ਲੇਡੀ ‘ਸਿੰਘਮ’ ਵਜੋਂ ਜਾਣੀ ਜਾਂਦੀ ਸੁਪਨਾ ਸਾਕਾਰ ਕਰਨ ਵਾਲੀ ‘ਐਨ ਅੰਬਿਕਾ’

120
N Ambika
N Ambika

ਬਲਵਿੰਦਰ ਸਿੰਘ ਭੁੱਲਰ

ਜਿਸ ਵਿਅਕਤੀ ਦੀ ਇੱਛਾ ਸ਼ਕਤੀ ਮਜਬੂਤ ਹੈ ਅਤੇ ਮਿਹਨਤ ਕਰਨ ਦੀ ਚੰਗੀ ਸਮਰੱਥਾ ਹੈ, ਉਹ ਆਪਣੀ ਮੰਜ਼ਿਲ ਤੇ ਜਰੂਰ ਪਹੁੰਚ ਜਾਂਦਾ ਹੈ। ਮਿਹਨਤ ਇਨਸਾਨ ਨੂੰ ਫ਼ਰਸ਼ ਤੋਂ ਅਰਸ਼ ਤੇ ਲੈ ਜਾਂਦੀ ਹੈ ਅਤੇ ਉਹ ਜੋ ਚਾਹੁੰਦਾ ਹੈ ਪ੍ਰਾਪਤ ਕਰ ਸਕਦਾ ਹੈ। ਇਹਨਾਂ ਤੱਥਾਂ ਨੂੰ ਸਪਸ਼ਟ ਰੂਪ ਵਿੱਚ ਸਮਾਜ ਦੇ ਸਾਹਮਣੇ ਪੇਸ਼ ਕਰਦੀ ਹੈ ਐਨ ਅੰਬਿਕਾ ਜੋ ਹੁਣ ‘ਲੇਡੀ ਸਿੰਘਮ’ ਦੇ ਨਾਂ ਨਾਲ ਜਾਣੀ ਜਾਂਦੀ ਹੈ।
ਐਨ ਅੰਬੀਕਾ ਦਾ ਜਨਮ 14 ਅਕਤੂਬਰ 1982 ਨੂੰ ਤਾਮਿਲਨਾਡੂ ਰਾਜ ਦੇ ਸ਼ਹਿਰ ਡਿੰਡੀਗੁਲ ਵਿਖੇ ਹੋਇਆ। ਉਸਦੇ ਮਾਪਿਆਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ। ਅੰਬੀਕਾ ਨੇ ਅੱਠ ਜਮਾਤਾਂ ਹੀ ਪਾਸ ਕੀਤੀਆਂ ਸਨ ਕਿ ਉਸਦੇ ਮਾਪਿਆਂ ਨੇ 14 ਸਾਲ ਦੀ ਉਮਰ ’ਚ 1996 ਵਿੱਚ ਹੀ ਉਸਦਾ ਵਿਆਹ ਕਰਕੇ ਆਪਣੇ ਆਪ ਨੂੰ ਸੁਰਖਰੂ ਕਰ ਲਿਆ। ਅੰਬਿਕਾ ਦਾ ਪਤੀ ਉਥੋਂ ਦੀ ਪੁਲਿਸ ਵਿੱਚ ਸਿਪਾਹੀ ਵਜੋਂ ਸਰਵਿਸ ਕਰਦਾ ਸੀ। ਇਹ ਇੱਕ ਬਾਲ ਵਿਆਹ ਸੀ, ਜੋ ਕਾਨੂੰਨ ਦੀ ਉਲੰਘਣਾ ਸੀ, ਪਰ ਇਹ ਵਿਆਹ ਕਾਨੂੰਨ ਦੀਆਂ ਨਜਰਾਂ ਤੋਂ ਛੁਪਿਆ ਰਿਹਾ। ਅੰਬਿਕਾ ਦੀ ਉਮਰ 18 ਸਾਲ ਦੀ ਹੋਣ ਤੱਕ ਉਸਨੇ ਦੋ ਬੇਟੀਆਂ ਆਈਗਨ ਤੇ ਨਿਹਾਰਿਕਾ ਨੂੰ ਜਨਮ ਦਿੱਤਾ।
