ਕਿਸਾਨ ਅੰਦੋਲਨ : ਉਨ੍ਹਾਂ ਬੰਨ੍ਹ ਲਿਆ ਖੱਫ਼ਣ ਪੰਜ ਪਾਣੀਆਂ ਦਾ…

481

ਸਵਰਾਜਬੀਰ
ਫ਼ਿਰਕਾਪ੍ਰਸਤ ਅਤੇ ਵੰਡ-ਪਾਊ ਸਿਆਸਤ ਕਿਸਾਨ ਅੰਦੋਲਨ ਨੂੰ ਜ਼ਰਬ ਤਾਂ ਪਹੁੰਚਾ ਸਕਦੀ ਹੈ ਪਰ ਇਸ ਦੇ ਅੰਤਰੀਵ ਜਜ਼ਬੇ ਨੂੰ ਕੋਹ ਨਹੀਂ ਸਕਦੀ… ਸਿੰਘੂ ਤੇ ਟੀਕਰੀ ਵਿਚ ਵਸੇ ਇਹ ਨਿੱਕੇ ਨਿੱਕੇ ਪਿੰਡ ਕਿਸਾਨਾਂ ਦੇ ਅਨਿਆਂ ਵਿਰੁੱਧ ਯੁੱਧ ਦੇ ਠਿਕਾਣੇ ਹਨ। ਮੁਕਤਸਰ ਯੁੱਧਾਂ ਵਿਚ ਹੀ ਵਸਦੇ ਹਨ। ਜ਼ਿੰਦਗੀ ਸੁੱਖ-ਦੁੱਖ, ਧੁੱਪ-ਛਾਂ ਦਾ ਮੇਲਾ ਹੈ ਅਤੇ ਇਸ ਮੇਲੇ ਵਿਚ ਮਨੁੱਖਤਾ ਦੀ ਲੋਅ ਨੂੰ ਉੱਚੀ ਰੱਖ ਰਹੇ ਕਿਸਾਨ ਅਤੇ ਉਨ੍ਹਾਂ ਦੀ ਹਮਾਇਤ ਵਿਚ ਨਿੱਤਰੇ ਲੋਕਾਂ ਨੂੰ ਪਤਾ ਹੈ ਕਿ ਉਹ ਇਕ ਬਹੁਤ ਵੱਡੀ ਲੜਾਈ ਲੜ ਰਹੇ ਹਨ; ਇਹ ਮਨੁੱਖ ਦੀ ਮਨੁੱਖ ਰਹਿ ਸਕਣ ਦੀ ਲੜਾਈ ਹੈ, ਸਾਡੇ ਦੇਸ਼ ਦੀ ਚਾਦਰ ’ਤੇ ਲਾਏ ਜਾ ਰਹੇ ਅਮਾਨਵਤਾ ਦੇ ਦਾਗਾਂ ਨੂੰ ਧੋਣ ਦੀ ਲੜਾਈ।

ਉਹ ਕਿਹੋ ਜਿਹੇ ਸਮੇਂ ਸਨ ਜਦ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਸ਼ੁਰੂ ਕੀਤਾ? ਲੋਕ ਕੋਵਿਡ-19 ਦੀ ਮਹਾਮਾਰੀ ਅਤੇ ਸਰਕਾਰ ਦੁਆਰਾ ਅਚਨਚੇਤ ਐਲਾਨੀ ਗਈ ਤਾਲਾਬੰਦੀ ਕਾਰਨ ਫੈਲੇ ਸਹਿਮ ਤੇ ਦਹਿਸ਼ਤ ਤੋਂ ਡਰੇ ਹੋਏ ਸਨ; ਇਸ ਬਿਮਾਰੀ ਤੋਂ ਪ੍ਰਭਾਵਿਤ ਨਜ਼ਦੀਕੀਆਂ ਕੋਲ ਜਾਣ ਤੋਂ ਤ੍ਰਹਿ ਰਹੇ; ਹੱਥ ਮਿਲਾਉਣ ਤੋਂ ਡਰ ਰਹੇ ਸਨ; ਉਨ੍ਹਾਂ ਤੋਂ ਆਪਣੇ ਨਜ਼ਦੀਕੀਆਂ ਦੇ ਮ੍ਰਿਤਕ ਸਰੀਰਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਨਹੀਂ ਸੀ ਹੋਇਆ ਜਾ ਰਿਹਾ। ਬੇਬਸ ਅਤੇ ਲਾਚਾਰ ਪਰਵਾਸੀ ਕਿਰਤੀ ਭੁੱਖਣ-ਭਾਣੇ ਸੈਂਕੜੇ ਮੀਲ ਦੂਰ ਆਪਣੇ ਪਿੰਡਾਂ ਨੂੰ ਪੈਦਲ ਹੀ ਹਿਜਰਤ ਕਰ ਗਏ ਸਨ।

