ਆਓ! ਟੋਭਾ ਇਸ਼ਨਾਨ ਕਰੀਏ

203

ਚਰਨਜੀਤ ਭੁੱਲਰ

ਦਸੌਂਧਾ ਸਿਉਂ ਕਿਸੇ ਨਾਲੋਂ ਰੱਤੀ ਘੱਟ ਨਹੀਂ। ਮਜਾਲ ਐ ਕੋਈ ਖੰਘ ਜਾਏ! ਏਸ ਜ਼ਮਾਨੇ ਵਿੱਚ ਖੰਘਣਾ, ਉਂਜ ਸਸਤਾ ਸੌਦਾ ਨਹੀਂ। ਜ਼ਿੰਦਗੀ ਦੇ ਸਿਲਕ ਰੂਟ ’ਤੇ, ਸਾਹਾਂ ਦੇ ਸੌਦਾਗਰ ਆਣ ਖੜ੍ਹੇ ਨੇ। ਪਿੰਡ ਦੀ ਝਿੜੀ ’ਚ ਖੜ੍ਹ ਕੇ, ਤਖ਼ਤ ਦਾ ਚਿਹਰਾ ਪੜ੍ਹ ਕੇ, ਦਸੌਂਧਾ ਸਿੰਘ ਢੋਲ ਵਜਾ ਰਿਹੈ, ਨਾਲੇ ਹੋਕਾ ਲਾ ਰਿਹੈ, ‘ਦੁਨੀਆ ਭਰ ਦੇ ਡਾਕਟਰੋ! ਆਓ, ਸਾਡੇ ਪਿੰਡ ਵਾਲੇ ਟੋਭੇ ’ਚ ਨਹਾਓ। ਕਰੋਨਾਈ ਚਿੱਚੜ ਛੱਪੜ ’ਚ ਵਹਾਓ, ਤੁਸੀਂ ਨੌਂ ਬਰ ਨੌਂ ਹੋ ਕੇ ਜਾਓ। ਅੱਗੇ ਆਂਢ-ਗੁਆਂਢ ਵੀ ਦੱਸ ਪਾਓ। ਨਾਲੇ ਪੁੰਨ ਦੀਆਂ ਫਲੀਆਂ ਖਾਓ।’ ਅੱਗੇ ਨਹੀਂ ਸੀ ਮਾਣ, ਹੁਣ ਨੱਥ ਦਾ ਗ਼ੁਮਾਨ।

ਬਾਬਾ ਦਸੌਂਧਾ ਸਿਉਂ ਦਾ ਨਵਾਂ ਨੁਸਖ਼ਾ ਹੈ, ‘ਟੋਭਾ ਇਸ਼ਨਾਨ।’ ਵੱਡਾ ਬੋਰਡ ਲਾਇਐ, ‘ਛੱਪੜ ਵਿੱਚ ਨਹਾਓ, ਕਰੋਨਾ ਭਜਾਓ।’ ਦੂਜੀ ਲਹਿਰ ਦਾ ਵਾਇਰਸ ਹੁਣ ਪਿੰਡਾਂ ’ਚ ਪੱਤਲ ਦੇਣ ਨਿਕਲਿਐ। ਨਾਰਦ ਮੁਨੀ ਤੋਂ ਪਹਿਲਾਂ ਇੱਕ ਖ਼ਬਰ ਸੁਣੋ; ਗੁਜਰਾਤ ਵਿੱਚ ਕਰੋਨਾ ਤੋਂ ਬਚਣ ਲਈ ਦੇਸ਼ ਭਗਤਾਂ ਨੇ ਗਊਸ਼ਾਲਾ ਵਿੱਚ ਗੋਹਾ ਇਸ਼ਨਾਨ ਕੀਤੈ। ਕਮਲ਼ਿਆਂ ਦੇ ਸਿੰਗ ਹੁੰਦੇ ਤਾਂ ਮੋਦੀ ਕੇ ਦੇਸ਼ ਮੇਂ, ਬਾਰਾਂਸਿੰਗੇ ਬੋ-ਮਾਨਸ ਕਰਦੇ ਫਿਰਦੇ। ਗੋਹੇ ’ਚ ਗੜੁੱਚ ਭਗਤਾਂ ਨੂੰ ਵੇਖ, ਕਰੋਨਾ ਤਾਂ ‘ਮੌਗੈਂਬੋ ਤੋਂ ਵੱਧ ਖ਼ੁਸ਼’ ਹੋਇਆ ਹੋਊ। ਗਊਸ਼ਾਲਾ ਦੇ ਵਹਿੜਕੇ ਢੁੱਡਮਈ ਅੰਦਾਜ਼ ’ਚ ਹੱਸੇ ਕਿਸੇ ਨੇ ਸਿਆਣੀ ਮੱਤ ਦਿੱਤੀ, ‘ਗੋਹਾ ਭਗਤੋ! ਕਾਲੀ ਉੱਲੀ ਨਾ ਚੰਬੇੜ ਲਿਓ। ਉਂਜ ਸੁੱਜੇ ਮੂੰਹ ਨੂੰ ਸ਼ਹਿਦ ਵੀ ਕੌੜਾ ਲੱਗਦੈ।’

