ਇੱਕ ਪਾਸੇ ਵਿੱਤ ਮੰਤਰੀ ਵਿਰੁੱਧ ਝੰਡਾ ਚੁੱਕਿਆ ਦੂਜੇ ਪਾਸੇ ਅਕਾਲੀ ਕਾਂਗਰਸ ’ਚ ਸਾਮਲ

529

ਕਾਂਗਰਸ ਦੀਆਂ ਬਠਿੰਡਾ ਜਿਲੇ ’ਚ ਸਰਗਰਮੀਆਂ ਤੇਜ ਹੋਈਆਂ

ਬਠਿੰਡਾ, 30 ਮਈ, ਬਲਵਿੰਦਰ ਸਿੰਘ ਭੁੱਲਰ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਮਾਂ ਜਿਉਂ ਜਿਉਂ ਘਟਦਾ ਜਾ ਰਿਹਾ ਹੈ, ਤਿਉਂ ਤਿਉਂ ਬਠਿੰਡਾ ਜਿਲੇ ਦੀ ਕਾਂਗਰਸ ਵਿੱਚ ਸਰਗਰਮੀਆਂ ਤੇਜ ਹੁੰਦੀਆਂ ਨਜਰ ਆ ਰਹੀਆਂ ਹਨ। ਕਿਸੇ ਪਾਸੇ ਜਿਲੇ ਦੇ ਸ਼ਕਤੀਸ਼ਾਲੀ ਸਿਆਸਤਦਾਨ ਸ੍ਰ: ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਵਿਰੁੱਧ ਆਵਾਜ਼ ਉੱਠਣ ਲੱਗੀ ਹੈ ਅਤੇ ਕਿਸੇ ਪਾਸੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸਾਮਲ ਹੋਣ ਵਾਲਿਆਂ ਦੀ ਗਿਣਤੀ ਵਧਣ ਲੱਗੀ ਹੈ।
ਸ੍ਰੋਮਣੀ ਅਕਾਲੀ ਦਲ ਦੇ ਇੱਕ ਸਰਕਲ ਪ੍ਰਧਾਨ ਸ੍ਰੀ ਕੁਲਦੀਪ ਸਿੰਘ ਨੰਬਰਦਾਰ ਨੇ ਅੱਜ ਕਾਂਗਰਸ ਪਾਰਟੀ ਵਿੱਚ ਸਾਮਲ ਹੋਣ ਦਾ ਐਲਾਨ ਕੀਤਾ ਹੈ। ਇਸੇ ਤਰਾਂ ਚੀਫ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਸ੍ਰ: ਵਰਿੰਦਰ ਸਿੰਘ ਬੱਲਾ ਨੇ ਵੀ ਕਾਂਗਰਸ ਪਾਰਟੀ ਵਿੱਚ ਸਮੂਲੀਅਤ ਕਰ ਲਈ ਹੈ। ਇਹਨਾਂ ਦੋਵਾਂ ਆਗੂਆਂ ਨੂੰ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਨੇ ਤਿਰੰਗੇ ਦਿੱਖ ਵਾਲਾ ਸਿਰੋਪਾ ਪਾ ਕੇ ਕਾਂਗਰਸ ਵਿੱਚ ਸਾਮਲ ਹੋਣ ਦਾ ਸੁਆਗਤ ਕੀਤਾ। ਇਹਨਾਂ ਦੋਵਾਂ ਆਗੂਆਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨੂੰ ਪਾਰਟੀ ਲਈ ਸ਼ੁਭ ਸੰਕੇਤ ਮੰਨਿਆਂ ਜਾ ਰਿਹਾ ਹੈ, ਜਿਸਦਾ ਆਉਣ ਵਾਲੀਆਂ ਵਿਧਾਨ ਸਭਾ ਵਿੱਚ ਲਾਭ ਹੋਵੇਗਾ।