ਦੂਸਰੇ ਪਾਸੇ ਹਾਕਮ ਸਿਆਸੀ ਜਮਾਤ ਤੇਜ਼ੀ ਨਾਲ ਲੋਕਾਂ ਦੇ ਹੱਕ ਖੋਹ ਰਹੀ ਸੀ। ਸਨਅਤੀ ਮਜ਼ਦੂਰਾਂ ਦੇ ਹੱਕਾਂ ਨੂੰ ਸੀਮਤ ਕਰਦੇ ਕਿਰਤ ਕੋਡ ਬਣਾ ਦਿੱਤੇ ਗਏ ਸਨ। ਖੇਤੀ ਖੇਤਰ ਨੂੰ ਕਾਰਪੋਰੇਟ ਅਦਾਰਿਆਂ ਦੇ ਹੱਥਾਂ ਵਿਚ ਸੌਂਪਣ ਲਈ ਪਹਿਲਾਂ ਆਰਡੀਨੈਂਸ ਜਾਰੀ ਕੀਤੇ ਗਏ ਅਤੇ ਫਿਰ ਖੇਤੀ ਕਾਨੂੰਨ ਬਣਾਏ ਗਏ। ਇਸ ਤੋਂ ਪਹਿਲਾਂ ਸ਼ਾਹੀਨ ਬਾਗ਼ ਦੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਲੋਕ ਨਾਨੀਆਂ, ਦਾਦੀਆਂ ਤੇ ਹਰ ਉਮਰ ਦੀਆਂ ਔਰਤਾਂ ਦੇ ਮੋਰਚੇ ਨੂੰ ਸ਼ਾਹੀਨ ਬਾਗ਼ ’ਚੋਂ ਉਠਾ ਦਿੱਤਾ ਗਿਆ ਸੀ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਗੁੰਡੇ ਘੱਲ ਕੇ ਅਤੇ ਜਾਮੀਆ ਮਿਲੀਆ ਯੂਨੀਵਰਸਿਟੀ ਵਿਚ ਪੁਲੀਸ ਵਾੜ ਕੇ ਵਿਦਿਆਰਥੀਆਂ ਨੂੰ ਸਬਕ ਸਿਖਾਇਆ ਜਾ ਚੁੱਕਾ ਸੀ। ਦਿੱਲੀ ਦੀਆਂ ਚੋਣਾਂ ਵਿਚ ਲੋਕ ਹਿੱਤਾਂ ਲਈ ਲੜਨ ਵਾਲਿਆਂ ਨੂੰ ਗ਼ੱਦਾਰ ਕਹਿੰਦਿਆਂ, ‘‘ਦੇਸ਼ ਦੇ ਗ਼ਦਾਰੋਂ ਕੋ, ਗੋਲੀ ਮਾਰੋ… ਕੋ’’ ਜਿਹੇ ਨਾਅਰੇ ਲਗਾ ਕੇ ਫ਼ਿਰਕੂ ਹਿੰਸਾ ਭੜਕਾਈ ਗਈ ਸੀ। ਬਾਅਦ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਵਾਲਿਆਂ ਨੂੰ ਇਸ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਸਫ਼ੂਰਾ ਜ਼ਰਗਰ, ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ, ਉਮਰ ਖਾਲਿਦ ਤੇ ਹੋਰ ਵਿਦਿਆਰਥੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਲੋਕਾਂ ਵਿਚ ਇਹ ਪ੍ਰਭਾਵ ਜਾ ਰਿਹਾ ਸੀ ਕਿ ਸੱਤਾਧਾਰੀ ਪਾਰਟੀ ਨਾਲ ਅਸਹਿਮਤੀ ਰੱਖਣੀ ਮਹਿੰਗੀ ਪਵੇਗੀ। ਉਨ੍ਹਾਂ ਸਮਿਆਂ ਦਾ ਮਾਹੌਲ ਕੁਝ ਇਹੋ ਜਿਹਾ ਸੀ:

ਹੁਣ ਦੁਮੇਲਾਂ ਤੋਂ ਕੁਝ ਨਾ ਉਦੈ ਹੁੰਦਾ

ਜਾਦੂ ਸ਼ਾਮਾਂ ਤੇ ਕਿਸੇ ਦਾ ਛਾਉਂਦਾ ਨਾ

ਚਿਹਰਿਆਂ ਉੱਤੇ ਰਾਜ ਪੱਤਝੜਾਂ ਦਾ

ਫ਼ਸਲ ਹਾਸਿਆਂ ਦੀ ਕੋਈ ਲਾਉਂਦਾ ਨਾ

ਤੁਰਦੇ ਬੱਦਲਾਂ ਦੀ ਸੱਜਰੀ ਛਾਂ ਹੇਠਾਂ

ਮੰਜਾ ਸੱਜਣ ਕੋਈ ਆਪਣਾ ਡਾਹੁੰਦਾ ਨਾ

ਹੁਣ ਰਾਤ ਹੈ ਹੈਂਕੜੀ ਤੁਰੀ ਫਿਰਦੀ

ਪੱਲੇ ਚਾਂਦਨੀ ਦੀ ਨਾ ਚਿੱਪ ਹੁੰਦੀ

ਹੁਣ ਤਾਰਿਆਂ ਕੋਲੋਂ ਨਾ ਹੱਸ ਹੁੰਦਾ

ਬੁੱਲ੍ਹਾਂ ’ਤੇ ਮੁਸਕਾਨ ਨਾ ਲਿੱਪ ਹੁੰਦੀ

ਜਿੱਥੇ ਛਾਂ ਮੰਗੀਏ, ਉਥੇ ਨਾ ਛਾਂ ਮਿਲਦੀ

ਡਾਢੇ ਅੰਬਰਾਂ ਕੋਲ ਨਾ ਧੁੱਪ ਹੁੰਦੀ

ਬੋਲ ਭਰੇ ਨੇ ਗਿੱਦੜ-ਰੌਲ਼ਿਆਂ ਨਾਲ

ਸੰਸਿਆਂ ਨਾਲ ਪਈ ਭਾਰੀ ਚੁੱਪ ਹੁੰਦੀ।

ਬੋਲਣਾ ਤੇ ਚੁੱਪ ਰਹਿਣਾ ਦੋਵੇਂ ਮੁਸ਼ਕਲ ਹੋ ਗਏ ਸਨ। ਉਸ ਸਮੇਂ ਇਉਂ ਲੱਗਦਾ ਸੀ ਜਿਉਂ ਵੇਲੇ ਦੇ ਪੈਰ ਥਿੜਕ ਰਹੇ ਹੋਣ; ਲੋਕਾਈ ਦੀ ਆਤਮਾ ਕੋਹੀ ਜਾ ਰਹੀ ਸੀ, ਪ੍ਰੇਸ਼ਾਨ ਸੀ; ਇਉਂ ਲੱਗਦਾ ਸੀ ਜਿਵੇਂ ਉਹ ਸਮਿਆਂ ਨੂੰ ਇਹ ਸਵਾਲ ਕਰ ਰਹੀ ਹੋਵੇ:

