ਕਰੋਨਾ ਦੌਰਾਨ ਮਾੜੇ ਪ੍ਰਬੰਧਾਂ ਕਾਰਨ ਭਾਜਪਾ ਆਗੂ ਯੋਗੀ ਤੋਂ ਨਿਰਾਸ਼

132

ਭਾਜਪਾ ਆਗੂ ਯੋਗੀ ਆਦਿੱਤਿਆਨਾਥ ਸਰਕਾਰ ਦੇ ਕੋਵਿਡ ਪ੍ਰਬੰਧਨ ਸਗੋਂ ਮਾੜੇ ਪ੍ਰਬੰਧਨ ਤੋਂ ਨਿਰਾਸ਼ ਹਨ। ਇਹਨਾਂ ਆਗੂਆਂ ਵਿੱਚ ਭਾਰਤ ਦੇ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ, ਸੰਸਦ ਮੈਂਬਰ ਸੱਤਿਆਦੇਵ ਪਚੌਰੀ, ਉੱਤਰ ਪ੍ਰਦੇਸ਼ ਦੇ ਮੰਤਰੀ ਬ੍ਰਿਜੇਸ਼ ਪਾਠਕ, ਭਾਜਪਾ ਦੇ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਤੇ ਰਾਜਿੰਦਰ ਅਗਰਵਾਲ, ਵਿਧਾਇਕ ਦੀਨਾਨਾਥ ਭਾਸਕਰ, ਦਲਵੀਰ ਸਿੰਘ, ਲੋਕੇਂਦਰ ਪ੍ਰਤਾਪ ਸਿੰਘ ਤੇ ਸੰਜੈ ਪ੍ਰਤਾਪ ਜੈਸਵਾਲ, ਵਿਧਾਨਕ ਕੌਂਸਲ ਦੇ ਮੈਂਬਰ ਰਾਜਕੁਮਾਰ ਅਗਰਵਾਲ ਆਦਿ ਸ਼ਾਮਿਲ ਹਨ। ਉੱਤਰ ਪ੍ਰਦੇਸ਼ ਦੇ ਕਾਨੂੰਨ ਮੰਤਰੀ ਬ੍ਰਿਜੇਸ਼ ਪਾਠਕ ਨੇ ਸਭ ਤੋਂ ਪਹਿਲਾਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਇਆ ਸੀ, ਜਦੋਂ ਪਿਛਲੇ ਮਹੀਨੇ ਉਨ੍ਹਾਂ ਸੀਨੀਅਰ ਸਿਹਤ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਰੋਨਾ ਦੇ ਵਧ ਰਹੇ ਕੇਸਾਂ ਵਿਚਾਲੇ ਸਿਹਤ ਸਹੂਲਤਾਂ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ।
ਭਾਜਪਾ ਦੇ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਜਿਨ੍ਹਾਂ ਦੇ ਭਰਾ ਦੀ ਕੋਵਿਡ ਕਾਰਨ ਮੌਤ ਹੋ ਗਈ ਸੀ, ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖ ਕੇ ਬਲਰਾਮਪੁਰ ਹਸਪਤਾਲ ਤੇ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਦੇ ਡਾਕਟਰਾਂ ’ਤੇ ਮਰੀਜ਼ਾਂ ਨੂੰ ਅਣਗੌਲਿਆਂ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਮੇਰਠ ਤੋਂ ਸੰਸਦ ਮੈਂਬਰ ਰਾਜਿੰਦਰ ਅਗਰਵਾਲ ਨੇ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖ ਕੇ ਸ਼ਹਿਰ ਵਿਚ ਆਕਸੀਜਨ ਦੀ ਘਾਟ ਹੋਣ ਬਾਰੇ ਸ਼ਿਕਾਇਤ ਕੀਤੀ ਸੀ।ਉੱਤਰ ਪ੍ਰਦੇਸ਼ ਕਿਰਤ ਭਲਾਈ ਕੌਂਸਲ ਦੇ ਚੇਅਰਮੈਨ, ਰਾਜ ਦੇ ਮੰਤਰੀ ਸੁਨੀਲ ਭਰਾਲਾ ਨੇ ਮੇਰਠ ਵਿਚ ਬੈੱਡਾਂ, ਆਕਸੀਜਨ ਤੇ ਜੀਵਨ ਰੱਖਿਅਕ ਦਵਾਈਆਂ ਦੀ ਘਾਟ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਅਤੇ ਮੁੱਖ ਮੰਤਰੀ ਨੂੰ ਇਸ ਮਾਮਲੇ ’ਚ ਸਿੱਧੇ ਤੌਰ ’ਤੇ ਦਖ਼ਲ ਦੇਣ ਲਈ ਕਿਹਾ ਸੀ। ਬਦਾਯੂੰ ਤੋਂ ਭਾਜਪਾ ਵਿਧਾਇਕ ਧਰਮਿੰਦਰ ਸ਼ਾਕਿਆ ਨੇ ਵੀ ਬਦਾਯੂੰ ਮੈਡੀਕਲ ਕਾਲਜ ’ਤੇ ਗੰਭੀਰ ਦੋਸ਼ ਲਗਾਏ ਸਨ ਅਤੇ ਮਾਮਲੇ ’ਚ ਜਾਂਚ ਦੀ ਮੰਗ ਕੀਤੀ ਸੀ। ਅਜਿਹੇ ਹੀ ਦੋਸ਼ ਕਈ ਹੋਰਨਾਂ ਆਗੂਆਂ ਨੇ ਵੀ ਲਗਾਏ ਹਨ। ਭਾਜਪਾ ਦੇ ਇਕ ਕਾਨੂੰਨਘਾੜੇ ਨੇ ਇਸ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ, ‘‘ਜੇਕਰ ਉਹ ਆਪਣੇ ਪੱਤਰ ਸੋਸ਼ਲ ਮੀਡੀਆ ’ਤੇ ਨਾ ਪਾਉਣ ਤਾਂ ਕੋਈ ਵੀ ਉਨ੍ਹਾਂ ਬਾਰੇ ਨਹੀਂ ਜਾਣੇਗਾ। ਮੁੱਖ ਮੰਤਰੀ ਦਫ਼ਤਰ ਵੱਲੋਂ ਇਕ ਵੀ ਪੱਤਰ ਦਾ ਜਵਾਬ ਨਹੀਂ ਦਿੱਤਾ ਗਿਆ। ਜੇਕਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਇਹ ਵਰਤਾਰਾ ਹੋ ਰਿਹਾ ਹੈ ਤਾਂ ਅਸੀਂ ਆਮ ਆਦਮੀ ਦਾ ਦਰਦ ਸਮਝ ਸਕਦੇ ਹਾਂ।’’

Real Estate