ਗੋਹੇ ਦਾ ਵਟਣਾ ਮਲਣ ਵਾਲਿਆਂ ਨੂੰ ਕੌਣ ਮੱਤ ਦੇਵੇ, ਮੱਤ ਹਜ਼ਮ ਕਰਨਾ ਸਿੱਖੋ। ਮੁੜ ਪਿੰਡ ਵਾਲੇ ਟੋਭੇ ’ਤੇ ਚੱਲਦੇ ਹਾਂ। ਬੂਰੀਆਂ ਮੱਝਾਂ ਕੀ, ਤੋਕੜ ਕੀ, ਕੱਟੇ-ਕੱਟੀਆਂ, ਛੱਪੜ ’ਚ ਤਾਰੀ ਲਾਉਂਦੀਆਂ, ਛੱਪੜ ਵਿੱਚ ਹੀ ਮਲ-ਮੂਤਰ, ਵਿੱਚੇ ਹੀ ਗੋਹਾ ਨਿਕਾਸੀ। ਉਸੇ ਟੋਭੇ ’ਚ ਜੁਆਕ ਵੀ ਡੁਬਕੋ-ਡੁਬਕੀ ਹੁੰਦੇ, ਜੈਵਿਕ ਇਸ਼ਨਾਨ ਕਰ ਘਰਾਂ ਨੂੰ ਮੁੜਦੇ। ਤਾਹੀਓਂ ਬਾਬਾ ਗੋਹਾਖਾਣੀ ਕਰ ਰਿਹੈ ਮੋਦੀ ਜਨੋਂ! ਗੋਹਾ ਇਸ਼ਨਾਨ ਛੱਡੋ, ਟੋਭਾ ਇਸ਼ਨਾਨ ਕਰੋ। ਜਿਨ੍ਹਾਂ 92 ਲੱਖ ਭਗਤਾਂ ਨੇ ਗੰਗਾ ਵਿੱਚ ਸ਼ਾਹੀ ਇਸ਼ਨਾਨ ਕੀਤੈ, ਮੁਲਕ ’ਚ ਲਾਗ ਦੇ ਖੁੱਲ੍ਹੇ ਗੱਫੇ ਵਰਤਾ ਰਹੇ ਨੇ। ਪ੍ਰਧਾਨ ਸੇਵਕ ਘੱਟੋ-ਘੱਟ ਮਹਾਮਾਰੀ ਤੋਂ ਹੀ ਸਿੱਖ ਲੈਂਦੇ। ਮਹਾਤਮਾ ਬੁੱਧ ਵੀ ਇਹੋ ਆਖਦੇ ਨੇ, ਜਦੋਂ ਕੋਈ ਸਿੱਖਣ ਲਈ ਤਿਆਰ ਹੁੰਦਾ ਹੈ ਤਾਂ ਗੁਰੂ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ।

ਬਲਿਹਾਰੇ ਜਾਈਏ ਸਿਆਸੀ ਭਗਤਾਂ ਦੇ! ਪਹਿਲੋਂ ਮਹਾਂ ਕੁੰਭ ’ਤੇ ਇਸ਼ਨਾਨ, ਮਗਰੋਂ ਗੋਹਾ ਇਸ਼ਨਾਨ। ਜਦੋਂ ਦਿਮਾਗ਼ ’ਚ ਗੋਹਾ ਭਰ ਜਾਵੇ, ਉਦੋਂ ਅਕਲ ਦੇ ਸੇਕੇ ਦੇਣੇ ਪੈਂਦੇ ਨੇ। ਕਾਸ਼, ਗੰਗਾ ਮਈਆ ਦਿਲਾਂ ਦਾ ਕੂੜ ਸਾਫ਼ ਕਰਦੀ! ਸਫ਼ੈਦ ਝੂਠ ਬੋਲਣ ਵਾਲਿਆਂ ਨੂੰ ਅੱਜ ਲੁਕਣਾ ਨਾ ਪੈਂਦਾ। ਦਿਲ ਤੋਂ ਵੱਧ ਪਵਿੱਤਰ ਕੋਈ ਗੁਫ਼ਾ ਨਹੀਂ। ਭਲੇ ਮਾਣਸਾਂ ਨੇ ਉੱਥੇ ਵੀ ਨਫ਼ਰਤੀ ਦਿਓ ਪਾਲ ਲਿਐ। ਰੱਬ ਕਿੱਧਰ ਜਾਏ।। ਅੱਗੇ ਦਿਓ ਖੜ੍ਹੈ। ਬਾਬਾ ਬੁੱਲ੍ਹੇ ਸ਼ਾਹ ਸੱਚ ਸੁਣਾ ਗਏ, ‘ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ, ਮਿਲਦਾ ਡੱਡੂਆਂ ਮੱਛੀਆਂ।’

ਦਿਲਾਂ ’ਚ ਮੈਲ ਨਹੀਂ, ਫੇਰ ਚਾਹੇ ਪੰਜ ਇਸ਼ਨਾਨਾਂ ਕਰ ਲਓ। ਠੰਢੇ ਮੁਲਕਾਂ ਨੂੰ ਛੱਡੋ, ਇੱਧਰ ਵੀ ਬਹੁਤ ਸ਼ਨਿੱਚਰੀ ਮਿਲ ਜਾਣਗੇ, ਤਿੰਨ ਇਸ਼ਨਾਨਾਂ ਕਰਨ ਵਾਲੇ। ਮਤਲਬ ਮੂੰਹ ਹੱਥ ਧੋਤਾ, ਜੀਵਨ ਸਫ਼ਲਾ ਕੀਤਾ। ਚੇਤੇ ’ਚੋਂ ਖ਼ਾਰਜ ਹੋਇਐ, ਇੱਕ ਕੌਮਾਂਤਰੀ ਲਿਖਾਰੀ ਨੇ ਕੇਰਾਂ ਇੰਟਰਵਿਊ ਵਿੱਚ ਖ਼ੁਲਾਸਾ ਕੀਤਾ, ‘ਬਈ ਯਾਦ ਨਹੀਂ ਆਖ਼ਰੀ ਵਾਰ ਕਦੋਂ ਇਸ਼ਨਾਨ ਕੀਤਾ ਸੀ।’ ਸਰਦ ਰੁੱਤ ਵਿੱਚ ਬਹੁਤੇ ਆਖਣਗੇ, ‘ਸਰੀਰ ਨੂੰ ਕਸ਼ਟ ਕਾਹਤੋਂ ਦੇਣੈ, ਪੰਜ ਇਸ਼ਨਾਨਾਂ ਕਦੋਂ ਕੰਮ ਆਊ!’