ਦਰਦ ਕੀਹਦੀਆਂ ਅੱਖਾਂ ਦੀ ਲਾਲੀ ਹੈ

ਪਿਆਰ ਕੀਹਦੇ ਹੋਠਾਂ ਤੇ ਜੜ੍ਹਾਂ ਲੈਂਦਾ ਸਾਗਰ

ਗਰਦਿਸ਼ ਦੀ ਪੈੜ ਦਾ ਕੀਹਨੂੰ ਪਤਾ ਹੈ

ਭੁੱਖ ਨਾਲ ਜ਼ਖ਼ਮੀ ਖੇਤਾਂ ਲਈ

ਕੀਹਦੇ ਕੋਲ ਹੈ

ਉਮੰਗਾਂ ਦੀ ਮੱਲ੍ਹਮ

ਕੀਹਨੂੰ ਆਉਂਦਾ ਹੈ

ਝੱਖੜ ਦੀਆਂ ਨੀਹਾਂ ’ਤੇ

ਘਰ ਬਣਾਉਣ ਦਾ ਵੱਲ?

ਝੱਖੜਾਂ ਦੀਆਂ ਨੀਹਾਂ ’ਤੇ ਘਰ ਬਣਾਉਣਾ ਜਾਣਦੇ ਪੰਜਾਬ ਦੇ ਕਿਸਾਨਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ; ਸੂਬੇ ਦੇ ਕਿਸਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ। ਉਨ੍ਹਾਂ ਨੇ ਸਹਿਮ ਤੇ ਦਹਿਸ਼ਤ ਦੇ ਜਮੂਦ ਨੂੰ ਤੋੜਦਿਆਂ ਹਿੰਮਤ ਦੇ ਨਵੇਂ ਸੰਸਾਰ ਦੀ ਸਿਰਜਣਾ ਕੀਤੀ। ਉਨ੍ਹਾਂ ਨੇ ਕੁਝ ਇਸ ਤਰ੍ਹਾਂ ਦਾ ਕੀਤਾ:

ਉਨ੍ਹਾਂ ਬੰਨ੍ਹ ਲਿਆ ਖੱਫ਼ਣ ਪੰਜ ਪਾਣੀਆਂ ਦਾ

ਮਿੱਟੀ ਆਪਣੀ ਸ੍ਵਾਵੇਂ ਜਾ ਖੜ੍ਹੇ ਹੋਏ

ਲੀਰੋ ਲੀਰ ਝੱਗੇ ਪੱਗਾਂ ਪਾਟੀਆਂ ਸਨ

ਨਗੀਨੇ ਪਰ ਜਾਂਬਾਜ਼ੀ ਦੇ ਜੜੇ ਹੋਏ

ਲਿਆ ਚੁੱਲ੍ਹਿਆਂ ਤੋਂ ਸੇਕ ਤੇ ਤਾਅ ਸਾਰਾ

ਤੂਫ਼ਾਨ ਸਨ ਸਾਹਵਾਂ ਦੇ ਚੜ੍ਹੇ ਹੋਏ

ਉਹ ਅੱਗ ਦੇ ਹਰਫ਼ਾਂ ਦਾ ਹਲਫ਼ ਹੈਸਨ

ਤੇ ਇਬਾਦਤ ਖੇਤਾਂ ਦੀ ਪੜ੍ਹੇ ਹੋਏ।

ਇਸ ਅੰਦੋਲਨ ਦਾ ਸਦਕਾ ਪੰਜਾਬ ਵਿਚ ਜਿਊਣ ਵਿਚ ਯਕੀਨ ਕਰਨ ਤੇ ਸੁਫ਼ਨੇ ਲੈਣ ਦਾ ਚੰਬਾ ਫਿਰ ਮਹਿਕਿਆ ਹੈ। ਪਰਵਾਸ ਅਜੇ ਵੀ ਪੰਜਾਬੀਆਂ ਦਾ ਸੁਫ਼ਨਾ ਹੈ ਪਰ ਹੁਣ ਪੰਜਾਬੀਆਂ ਨੂੰ ਇਹ ਵੀ ਪਤਾ ਹੈ ਕਿ ਅਸਲੀ ਲੜਾਈ ਆਪਣੀ ਧਰਤੀ ’ਤੇ ਲੜਨੀ ਪੈਣੀ ਹੈ। ਉਹ ਜਾਣਦੇ ਹਨ ਕਿ:

ਝਨਾਂ ਹੋਵੇ ਜਾਂ ਸਤਲੁਜ ਦਾ ਕੰਢਾ

ਕਈ ਵਾਰ ਯਾਰੋ ਮਰਨਾ ਪੈਂਵਦਾ ਏ

ਮੰਗਣੀ ਪੈਂਦੀ ਅੱਗ ਚੇਤਿਆਂ ਤੋਂ

ਭਲਕ ਦੀ ਚੁੱਪ ਵਿਚ ਸੜਨਾ ਪੈਂਵਦਾ ਏ

ਰਾਹ ਰਣਭੂਮੀ ਦਾ ਕੋਈ ਦੱਸਦਾ ਨਾ

ਰਾਹ ਆਪੇ ਉਹ ਫੜਨਾ ਪੈਂਵਦਾ ਏ

ਰਾਹ ਫੜ ਲਈਏ ਤੋਰ ਮਟਕਾਅ ਲਈਏ

ਰਾਹਵਾਂ ਵਿਚ ਰਾਤਾਂ ਨੂੰ ਤਰਨਾ ਪੈਂਵਦਾ ਏ

ਆਪਣੀਆਂ ਮੰਜ਼ਿਲਾਂ ਤਕ ਪਹੁੰਚਣ ਲਈ ਪੰਜਾਬੀ ਮੁਸ਼ਕਿਲਾਂ ਤੇ ਤਕਲੀਫ਼ਾਂ ਦੀਆਂ ਝਨਾਵਾਂ ਤਰਦੇ ਆਏ ਹਨ। ਉਨ੍ਹਾਂ ਨੂੰ ਆਪਣੇ ਅਕੀਦੇ ’ਤੇ ਯਕੀਨ ਹੋਵੇ ਤਾਂ ਉਹ ਕੱਚੇ ਘੜਿਆਂ ’ਤੇ ਵੀ ਦਰਿਆਵਾਂ ਵਿਚ ਕੁੱਦ ਜਾਂਦੇ ਹਨ। ਰਾਹ ਤੇ ਮੰਜ਼ਿਲ ਦੇ ਸਹੀ ਹੋਣ ਦੇ ਯਕੀਨ ਦੀ ਅੱਗ ਕੱਚੇ ਘੜਿਆਂ ਨੂੰ ਵੀ ਪੱਕੇ ਕਰ ਦਿੰਦੀ ਹੈ ਤੇ ਕੁਝ ਅਜਿਹਾ ਹੀ ਇਸ ਅੰਦੋਲਨ ਨਾਲ ਵਾਪਰਿਆ। ਕਿਸਾਨਾਂ ਦੇ ਨਾਲ ਹੋਰ ਵਰਗਾਂ ਦੇ ਲੋਕ, ਨੌਜਵਾਨ, ਵਿਦਿਆਰਥੀ, ਗਾਇਕ, ਚਿੰਤਕ, ਲੇਖਕ, ਸਭ ਇਸ ਅੰਦੋਲਨ ਵਿਚ ਸ਼ਾਮਲ ਹੋਏ ਹਨ।

