ਕੈਲੀਫੋਰਨੀਆ ਵਿੱਚ ਅੱਗ ਬੁਝਾਊ ਵਿਭਾਗ ਦੇ ਆਫ ਡਿਊਟੀ ਕਰਮਚਾਰੀ ਨੇ ਕੀਤੀ ਗੋਲੀਬਾਰੀ , 1 ਦੀ ਮੌਤ 1 ਜਖਮੀ

119

ਗੁਰਿੰਦਰਜੀਤ ਨੀਟਾ ਮਾਛੀਕੇ, ਫਰਿਜ਼ਨੋ (ਕੈਲੀਫੋਰਨੀਆ), 2 ਜੂਨ 2021 : ਕੈਲੀਫੋਰਨੀਆ ਵਿੱਚ ਮੰਗਲਵਾਰ ਨੂੰ ਲਾਸ ਏਂਜਲਸ ਕਾਉਂਟੀ ਦੇ ਇੱਕ ਫਾਇਰ ਡਿਪਾਰਟਮੈਂਟ ਸਟੇਸ਼ਨ ‘ਤੇ ਵਿਭਾਗ ਦੇ ਹੀ ਇੱਕ ਆਫ ਡਿਊਟੀ ਕਰਮਚਾਰੀ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਦੌਰਾਨ ਇੱਕ ਫਾਇਰ ਫਾਈਟਰ ਮਾਰਿਆ ਗਿਆ ਅਤੇ ਇੱਕ ਹੋਰ ਜ਼ਖਮੀ ਹੋ ਗਿਆ।
ਇਸ ਘਟਨਾ ਬਾਰੇ ਲਾਸ ਏਂਜਲਸ ਕਾਉਂਟੀ ਦੇ ਫਾਇਰ ਚੀਫ ਡੈਰਲ ਓਸਬੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ 44 ਸਾਲਾ ਪੁਰਸ਼ ਫਾਇਰ ਫਾਈਟਰ ਦੀ ਸੈਂਟਾ ਕਲੈਰਟਾ ਦੇ ਉੱਤਰ-ਪੂਰਬ ‘ਚ ਅਗੁਆ ਡੂਲਸ ਵਿੱਚ ਇੱਕ ਆਫ-ਡਿਊਟੀ ਕਾਮੇ ਦੁਆਰਾ ਕੀਤੀ ਗੋਲੀਬਾਰੀ ਵਿੱਚ ਮੌਤ ਹੋ ਗਈ ਜਦਕਿ ਇੱਕ 54 ਸਾਲਾ ਵਿਅਕਤੀ, ਜੋ ਕਿ ਲਾਸ ਏਂਜਲਸ ਕਾਉਂਟੀ ਫਾਇਰ ਵਿਭਾਗ ਦਾ ਫਾਇਰ ਚੀਫ ਹੈ, ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਵਾਲੈਂਸੀਆ ਦੇ ਹੈਨਰੀ ਮੇਯੋ ਨਿਊਹਾਲ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਅਨੁਸਾਰ ਹਮਲੇ ਦਾ ਦੋਸ਼ੀ ਗੰਨਮੈਨ ਉਸੇ ਫਾਇਰ ਸਟੇਸ਼ਨ ਵਿੱਚ ਕੰਮ ਕਰਦਾ ਸੀ। ਮੰਗਲਵਾਰ ਸਵੇਰੇ 10:55 ਵਜੇ ਦੇ ਕਰੀਬ ਗੋਲੀਬਾਰੀ ਕਰਨ ਦੇ ਬਾਅਦ ਬੰਦੂਕਧਾਰੀ ਹਮਲਾਵਰ ਕਰਮਚਾਰੀ ਸਟੇਸ਼ਨ ਤੋਂ 10 ਮੀਲ ਦੀ ਦੂਰੀ ‘ਤੇ ਆਪਣੇ ਘਰ ਪਹੁੰਚ ਗਿਆ ਅਤੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ ਅਤੇ ਉਹ ਬਾਅਦ ਵਿਚ ਉਹ ਮ੍ਰਿਤਕ ਪਾਇਆ ਗਿਆ । ਇਸਦੇ ਇਲਾਵਾ ਅਧਿਕਾਰੀਆਂ ਦੁਆਰਾ ਹਮਲਾਵਰ ਦਾ ਘਰ ਵੀ ਅੱਗ ਦੀਆਂ ਲਪਟਾਂ ਵਿੱਚ ਜਲਦਾ ਹੋਇਆ ਪਾਇਆ ਗਿਆ। ਇਸ ਘਟਨਾ ਦੀ ਲਾਸ ਏਂਜਲਸ ਕਾਉਂਟੀ ਸ਼ੈਰਿਫ ਵਿਭਾਗ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀਬਾਰੀ ਦੇ ਕਾਰਨਾਂ ਨੂੰ ਵੀ ਸਾਹਮਣੇ ਲਿਆਉਣ ਲਈ ਅਧਿਕਾਰੀਆਂ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਹੈ।

Real Estate