ਇਸ਼ਨਾਨੀ ਕਥਾ ਉਸ ਭੁਜੰਗੀ ਦੀ ਗੱਲ ਸੁਣਾ ਕੇ ਪੂਰਦੇ ਹਾਂ ਜਿਹੜਾ ਪੰਜ ਇਸ਼ਨਾਨਾਂ ਸੁਣ ਛੂ-ਮੰਤਰ ਹੋ ਗਿਆ ਸੀ। ਸੁਣੋ, ਰੋਹੀ ਬੀਆਬਾਨ ’ਚ ਸਾਧ ਦੇ ਡੇਰੇ ਨਵਾਂ ਭੁਜੰਗੀ ਆਇਆ। ਭੁਜੰਗੀ ਦਾ ਨਿੱਤਨੇਮ ਸੀ, ਬਹੁਤ ਦੂਰੋਂ ਘੜਾ ਪਾਣੀ ਦਾ ਲਿਆਉਣਾ, ਥੱਕ ਟੁੱਟ ਜਾਂਦਾ ਤੇ ਵਾਟ ਚੂਰ ਕਰ ਦਿੰਦੀ। ਸਾਧ ਘੜੇ ਦੇ ਪਾਣੀ ਨਾਲ ਇਸ਼ਨਾਨ ਕਰਦਾ। ਇੱਕ ਦਿਨ ਸਾਧ ਆਖਣ ਲੱਗਾ, ‘ਅੱਜ ਪੰਜ ਇਸ਼ਨਾਨਾਂ ਕਰਾਂਗੇ।’ ਅਣਜਾਣ ਭੁਜੰਗੀ ਪੱਤਰੇ ਵਾਚ ਗਿਆ। ਜੋ ਸਮਝ ਬੈਠਾ ਸੀ ਕਿ ਅੱਜ ਗੁਰੂ ਪੰਜ ਵਾਰੀ ਇਸ਼ਨਾਨ ਕਰੇਗਾ। ਪਾਣੀ ਢੋਂਦਾ ਮਰਜੂੰ, ਡੇਰਾਗਿਰੀ ਹੀ ਛੱਡ’ਤੀ। ਇਵੇਂ ਮਹਿਮਾਕਾਰ ਗੰਗਾ ਛੱਡ ਭੱਜ ਨਿਕਲੇ। ਗੰਗਾ ਸ਼ਰਮ ’ਚ ਡੁੱਬੀ ਐ। ਹੁਣ ਨਾਰੀਅਲ ਜਾਂ ਫੁੱਲ ਨਹੀਂ, ਗੰਗਾ ਵਿੱਚ ਲਾਸ਼ਾਂ ਨੂੰ ਜਲਪ੍ਰਵਾਹ ਕੀਤਾ ਜਾ ਰਿਹੈ। ਪਾਪਾਂ ਦੀ ਮੈਲ ਨੇ ਗੰਗਾ ਘਸਮੈਲ਼ੀ ਕਰ’ਤੀ, ਹੁਣ ਲਾਸ਼ਾਂ ਦਾ ਬੋਝ ਕਿਵੇਂ ਚੁੱਕੇ। ਗੰਗਾ ਕਿਨਾਰੇ ਲਾਸ਼ਾਂ ਹੀ ਲਾਸ਼ਾਂ। ਮੋਇਆਂ ਦਾ ਵੱਸ ਚੱਲਦਾ, ਜ਼ਰੂਰ ਸਿਆਸੀ ਜਮਾਤ ਦਾ ਸੁਆਹਾ ਕਰਦੇ। ਗੰਗਾ ਨੇ ਢਕੀ ਨਹੀਂ ਰਿੱਝਣ ਦਿੱਤੀ।