ਇਸ ਅੰਦੋਲਨ ਨੂੰ ਕਈ ਪੱਖਾਂ ਤੋਂ ਭੰਡਣ ਦੀ ਕੋਸ਼ਿਸ਼ ਕੀਤੀ ਗਈ, ਇਸ ਨੂੰ ਕਦੇ ਖਾਲਿਸਤਾਨੀ, ਕਦੇ ਅਤਿਵਾਦੀ ਅਤੇ ਕਦੇ ਨਕਸਲਵਾਦੀ ਕਿਹਾ ਗਿਆ। 26 ਜਨਵਰੀ ਨੂੰ ਵੀ ਕੁਝ ਤੱਤਾਂ ਨੇ ਇਸ ਸ਼ਾਂਤਮਈ ਅੰਦੋਲਨ ਨੂੰ ਲੀਹਾਂ ਤੋਂ ਲਾਹੁਣ ਦੀ ਕੋਸ਼ਿਸ਼ ਕੀਤੀ। ਫ਼ਿਰਕਾਪ੍ਰਸਤ ਅਤੇ ਵੰਡ-ਪਾਊ ਸਿਆਸਤ ਕਿਸਾਨ ਅੰਦੋਲਨ ਨੂੰ ਜ਼ਰਬ ਤਾਂ ਪਹੁੰਚਾ ਸਕਦੀ ਹੈ ਪਰ ਇਸ ਦੇ ਅੰਤਰੀਵ ਜਜ਼ਬੇ ਨੂੰ ਕੋਹ ਨਹੀਂ ਸਕਦੀ; ਅਜਿਹੀ ਸਿਆਸਤ ਦੇ ਬੰਜਰ ਹੱਥ ਉਸ ਜਰਖੇਜ਼ ਜਜ਼ਬੇ ਤਕ ਪਹੁੰਚ ਹੀ ਨਹੀਂ ਸਕਦੇ ਕਿਉਂਕਿ:

ਜੇਸ ਕੋਲ ਹੋਵੇ ਜੇਹੋ ਜੇਹਾ ਸੂਰਜ

ਓਹੋ ਜੇਹਾ ਹੀ ਓਸ ਦਾ ਸੁਫ਼ਨ ਹੁੰਦਾ

ਓਨੇ ਲੰਮੇ ਹੀ ਓਸ ਦੇ ਸਫ਼ਰ ਹੁੰਦੇ

ਜੇਰਾ ਓਸਦਾ ਕਦੇ ਨਾ ਦਫ਼ਨ ਹੁੰਦਾ

ਰਣਭੂਮੀ ’ਚੋਂ ਕੋਈ ਨਾ ਪਰਤ ਸਕਦਾ

ਪਾਣੀ ਪੀਣ ਲਈ ਵੀ ਨਾ ਰੁਕਣ ਹੁੰਦਾ

ਅੱਗ ਜੀਣ ਦੀ ਜੇ ਸਹੇੜ ਲਈਏ

ਸਾਰੀ ਉਮਰ ਫੇਰ ਓਸ ’ਚ ਧੁਖਣ ਹੁੰਦਾ।

ਸਿਰ ਉੱਚਾ ਕਰ ਕੇ ਜਿਊਣ ਦੀ ਅੱਗ ਵਿਚ ਧੁਖ਼ ਰਹੇ ਇਨ੍ਹਾਂ ਕਿਸਾਨਾਂ ਨੂੰ ਪਰਿੰਦਿਆਂ ਤੇ ਉਨ੍ਹਾਂ ਦੇ ਸੰਘਰਸ਼ ਨੂੰ ਪਰਵਾਜ਼ ਦੇ ਬਿੰਬਾਂ ਰਾਹੀਂ ਚਿਤਰਿਆ ਜਾਵੇ ਤਾਂ ਇਸ ਸੰਘਰਸ਼ ਦੇ ਨਕਸ਼ ਕੁਝ ਏਦਾਂ ਦੇ ਬਣਦੇ ਹਨ:

ਰਿੰਦੇ

ਤਲੀਆਂ ਤੋਂ ਚੁਗ਼ਦੇ ਨੇ ਚੋਗ

ਦਰਿਆਵਾਂ ਤੋਂ ਲੈਂਦੇ ਦੁੱਖਾਂ ਦੀ ਸਾਰ

ਖੇਤਾਂ ’ਚੋਂ ਧਾਰਦੇ ਨੇ ਜੋਗ

ਉੱਡਣਾ ਕੀ ਹੈ

ਅੰਬਰ ਨੂੰ ਜਾਗਦੇ ਰੱਖਣਾ

ਧਰਤੀ ਦੀ ਨੀਂਦ ਨੂੰ ਸੁਫ਼ਨੇ ਦੇਣਾ

ਮਸ਼ਾਲ ਮਸ਼ਾਲ ਹੋਇਆ ਜਨੂੰਨ ਹੈ

ਜਾਂ ਲੜਦਾ ਹੋਇਆ ਸਕੂਨ ਹੈ?

ਉੱਡਣਾ ਆਰੰਭ ਹੈ,

ਇਨ੍ਹਾਂ ਦਾ।

ਉੱਡਣਾ ਅਖ਼ੀਰ ਹੈ

ਉੱਡਣ ਦੀਆਂ ਛੈਣੀਆਂ ਨਾਲ

ਘੜਦੇ ਨੇ ਇਹ

ਦਸਤਕਾਂ ਦੀ ਪੁਹ ਦਾ ਚਿਹਰਾ

ਸਧਰਾਏ ਨੈਣਾਂ ਦੀ ਨੀਝ ਨਾਲ

ਪੜ੍ਹਦੇ ਨੇ ਇਹ

ਪਾਣੀਆਂ ਨੇ ਮਿੱਟੀ ’ਤੇ

ਲਿਖਿਐ ਹੁੰਦੈ ਜੋ

ਇਹੀ ਤਾਂ ਬਣਾਉਂਦੇ ਨੇ

ਅੱਗ ਵਿਚ ਪਰ ਤੋਲਦੀ ਚਾਂਦਨੀ ’ਚ ਘਰ

ਇਹੀ ਤਾਂ ਹੱਸਦੇ ਨੇ

ਤੂਫ਼ਾਨਾਂ ਦਾ ਆਖ਼ਰੀ ਹਾਸਾ

ਇਹੀ ਤਾਂ ਵੱਸਦੇ ਨੇ

ਆਸਾਂ ਦੇ ਅੰਬਰਾਂ ਵਿਚ

ਉਮਰ ਦੇ ਹੱਠ ਦੀ ਹਰ ਸ਼ਾਖ ’ਤੇ

ਇਨ੍ਹਾਂ ਦਾ ਆਲ੍ਹਣਾ ਹੈ

ਉਨ੍ਹਾਂ ਦੇ ਹੱਠ ਦੇ ਆਲ੍ਹਣੇ ਅੱਜ ਸਿੰਘੂ ਤੇ ਟੀਕਰੀ ਬਾਰਡਰਾਂ ’ਤੇ ਦਿਖਾਈ ਪੈ ਰਹੇ ਹਨ; ਕਿਸੇ ਨੇ ਸਿਰਕੀਆਂ ਪਾ ਕੇ ਛੰਨ ਛੱਤ ਲਈ ਹੈ ਤੇ ਕਿਸੇ ਨੇ ਟਰਾਲੀ ਵਿਚ ਨਿੱਘਾ ਆਲ੍ਹਣਾ ਪਾ ਲਿਆ ਹੈ। ਸਿੰਘੂ ਤੇ ਟੀਕਰੀ ਵਿਚ ਵਸੇ ਇਹ ਨਿੱਕੇ ਨਿੱਕੇ ਪਿੰਡ ਕਿਸਾਨਾਂ ਦੇ ਅਨਿਆਂ ਵਿਰੁੱਧ ਯੁੱਧ ਦੇ ਠਿਕਾਣੇ ਹਨ। ਮੁਕਤਸਰ ਯੁੱਧਾਂ ਵਿਚ ਹੀ ਵਸਦੇ ਹਨ। ਜ਼ਿੰਦਗੀ ਸੁੱਖ-ਦੁੱਖ, ਧੁੱਪ-ਛਾਂ ਦਾ ਮੇਲਾ ਹੈ ਅਤੇ ਇਸ ਮੇਲੇ ਵਿਚ ਮਨੁੱਖਤਾ ਦੀ ਲੋਅ ਨੂੰ ਉੱਚੀ ਰੱਖ ਰਹੇ ਕਿਸਾਨ ਅਤੇ ਉਨ੍ਹਾਂ ਦੀ ਹਮਾਇਤ ਵਿਚ ਨਿੱਤਰੇ ਲੋਕਾਂ ਨੂੰ ਪਤਾ ਹੈ ਕਿ ਉਹ ਇਕ ਬਹੁਤ ਵੱਡੀ ਲੜਾਈ ਲੜ ਰਹੇ ਹਨ; ਇਹ ਮਨੁੱਖ ਦੀ ਮਨੁੱਖ ਰਹਿ ਸਕਣ ਦੀ ਲੜਾਈ ਹੈ, ਸਾਡੇ ਦੇਸ਼ ਦੀ ਚਾਦਰ ’ਤੇ ਲਾਏ ਜਾ ਰਹੇ ਅਮਾਨਵਤਾ ਦੇ ਦਾਗਾਂ ਨੂੰ ਧੋਣ ਦੀ ਲੜਾਈ। ਲੜਦੇ ਹੋਏ ਇਹ ਲੋਕ ਜਾਣਦੇ ਹਨ:

