ਬੇਅੰਤ,ਭੱਠਲ ਤੇ ਹੋਰ ਵਿਧਾਇਕਾਂ ਦੇ ਪਰਿਵਾਰਾਂ ਨੂੰ ਨੌਕਰੀ ਲਈ ਕਿਸੇ ਨਿਯਮਾਂ ਦੀ ਪਰਵਾਹ ਨਹੀਂ ਪਰ ਸ਼ਹੀਦ ਪਰਿਵਾਰ ਨੂੰ ਮਾਮੂਲੀ ਟਾਈਪਿੰਗ ਟੈਸਟ ਤੋਂ ਵੀ ਛੋਟ ਨਹੀਂ:ਸੰਧਵਾਂ

301

ਆਪ ਆਗੂਆਂ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਕੀਤੀ ਗਈ ਅਰਦਾਸ

ਬੁਰਜ ਜਵਾਹਰ ਸਿੰਘ ਵਾਲਾ ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦਾ ਛੇਵੇਂ ਸਾਲ ਵੀ ਇਨਸਾਫ ਨਾ ਮਿਲਣ ਕਰਕੇ ਅੱਜ ਆਮ ਆਦਮੀ ਪਾਰਟੀ ਦੀ ਸੂਬਾਈ ਲੀਡਰਸ਼ਿਪ ਵੱਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਦੋਸ਼ੀਆਂ ਨੂੰ ਸਜ਼ਾਵਾਂ, ਸਰਬੱਤ ਦੇ ਭਲੇ ਅਤੇ ਪੰਜਾਬ ਦੇ ਬਿਹਤਰ ਭਵਿੱਖ ਦੀ ਕਾਮਨਾ ਸਹਿਤ ਅਰਦਾਸ ਕੀਤੀ ਗਈ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬੀਬੀ ਸਰਬਜੀਤ ਕੌਰ ਮਾਣੂੰਕੇ, ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ,ਪ੍ਰੋਫੈਸਰ ਸਾਧੂ ਸਿੰਘ ਸਾਬਕਾ ਐੱਮ ਪੀ,ਬੀਬੀ ਬਲਜਿੰਦਰ ਕੌਰ ਵਿਧਾਇਕ ਤਲਵੰਡੀ ਸਾਬੋ, ਮਾਸਟਰ ਬਲਦੇਵ ਸਿੰਘ ਜੈਤੋ ਅਤੇ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਦੀ ਅਗਵਾਈ ਹੇਠ ਆਪ ਆਗੂਆਂ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਬੇਨਤੀ ਕਰਨ ਉਪਰੰਤ ਬਹਿਬਲ ਗੋਲੀ ਕਾਂਡ ਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਗ੍ਰਹਿ ਉਹਨਾਂ ਦੇ ਸਪੁੱਤਰ ਸੁਖਰਾਜ ਸਿੰਘ ਅਤੇ ਪਿੰਡ ਸਰਾਵਾਂ ਵਿਖੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਸਰਦਾਰ ਸਾਧੂ ਸਿੰਘ ਨਾਲ ਬੇਅਦਬੀ ਅਤੇ ਬਹਿਬਲ ਕਾਂਡ ਸਬੰਧੀ ਸਰਕਾਰਾਂ ਦੀ ਕਾਰਗੁਜ਼ਾਰੀ ਸਬੰਧੀ ਵਾਰਤਾਲਾਪ ਕੀਤਾ, ਇਸ ਉਪਰੰਤ ਬਰਗਾੜੀ ਵਿਖੇ ਆਪ ਆਗੂ ਜਸਮੇਲ ਸਿੰਘ ਕਾਕਾ ਬਰਾੜ ਦੇ ਗ੍ਰਹਿ ਵਿਖੇ ਪੱਤਰਕਾਰ ਵਾਰਤਾ ਦੌਰਾਨ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਲੰਬਾ ਅਰਸਾ ਬੀਤ ਜਾਣ ਉਪਰੰਤ ਕਈ ਜਾਂਚ ਕਮਿਸ਼ਨ ਬਣਨ, ਕਈ ਸਿੱਟਾ ਬਣਨ ਦੇ ਬਾਵਜੂਦ ਇਨਸਾਫ ਦੀ ਕਿਰਨ ਬੇਸਿੱਟਾ ਰਹਿਣਾ ਸਾਬਤ ਕਰਦਾ ਹੈ ਕਿ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਬੇਹੱਦ ਦੁਖਦਾਈ ਘਟਨਾਵਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਕੈਪਟਨ ਸਰਕਾਰ ਵੀ ਸੁਹਿਰਦ ਨਹੀਂ ਹੈ, ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਸਿੱਖਾਂ ਦੇ ਕਤਲ ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਪੰਜਾਬ ਵਾਸੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਨਸਾਫ਼ ਨਹੀਂ ਦੇਣਾ ਚਾਹੁੰਦੀ, ਸਗੋਂ ਇਸ ਮਾਮਲੇ ‘ਤੇ ਨਵੀਂ ਤੋਂ ਨਵੀ ਵਿਸ਼ੇਸ਼ ਜਾਂਚ ਕਮੇਟੀ (ਸਿੱਟ) ਬਣਾ ਕੇ ਮਾਮਲੇ ਨੂੰ ਲਮਕਾਉਣ ਦੀ ਕੋਸ਼ਿਸ ਕਰ ਰਹੀ ਹੈ ਤਾਂ ਜੋ ਮੁੱਖ ਦੋਸ਼ੀਆਂ ਦੇ ਦਾਗ ਧੋਤੇ ਜਾਣ।
ਆਪ ਆਗੂਆਂ ਨੇ ਕਿਹਾ ਕਿ ਸਾਲ 2015 ‘ਚ ਅਕਾਲੀ ਦਲ ਬਾਦਲ ਦੇ ਰਾਜ ਦੌਰਾਨ ਬਰਗਾੜੀ ਵਿਖੇ ਇੱਕ ਸਾਜਿਸ਼ ਦੇ ਤਹਿਤ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਇਸ ਬੇਅਦਬੀ ਦੇ ਖ਼ਿਲਾਫ਼ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ ‘ਤੇ ਪੁਲੀਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਇਸ ਗੋਲੀਬਾਰੀ ‘ਚ ਦੋ ਸਿੱਖ ਨੌਜਵਾਨ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ‘ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੌਰਾਨ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ (ਅਮਰਿੰਦਰ ਸਿੰਘ) ਮੁੱਖ ਮੰਤਰੀ ਬਣਦੇ ਹਨ ਤਾਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਸਾਜਿਸ਼ ਕਰਤਾ ਅਤੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾ ਜ਼ਰੂਰ ਦਿਵਾਉਣਗੇ।ਆਪ ਆਗੂਆਂ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਸਾਢੇ ਚਾਰ ਸਾਲ ਦੇ ਲਗਪਗ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਗੁਰੂ ਗਰੰਥ ਸਾਹਿਬ ਦੀ ਬੇਪਤੀ ਦੇ ਸਾਜਿਸ਼ ਕਰਤਾ ਤੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾ ਨਹੀਂ ਦਿਵਾਈ, ਕਿਉਂ ਕਿ ਕੈਪਟਨ ਸਰਕਾਰ ਬਾਦਲ ਪਰਿਵਾਰ ਅਤੇ ਉਹਨਾਂ ਦੇ ਮੋਹਰਿਆਂ ਨੂੰ ਬਚਾਉਣ ਦੇ ਰਾਹ ਤੇ ਚੱਲ ਰਹੀ ਹੈ। ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 2015 ਤੋਂ ਹੁਣ ਤੱਕ ਸੱਤ ਜਾਚ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹਨ, ਜਦੋਂ ਕਿ ਦੋ ਕਮਿਸ਼ਨ, ਤਿੰਨ ਸਿੱਟਾਂ , ਸੀ।ਬੀ।ਆਈ ਦੀ ਜਾਂਚ ਵੀ ਇਨਸਾਫ਼ ਦਿਵਾਉਣ ਵਿੱਚ ਅਸਫਲ ਸਿੱਧ ਹੋਈ ਹੈ, ਉਹਨਾਂ ਕਿਹਾ ਕਿ ਕੈਪਟਨ ਸਰਕਾਰ ਸੀ।ਬੀ।ਆਈ। ਤੋਂ ਕੇਸ ਵਾਪਸ ਲੈਣ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਤੋਂ ਮੂੰਹ ਕਿਉਂ ਮੋੜ ਰਹੀ ਹੈ। ਹਾਈਕੋਰਟ ਦੇ ਸਿੰਗਲ ਬੈਂਚ ਵੱਲੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਜਾਂਚ ਕਮੇਟੀ ਦੀ ਰਿਪੋਰਟ ਰੱਦ ਕਰਨ ਤੋਂ ਤੁਰੰਤ ਬਾਅਦ ਕੈਪਟਨ ਸਰਕਾਰ ਹਾਈਕੋਰਟ ਦੇ ਡਬਲ ਬੈਂਚ ਕੋਲ ਕਿਉਂ ਨਹੀਂ ਗਈ। ਸਰਕਾਰ ਚੁੱਪ ਕਿਉਂ ਬੈਠੀ ਰਹੀ।
ਕੁਲਤਾਰ ਸਿੰਘ ਸੰਧਵਾਂ ਨੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਭਰਾ ਜਗਦੀਪ ਸਿੰਘ ਵਲੋਂ ਕਲਰਕ ਦੀ ਪੋਸਟ ਲਈ ਕੀਤੀਆਂ ਬੇਨਤੀਆਂ ਦੀ ਕਾਪੀ ਵਿਖਾਉਂਦੇ ਹੋਏ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ, ਭੱਠਲ ਦੇ ਪਰਿਵਾਰ , ਵਿਧਾਇਕਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਲਈ ਕਿਸੇ ਨਿਯਮਾਂ ਦੀ ਪਰਵਾਹ ਨਹੀਂ ਕਰ ਰਹੀ, ਦੂਸਰੇ ਪਾਸੇ ਸ਼ਹੀਦ ਪਰਿਵਾਰ ਵੱਲੋਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਮਿਲਣ ਦੇ ਬਾਵਜੂਦ ਮਾਮੂਲੀ ਟਾਈਪਿੰਗ ਟੈਸਟ ਤੋਂ ਵੀ ਛੋਟ ਨਹੀਂ ਦਿੱਤੀ ਗਈ।
ਇਸ ਮੌਕੇ ਕਿਸਾਨ ਵਿੰਗ ਦੇ ਸੂਬਾ ਉਪ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਜਿਲਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ, ਜਿਲਾ ਯੂਥ ਪ੍ਰਧਾਨ ਅਮੋਲਕ ਸਿੰਘ,ਅਵਤਾਰ ਸਿੰਘ ਸਹੋਤਾ,ਗੁਰਭੇਜ ਸਿੰਘ ਬਰਾੜ, ਮਨਦੀਪ ਸਿੰਘ ਮੌਂਗਾ, ਡਾਕਟਰ ਰਮਨਦੀਪ ਸਿੰਘ,ਪ੍ਰਿਤਪਾਲ ਸਿੰਘ, ਹਰਪਾਲ ਸਿੰਘ ਢਿੱਲਵਾਂ,ਜਸਵੀਰ ਸਿੰਘ ਜੱਸਾ ਸਿੱਧੂ,ਹਰਜਿੰਦਰ ਸਿੰਘ ਢਿੱਲਵਾਂ,ਖੁਸ਼ਕਰਨ ਸਿੰਘ ਬਰਾੜ ਆਦਿ ਹਾਜਰ ਸਨ।

Real Estate