਵਲੰਟੀਅਰਾਂ ਅਤੇ ਅਧਿਕਾਰੀਆਂ ਨੇ ਬਹੁਤ ਦੁੱਖਦਾਈ ਅਤੇ ਸ਼ਰਮਨਾਕ ਕਿਹਾ ਹੈ। ਇਸ ਮਾਮਲੇ ਵਿੱਚ ਅਜੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਦੁਆਰਾ ਦੋਸ਼ੀਆਂ ਦੀ ਪਛਾਣ ਕਰਨ ਲਈ ਸੀ ਸੀ ਟੀ ਵੀ ਫੁਟੇਜ਼ ਦੀ ਸਹਾਇਤਾ ਲਈ ਜਾਵੇਗੀ। ਲਾਸ ਏਂਜਲਸ ਦਾ ਇਹ ਕਬਰਸਤਾਨ 19 ਵੀਂ ਸਦੀ ਵਿੱਚ ਬਣਾਇਆ ਗਿਆ ਸੀ ਅਤੇ ਵੈਟਰਨਜ਼ ਪ੍ਰਸ਼ਾਸਨ ਦੁਆਰਾ ਚਲਾਇਆ ਜਾਂਦਾ ਹੈ।

Real Estate