ਇਸ ਦੌਰਾਨ ਇੱਕ ਵਾਰ ਅੰਬਿਕਾ ਨੇ ਆਪਣੇ ਪਤੀ ਨੂੰ ਕਿਹਾ ਕਿ ਉਸਦਾ ਗਣਤੰਤਰ ਦਿਵਸ ਦੀ ਪਰੇਡ ਵੇਖਣ ਨੂੰ ਬਹੁਤ ਮਨ ਕਰਦਾ ਹੈ। ਉਸਦੇ ਪਤੀ ਦੀ ਡਿਊਟੀ ਲੱਗੀ ਹੋਣ ਸਦਕਾ ਉਸਨੇ ਆਪਣੀ ਵਰਦੀ ਪਹਿਨੀ ਹੋਈ ਸੀ। ਉਸਨੇ ਅੰਬਿਕਾ ਨੂੰ ਨਾਲ ਲਿਜਾ ਕੇ ਇੱਕ ਪਾਸੇ ਬਿਠਾ ਦਿੱਤਾ ਤੇ ਆਪ ਡਿਊਟੀ ਕਰਨ ਲੱਗਾ। ਜਦ ਪੁਲਿਸ ਅਧਿਕਾਰੀ ਡੀ ਜੀ ਪੀ, ਆਈ ਜੀ ਆਦਿ ਪਹੁੰਚਦੇ ਤਾਂ ਅੰਬਿਕਾ ਦਾ ਪਤੀ ਪੂਰੀ ਫੁਰਤੀ ਨਾਲ ਸਲੂਟ ਮਾਰਦਾ। ਸਮਾਗਮ ਦੀ ਸਮਾਪਤੀ ਬਾਅਦ ਉਹ ਆਪਣੇ ਘਰ ਆ ਗਏ ਤਾਂ ਅੰਬਿਕਾ ਨੇ ਪੁੱਛਿਆ ਕਿ ‘‘ਤੁਸੀਂ ਕਈ ਵਿਅਕਤੀਆਂ ਨੂੰ ਸਲੂਟ ਮਾਰਿਆ ਸੀ, ਅਜਿਹਾ ਕਿਉਂ ਕੀਤਾ ਸੀ।’’ ਉਸਨੇ ਦੱਸਿਆ ਕਿ ਉਹ ਸਾਡੇ ਉੱਚ ਅਫ਼ਸਰ ਸਨ ਜਿਹੜੇ ਆਈ ਪੀ ਐੱਸ ਪਾਸ ਕਰਕੇ ਅਧਿਕਾਰੀ ਬਣੇ ਹਨ। ਮੇਰਾ ਰੈਂਕ ਛੋਟਾ ਹੋਣ ਕਰਕੇ ਮੈਨੂੰ ਸਲੂਟ ਮਾਰਨਾ ਪੈਂਦਾ ਸੀ। ਇਹ ਸੁਣਦਿਆਂ ਅੰਬਿਕਾ ਦੇ ਮਨ ਵਿੱਚ ਸੁਆਲ ਉੱਠਿਆ ਤਾਂ ਉਸਨੇ ਕਿਹਾ, ‘‘ਮੈਂ ਆਈ ਪੀ ਐੱਸ ਕਰਕੇ ਅਫ਼ਸਰ ਬਣ ਸਕਦੀ ਹਾਂ?’’
ਉਸਦੇ ਪਤੀ ਨੇ ਦੱਸਿਆ ਕਿ ਤੂੰ ਅਜੇ ਅੱਠਵੀਂ ਪਾਸ ਹੈ, ਆਈ ਪੀ ਐੱਸ ਦੇ ਇਮਿਤਹਾਨ ਦੇਣ ਲਈ ਗਰੈਜੂਏਸ਼ਨ ਜਰੂਰੀ ਹੈ। ਇਸ ਪੜ੍ਹਾਈ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਇਹ ਤੇਰੇ ਬੱਸ ਦੀ ਗੱਲ ਨਹੀਂ। ਅੰਬਿਕਾ ਮਨ ਵਿੱਚ ਪੱਕੀ ਧਾਰ ਬੈਠੀ ਸੀ, ਉਸਨੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਸਹਿਯੋਗ ਦਿਉਂ ਤਾਂ ਮੈਂ ਇਹ ਸਭ ਕਰ ਸਕਦੀ ਹਾਂ। ਉਸਦਾ ਪਤੀ ਸੂਝਵਾਨ ਵਿਅਕਤੀ ਸੀ, ਉਸਨੇ ਸਹਿਯੋਗ ਦੇਣ ਦਾ ਵਾਅਦਾ ਕਰ ਲਿਆ। ਅੰਬਿਕਾ ਨੇ ਪੜ੍ਹਾਈ ਸੁਰੂ ਕਰ ਦਿੱਤੀ, ਉਸਦਾ ਪਤੀ ਆਪਣੀ ਡਿਊਟੀ ਵੀ ਕਰਦਾ ਤੇ ਬੱਚਿਆਂ ਨੂੰ ਵੀ ਸੰਭਾਲਦਾ ਅਤੇ ਅੰਬਿਕਾ ਨੂੰ ਪੜ੍ਹਾਈ ਕਰਨ ਲਈ ਬਿਲਕੁਲ ਵਿਹਲੀ ਕਰ ਦਿੱਤਾ। ਇਸ ਤਰ੍ਹਾਂ ਉਸਨੇ ਦਸਵੀਂ ਪਾਸ ਕੀਤੀ ਅਤੇ ਫਿਰ ਗਰੈਜੂਏਸਨ ਕਰ ਲਈ।