ਦੁਨੀਆ, ਧੁੱਪ ਤੇ ਛਾਂ ਦਾ ਬਲੇ ਦੀਵਾ

ਰੌਸ਼ਨ ਅਸਾਂ ਨੇ ਏਸ ਨੂੰ ਰੱਖਣਾ ਏ

ਪਿੰਡਾਂ ਵਿੱਚ ਵੱਸਣਗੇ ਧੀਆਂ ਪੁੱਤ ਸਾਡੇ

ਮਾਣ ਅਸਾਂ ਉਮਰਾਂ ਦਾ ਦੱਸਣਾ ਏ

ਜ਼ਹਿਰ ਜੀਹਨੂੰ ਸ਼ੌਕ ਦਾ ਤੱਤ ਕਹਿੰਦੇ

ਜ਼ਹਿਰ ਅਸਾਂ ਉਹ ਜੀਭ ’ਤੇ ਚੱਖਣਾ ਏ

ਸਾਡੇ ਨਾਲ ਹੀ ਹੈ ਤੋਰ ਵੇਲਿਆਂ ਦੀ

ਸਾਡੇ ਬਿਨਾ ਜਹਾਨ ਇਹ ਸੱਖਣਾ ਏ।

ਬੰਦਾ ਹੋਣਾ ਹੈ ਇਕ ਜਨੂੰਨ ਯਾਰੋ

ਬੰਦਾ ਹੋਣ ਲਈ ਬੰਦੇ ਨੇ ਮਰਦੇ ਰਹੇ

ਜਿਹੜੇ ਬੈਠ ਸਹੇੜ ਰਾਹ ਦੁਸ਼ਮਣਾਂ ਨੂੰ

ਬੈਠ ਫ਼ਸੀਲਾਂ ’ਤੇ ਰਾਤਾਂ ਨੂੰ ਜਰਦੇ ਰਹੇ

ਜਿਸਮਾਂ ਆਪਣਿਆਂ ਤੀਕ ਨਾ ਰਹੇ ਬਾਕੀ

ਨਕਸ਼ਾਂ, ਖੇਤਾਂ, ਪਹਾੜਾਂ ਲਈ ਲੜਦੇ ਰਹੇ

ਡੁੱਬ ਗਈ ਬਾਤ ਲੰਬੀ ਉਹ ਨਫ਼ਰਤਾਂ ਦੀ

ਪੱਤ ਪ੍ਰੇਮ ਪਰਵਾਜ਼ ਦੇ ਪਰ ਤਰਦੇ ਰਹੇ।

Real Estate