ਅੰਡਾਨੀਆ ਦੇ ਚੌਲ ਬਚਾਏਗੀ ‘ਪੰਜਾਬ ਸਰਕਾਰ’

145

ਕੇਂਦਰ ਦੇ ਤਿੰਨ ਖੇਤੀ ਕਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਇਹਨਾਂ ਕਾਨੂੰਨਾਂ ਲਈ ਦੇਸ਼ ਦੇ ਦੋ ਵੱਡੇ ਉਦਯੋਗਿਕ ਘਰਾਣਿਆਂ ‘ਅੰਬਾਨੀ ਅਤੇ ਅਡਾਨੀ’ ਨੂੰ ਹੀ ਜ਼ਿੰਮੇਵਾਰ ਦੱਸਿਆ ਗਿਆ ਹੈ । ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਇਨ੍ਹਾਂ ਘਰਾਣਿਆਂ ਦੇ ਹਰ ਕਾਰੋਬਾਰ ਦਾ ਵਿਰੋਧ ਕੀਤਾ ਗਿਆ ਹੈ । ਇਸੇ ਤਹਿਤ ਕਿਸਾਨਾਂ ਵੱਲੋਂ ਪੰਜਾਬ ਵਿਚਲੇ ਗੌਤਮ ਅਡਾਨੀ ਗਰੁੱਪ ਦੇ ਫਿਰੋਜਪੁਰ ਦੇ ਪਿੰਡ ਵਾਨ ਵਿੱਚ ਬਣੇ ‘ਅਡਾਨੀ ਵਿਲਮਰ ਲਿਮਟਿਡ’ ਦਾ ਘੇਰਾਓ ਕੀਤਾ ਹੋਇਆ ਹੈ। ਅਡਾਨੀ ਵਿਲਮਰ ਲਿਮਟਿਡ ਵਿਚ ਬਹੁਤ ਵੱਡੀ ਤਾਦਾਦ ਵਿਚ ਅਡਾਨੀ ਗਰੁੱਪ ਨੇ ਚੌਲ ਸਟੋਰ ਕੀਤਾ ਹੋਇਆ ਹੈ। ਹੁਣ ਇਸੇ ਚੌਲ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ‘ਪੰਜਾਬ ਸਰਕਾਰ’ ਪੱਬਾਂ ਭਾਰ ਹੋ ਰਹੀ ਹੈ। ਇਸ ਸਿਲਸਿਲੇ ਵਿਚ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨਾਲ ਡੀਆਈਜੀ ਫਿਰੋਜ਼ਪੁਰ ਰੇਂਜ ਹਰਦਿਆਲ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਵੀ ਮੌਜੂਦ ਸਨ।
ਇਸ ਦੌਰਾਨ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਕਿਹਾ ਹੈ ਕਿ ਵੱਖ ਵੱਖ ਜੱਥੇਬੰਦੀਆਂ ਵੱਲੋਂ ਪਿਛਲੇ ਕੁਝ ਮਹੀਨੀਆਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਪਿੰਡ ਵਾਨ ਵਿਖੇ ਸਥਿੱਤ ‘ਅਡਾਨੀ ਵਿਲਮਾਰ ਲਿਮਟਿਡ’ ਅੱਗੇ ਧਰਨਾ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਡਾਨੀ ਵਿਲਮਾਰ ਲਿਮਟਿਡ ਵਿਚ ਚਾਵਲ ਦਾਨੇ ਨੂੰ ਸਟੋਰ ਕੀਤਾ ਗਿਆ ਹੈ ਅਤੇ ਇਸ ਚਾਵਲ ਦਾਨੇ ਨੂੰ ਨਿਰਧਾਰਿਤ ਸਮੇਂ ਵਿਚ ਬਾਹਰ ਭੇਜਣਾ ਜ਼ਰੂਰੀ ਹੈ। ਜੇਕਰ ਇਸ ਨੂੰ ਜਿਅਦਾ ਦੇਰ ਤੱਕ ਅੰਦਰ ਹੀ ਰੱਖਿਆ ਗਿਆ ਤਾਂ ਇਹ ਖਰਾਬ ਹੋ ਸਕਦਾ ਹੈ। ਇਸ ਚਾਵਲ ਦਾਨੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਹੀ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਇਨ੍ਹਾਂ ਉੱਚ ਅਧਿਕਾਰੀਆਂ ਵੱਲੋਂ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਸ ਦੌਰਾਨ ਇਨ੍ਹਾਂ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਚਾਵਲ ਦਾਨੇ ਦੇ ਖਰਾਬ ਹੋਣ ਦੀ ਸਥਿਤੀ ਤੋਂ ਜਾਣੂ ਵੀ ਕਰਵਾਇਆ। ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸਬੰਧੀ ਕਿਸਾਨ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਹ ਇਸ ਸਬੰਧੀ ਸਮੂਹ ਜੱਥੇਬੰਦੀਆਂ ਨਾਲ ਆਪਸ ਵਿਚ ਵਿਚਾਰ ਚਰਚਾ ਕਰ ਕੇ ਜਲਦ ਹੀ ਇਸ ਸਬੰਧੀ ਜਵਾਬ ਦੇਣਗੇ ।

Real Estate