ਦੂਜੇ ਪਾਸੇ ਇਸ ਜਿਲੇ ਦੇ ਵਿਧਾਨ ਸਭਾ ਹਲਕਾ ਦਿਹਾਤੀ ਬਠਿੰਡਾ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਸ੍ਰੀ ਹਰਵਿੰਦਰ ਸਿਘ ਲਾਡੀ ਨੇ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਵਿਰੁੱਧ ਝੰਡਾ ਚੁੱਕ ਲਿਆ ਹੈ, ਇਸਤੋਂ ਪਹਿਲਾਂ ਮੇਅਰ ਦੀ ਚੋਣ ਸਮੇਂ ਟਕਸਾਲੀ ਕਾਂਗਰਸੀ ਦੀ ਬਜਾਏ ਆਪਣੇ ਕਾਰੋਬਾਰ ਦੇ ਸਹਿਯੋਗੀ ਦੀ ਪਤਨੀ ਨੂੰ ਸ੍ਰ: ਬਾਦਲ ਵੱਲੋਂ ਮੇਅਰ ਬਣਾਏ ਜਾਣ ਕਾਰਨ ਬਠਿੰਡਾ ਦੇ ਵੱਡੇ ਕਾਂਗਰਸੀ ਆਗੂ ਸ੍ਰ: ਜਗਰੂਪ ਸਿੰਘ ਗਿੱਲ ਅਤੇ ਹੋਰ ਪੁਰਾਣੇ ਕਾਂਗਰਸੀ ਨਰਾਜ਼ ਹਨ। ਸ੍ਰੀ ਲਾਡੀ ਆਪਣੇ ਇਸ ਹਲਕੇ ਦੇ ਇੰਚਾਰਜ ਹਨ, ਪਰ ਹਲਕੇ ਵਿੱਚ ਉਹਨਾਂ ਦੀ ਗੱਲ ਨਹੀਂ ਸੀ ਸੁਣੀ ਜਾ ਰਹੀ, ਇਸ ਹਲਕੇ ਵਿੱਚ ਜੋ ਕੰਮ ਹੁੰਦੇ ਹਨ ਉਹ ਵਿੱਤ ਮੰਤਰੀ ਦੇ ਹੁਕਮਾਂ ਤੇ ਹੀ ਹੁੰਦੇ ਹਨ। ਹੋਰ ਤਾਂ ਦੂਰ ਥਾਨਿਆਂ ਦੇ ਇੰਚਾਰਜ ਵੀ ਵਿੱਤ ਮੰਤਰੀ ਦੇ ਕਹਿਣ ਤੇ ਹੀ ਲਗਾਏ ਜਾਂਦੇ ਰਹੇ ਹਨ। ਇਸ ਕਰਕੇ ਆਮ ਲੋਕ ਜਾਂ ਪਿੰਡਾਂ ਦੇ ਸਰਪੰਚ ਜਦ ਸ੍ਰੀ ਲਾਡੀ ਕੋਲ ਕਿਸੇ ਕੰਮ ਲਈ ਜਾਂਦੇ ਤਾਂ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ।
ਆਖ਼ਰ ਸ੍ਰੀ ਲਾਡੀ ਨੇ ਪਿੰਡਾਂ ਦੇ ਸਰਪੰਚਾਂ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਕਰਕੇ ਸੱਚਾਈ ਪ੍ਰਗਟ ਕਰ ਦਿੱਤੀ। ਪਰ ਇਸ ਪਹੁੰਚ ਕਰਨ ਤੇ ਵਿੱਤ ਮੰਤਰੀ ਖੇਮੇ ਵਿੱਚ ਗੁੱਸਾ ਭੜਕ ਪਿਆ, ਵਿੱਤ ਮੰਤਰੀ ਦੇ ਨਜਦੀਕੀ ਕਹਿ ਰਹੇ ਹਨ ਕਿ ਸ੍ਰੀ ਲਾਡੀ ਹਲਕਾ ਇੰਚਾਰਜ ਹੈ ਤਾਂ ਵਿੱਤ ਮੰਤਰੀ ਨੇ ਹੀ ਬਣਾਇਆ ਹੈ ਅਤੇ ਵਿੱਤ ਮੰਤਰੀ ਦੀ ਸਾਬਕਾ ਪਾਰਟੀ ਪੀ ਪੀ ਪੀ ਦੇ ਕੋਟੇ ਵਾਲੀਆਂ ਸੀਟਾਂ ਵਿੱਚੋਂ ਹੀ ਟਿਕਟ ਮਿਲੀ ਸੀ। ਜੇ ਟਿਕਟ ਨਾ ਮਿਲਦੀ ਤੇ ਵਿੱਤ ਮੰਤਰੀ ਉਹਨਾਂ ਨੂੰ ਇੰਚਾਰਜ ਨਾ ਬਣਾਉਂਦੇ ਤਾਂ ਸ੍ਰੀ ਲਾਡੀ ਨੂੰ ਕੋਈ ਨਾ ਜਾਣਦਾ ਹੁੰਦਾ। ਪਰ ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਸ੍ਰੀ ਲਾਡੀ ਦੇ ਪਰਿਵਾਰ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨਾਲ ਕਈ ਦਹਾਕਿਆਂ ਤੋਂ ਨੇੜਲਾ ਸਬੰਧ ਰਿਹਾ ਹੈ। ਸ੍ਰੀ ਲਾਡੀ ਦੇ ਪਿਤਾ ਜੀ ਸ੍ਰੀ ਜਸਮੇਲ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਬਠਿੰਡਾ ਜਿਲੇ ਦੇ ਸਭ ਤੋ ਵੱਧ ਵਿਸਵਾਸਪਾਤਰ ਰਹੇ ਹਨ।
ਸ੍ਰੀ ਲਾਡੀ ਦਾ ਵਿੱਤ ਮੰਤਰੀ ਵਿਰੁੱਧ ਚੁੱਕਿਆ ਝੰਡਾ ਕੀ ਰੰਗ ਲਿਆਵੇਗਾ ਇਹ ਤਾਂ ਅਗਲੇ ਕੁੱਝ ਦਿਨਾਂ ਤੱਕ ਸਪਸ਼ਟ ਹੋਵੇਗਾ, ਪਰ ਉਸਨੇ ਇਹ ਧਮਕੀ ਜਰੂਰ ਦੇ ਦਿੱਤੀ ਹੈ ਕਿ ਜੇਕਰ ਉਸਨੇ ਵਿੱਤ ਮੰਤਰੀ ਵਿਰੁੱਧ ਮੂੰਹ ਖੋਲ ਦਿੱਤਾ ਤਾਂ ਉਹਨਾਂ ਨੂੰ ਅਸਤੀਫਾ ਵੀ ਦੇਣਾ ਪੈ ਸਕਦਾ ਹੈ। ਇਸ ਗੱਲ ਤੋਂ ਸਪਸ਼ਟ ਹੈ ਕਿ ਸ੍ਰੀ ਲਾਡੀ ਕੋਲ ਵਿੱਤ ਮੰਤਰੀ ਦਾ ਨੁਕਸਾਨ ਕਰਨ ਵਾਲਾ ਕਾਫ਼ੀ ਮਸਾਲਾ ਹੈ। ਹੁਣ ਇਸ ਮਾਮਲੇ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਕਿਵੇਂ ਲੈਂਦੇ ਹਨ, ਇਹ ਦੇਖਣਾ ਵੀ ਅਜੇ ਬਾਕੀ ਹੈ।
ਪੰਜਾਬ ਕਾਂਗਰਸ ਵਿੱਚ ਪਹਿਲਾਂ ਹੀ ਕਾਫ਼ੀ ਘਮਸਾਨ ਚੱਲ ਰਿਹਾ ਹੈ, ਮਾਲਵੇ ਵਿੱਚ ਕਾਂਗਰਸ ਦੀ ਪੁਜੀਸ਼ਨ ਅਜੇ ਕਾਫ਼ੀ ਚੰਗੀ ਵਿਖਾਈ ਦਿੰਦੀ ਸੀ, ਪਰ ਹੁਣ ਬਠਿੰਡਾ ਜਿਲੇ ਵਿੱਚ ਸੁਰੂ ਹੋਈ ਅੰਦਰੂਨੀ ਲੜਾਈ ਵੀ ਆਪਣਾ ਪ੍ਰਭਾਵ ਛੱਡੇਗੀ।

Real Estate