ਹਰ ਇਮਤਿਹਾਨ ਪਾਸ ਕਰਨ ਤੋਂ ਬਾਅਦ ਅੰਬਿਕਾ ਦਾ ਹੌਂਸਲਾ ਵਧ ਜਾਂਦਾ ਅਤੇ ਉਸਦੇ ਪਤੀ ਦੀ ਆਸ ਉਮੀਦ ਨੂੰ ਵੀ ਬਲ ਮਿਲਦਾ। ਗਰੈਜੂਏਸਨ ਕਰਨ ਉਪਰੰਤ ਅੰਬਿਕਾ ਨੇ ਆਈ ਪੀ ਐੱਸ ਦੇ ਇਮਤਿਹਾਨ ਦੀ ਤਿਆਰੀ ਕਰਨ ਮਨ ਬਣਾ ਲਿਆ। ਉਹਨਾਂ ਦੇ ਸ਼ਹਿਰ ਡਿੰਡੀਗੁਲ ਵਿੱਚ ਕੋਈ ਅਜਿਹਾ ਚੰਗਾ ਕੋਚਿੰਗ ਸੈਂਟਰ ਨਹੀਂ ਸੀ, ਜਿੱਥੋਂ ਤਿਆਰੀ ਕੀਤੀ ਜਾ ਸਕਦੀ। ਆਖ਼ਰ ਅੰਬਿਕਾ ਨੂੰ ਚੇਨਈ ਵਿਖੇ ਜਾਣਾ ਪਿਆ, ਜਿੱਥੇ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਉਸਨੇ ਤਿਆਰੀ ਅਰੰਭ ਦਿੱਤੀ। ਤਿਆਰੀ ਉਪਰੰਤ ਸਾਲ 2005 ਵਿੱਚ ਉਸਨੇ ਯੂ ਪੀ ਐੱਸ ਸੀ ਦਾ ਇਮਤਿਹਾਨ ਦਿੱਤਾ, ਪਰ ਉਹ ਫੇਲ੍ਹ ਹੋ ਗਈ। ਉਸਨੇ ਹੌਂਸਲਾ ਨਹੀਂ ਛੱਡਿਆ ਲਗਾਤਾਰ ਦੋ ਵਾਰ ਹੋਰ ਇਮਤਿਹਾਨ ਵਿੱਚ ਬੈਠੀ ਪਰ ਫੇਲ੍ਹ ਹੁੰਦੀ ਰਹੀ।
ਤਿੰਨ ਵਾਰ ਫੇਲ੍ਹ ਹੋਣ ਤੇ ਉਸਦੇ ਪਤੀ ਨੇ ਸੁਝਾਅ ਦਿੱਤਾ ਕਿ ਹੁਣ ਤੂੰ ਪੜ੍ਹਾਈ ਛੱਡ ਕੇ ਘਰ ਵਾਪਸ ਆ ਜਾਹ। ਅੰਬਿਕਾ ਨੇ ਕਿਹਾ ਕਿ ਇੱਕ ਵਾਰ ਹੋਰ ਇਮਤਿਹਾਨ ਜਰੂਰ ਦੇਵਾਂਗੀ। ਉਸਨੇ ਚੌਥੀ ਵਾਰ ਫੇਰ ਸਾਲ 2008 ’ਚ ਹੋਣ ਵਾਲੇ ਇਮਤਿਹਾਨ ਦੇਣ ਲਈ ਫਾਰਮ ਭਰੇ, ਉਸਨੂੰ 149605 ਰੋਲ ਨੰਬਰ ਮਿਲ ਗਿਆ। ਉਹ ਪੂਰੀ ਤਿਆਰੀ ਤੇ ਪੂਰੇ ਹੌਂਸਲੇ ਨਾਲ ਇਮਤਿਹਾਨ ਵਿੱਚ ਬੈਠੀ। ਇਸ ਵਾਰ ਉਹ 287ਵੇਂ ਰੈਂਕ ਤੇ ਪਾਸ ਹੋ ਕੇ ਆਈ ਪੀ ਐੱਸ ਅਫ਼ਸਰ ਬਣ ਗਈ।
ਆਈ ਪੀ ਐੱਸ ਬਣਨ ਉਪਰੰਤ ਉਸਦੀ ਪਹਿਲੀ ਨਿਯੁਕਤੀ ਮਹਾਂਰਾਸਟਰ ਰਾਜ ਵਿੱਚ ਹੋਈ ਅਤੇ ਉਹ ਮੁੰਬਈ ਦੇ ਜੋਨ ਨੰਬਰ ਚਾਰ ਵਿੱਚ ਬਤੌਰ ਡੀ ਸੀ ਪੀ ਤਾਇਨਾਤ ਹੋਈ। ਆਪਣੇ ਜੀਵਨ ਬਾਰੇ ਉਹ ਬੜੀ ਬੇਬਾਕੀ ਨਾਲ ਕਹਿੰਦੀ ਹੈ ਕਿ ਉਸਦਾ ਵਿਆਹ ਬਾਲ ਅਵਸਥਾ ਵਿੱਚ ਹੋਇਆ, ਪਰ ਉਸ ਲਈ ਉਹ ਦੋਸ਼ੀ ਨਹੀਂ। ਇਸ ਘਟਨਾ ਲਈ ਉਸਦੇ ਮਾਪੇ ਜਾਂ ਸਮਾਜ ਵਿੱਚ ਆਈ ਗਿਰਾਵਟ ਹੀ ਜੁਮੇਵਾਰ ਹੈ। ਉਸਨੇ ਭਾਵੇਂ ਆਪਣੇ ਗ੍ਰਿਸਥੀ ਜੀਵਨ ਨੂੰ ਅਪਨਾ ਲਿਆ ਸੀ, ਪਰ ਜੋ ਉਸਨੇ ਆਪਣੇ ਮਨ ਵਿੱਚ ਧਾਰ ਲਿਆ, ਉਹ ਕਰਕੇ ਵਿਖਾਇਆ ਜਿਸਨੂੰ ਉਹ ਆਪਣੀ ਮਿਹਨਤ ਅਤੇ ਪਤੀ ਦੇ ਸਹਿਯੋਗ ਦਾ ਨਤੀਜਾ ਕਰਾਰ ਦਿੰਦੀ ਹੈ। ਐੱਨ ਅੰਬਿਕਾ ਦਾ ਕਹਿਣਾ ਹੈ ਕਿ ਇਨਸਾਨ ਨੂੰ ਅੱਗੇ ਵਧਣ ਲਈ ਜਰੂਰੀ ਹੈ ਕਿ
ਉਸਨੂੰ ਆਪਣੇ ਆਪ ਤੇ ਭਰੋਸਾ ਹੋਵੇ। ਮੈਂ ਆਪਣੇ ਭਰੋਸੇ ਸਦਕਾ ਹੀ ਆਪਣਾ ਜੀਵਨ ਸੁਧਾਰ ਲਿਆ ਹੈ। ਇਹ ਸਪਸ਼ਟ ਹੈ ਕਿ ਇਨਸਾਨ ਦੇ ਸੁਪਨੇ ਜਰੂਰ ਪੂਰੇ ਹੰਦੇ ਹਨ ਪਰ ਜਰੂਰਤ ਸਿਰਫ਼ ਇਸ ਗੱਲ ਦੀ ਹੁੰਦੀ ਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਪੂਰੇ ਕਰਨ ਦੀ ਇੱਛਾ ਰੱਖੀਏ ਅਤੇ ਸਿਰੜ ਨਾਲ ਉਸ ਵਾਸਤੇ ਜਿੰਦਗੀ ਦਾ ਸਭ ਕੁੱਝ ਕੁਰਬਾਨ ਕਰਨ ਲਈ ਤਿਆਰ ਰਹੀਏ।
ਅੰਬਿਕਾ ਨੇ ਆਪਣਾ ਘਰ ਬਾਰ ਤੇ ਬੱਚੇ ਪਾਸੇ ਛੱਡ ਕੇ ਪਤੀ ਦੇ ਸਹਿਯੋਗ ਨਾਲ ਸਖ਼ਤ ਮਿਹਨਤਕੀਤੀ, ਜਿਸਦਾ ਮਿੱਠਾ ਫਲ ਮਿਲਿਆ। ਅੰਬਿਕਾ ਅੱਜ ਨੌਜਵਾਨਾਂ ਖਾਸ ਕਰਕੇ ਔਰਤਾਂ ਲਈ ਪ੍ਰੇਰਨਾ ਸਰੋਤ ਬਣ ਚੁੱਕੀ ਹੈ। ਉਸਦੀ ਮਿਹਨਤ ਦੇ ਰੰਗਾਂ ਨੂੰ ਵੇਖਦੇ ਹੋਏ ਅੱਜ ਉਸਨੂੰ ‘‘ ਲੇਡੀ ਸਿੰਘਮ’’ ਵਜੋਂ ਜਾਣਿਆਂ ਜਾਂਦਾ ਹੈ। ਉਸਨੂੰ ਕਈ ਐਵਾਰਡ ਤੇ ਸਨਮਾਨ ਵੀ ਮਿਲ ਚੁੱਕੇ ਹਨ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ
ਨਗਰ,
ਬਠਿੰਡਾ। ਮੋਬਾ: 098882 75913

Real Estate