ਉਸਤਾਦ ਦਾਮਨ ਦੇ ਬੋਲ ਸੱਚੇ ਜਾਪਦੇ ਨੇ, ‘ਤੇਰੇ ਦੇਸ਼ ਅੰਦਰ ਦੀਵਾਰਾਂ ਵਿੱਚ ਲਾਸ਼ਾਂ, ਬਾਗ਼ਾਂ ’ਚ ਮੁਰਦੇ, ਬਾਜ਼ਾਰਾਂ ’ਚ ਲਾਸ਼ਾਂ, ਕਫ਼ਨ ਤੋਂ ਬਿਨਾਂ ਨੀਂ, ਹਜ਼ਾਰਾਂ ’ਚ ਲਾਸ਼ਾਂ, ਇਹ ਜਿਊਂਦੇ ਜੋ ਦਿਸਦੇ, ਕਤਾਰਾਂ ’ਚ ਲਾਸ਼ਾਂ।’ ਨਜ਼ਰ ਮਾਰੀਏ, ਚਾਰੋਂ ਪਾਸੇ ਕਤਾਰਾਂ ਹੀ ਕਤਾਰਾਂ ਹਨ। ਕਿਤੇ ਹਸਪਤਾਲਾਂ ਅੱਗੇ, ਕਿਤੇ ਆਕਸੀਜਨ ਲਈ। ਹੁਣ ਸ਼ਮਸ਼ਾਨਘਾਟਾਂ ਅੱਗੇ ਵੀ ਕਤਾਰਾਂ ਨੇ। ਗ਼ਰੀਬ ਪੱਲੇ ਅਰਦਾਸ ਤੋਂ ਬਿਨਾਂ ਕੁਝ ਨਹੀਂ। ਮਹਾਮਾਰੀ ’ਚ ਆਪਣੇ ਹਾਲ ’ਤੇ ਛੱਡੇ, ਦੁੱਖਾਂ ਨੂੰ ਤਰੰਨਮ ’ਚ ਗਾ ਰਹੇ ਨੇ। ਯੋਗੀ ਦੇ ਯੂਪੀ ਦੇ ਬੜੌਤ ’ਚ, ਇੱਕ ਵੱਡਾ ਬਜਾਜੀ ਸਿਵਿਆਂ ਵਿੱਚੋਂ ਕਫ਼ਨ ਚੋਰੀ ਕਰਦਾ ਫੜਿਆ ਗਿਆ। ਗੋਰਖਪੁਰ ਵਿੱਚ ਕਰੋਨਾ ਮ੍ਰਿਤਕ ਦੀਆਂ ਸੋਨੇ ਦੀਆਂ ਵੰਗਾਂ ਹੀ ਚੋਰੀ ਕਰ ਲਈਆਂ। ਰਾਮ ਰਾਜ ਕਿੱਥੇ ਐ! ਅਲਾਹਾਬਾਦ ਹਾਈ ਕੋਰਟ ਨੇ ਸਿਰੇ ਦੀ ਸੁਣਾ ਦਿੱਤੀ।। ਯੂ।ਪੀ। ’ਚ ਸਿਹਤ ਪ੍ਰਬੰਧ ਰਾਮ ਭਰੋਸੇ ਨੇ।

ਵਿਗਿਆਨ ਦੇ ਦੌਰ ਵਿੱਚ, ਅਗਿਆਨੀ ਸੇਵਕਾਂ ਦੇ ਦਰਸ਼ਨ-ਦੀਦਾਰੇ ਵੀ ਕਰੋ। ਉੱਤਰਾਖੰਡੀ ਭਾਜਪਾਈ ਵਿਧਾਇਕ ਸੰਜੈ ਗੁਪਤਾ ਆਖਦੈ, ‘ਗਾਂ ਦੇ ਮੂਤਰ ਤੇ ਗੋਹੇ ਨਾਲ ਕਰੋਨਾ ਦਾ ਇਲਾਜ ਕਰਨਾ ਚਾਹੀਦੈ।’ ਐੱਮ.ਪੀ ਪ੍ਰੱਗਿਆ ਠਾਕੁਰ ਕਰੋਨਾ ਲਈ ਗਊ ਮੂਤਰ ਪੀਣ ਦਾ ਮਸ਼ਵਰਾ ਦਿੰਦੀ ਐ। ਭਾਜਪਾਈ ਵਿਧਾਇਕ ਨੰਦ ਕਿਸ਼ੋਰ ਗੁੱਜਰ ਆਖਦੈ, ‘ਮੇਰੇ ਹਲਕੇ ਵਿੱਚ ਕਰੋਨਾ ਨਹੀਂ ਵੜੇਗਾ, ਗਊਆਂ ਦੇ ਵੱਡੇ ਵੱਗ ਜੋ ਹਲਕੇ ਵਿੱਚ ਨੇ।’ ਅਸਾਮੀ ਭਾਜਪਾ ਵਿਧਾਇਕ ਵੀ ਗਊ ਦੇ ਗੋਹੇ ਨੂੰ ਗੁਣਕਾਰੀ ਬੂਟੀ ਦੱਸ ਰਿਹੈ। ਭਾਜਪਾ ਆਗੂ ਕੈਲਾਸ਼ ਵਿਜੈਵਰਗੀਆ ਆਖਦੇ ਹਨ, 33 ਕਰੋੜ ਦੇਵੀ ਦੇਵਤਿਆਂ ਵਾਲੇ ਦੇਸ਼ ਦਾ ਕਰੋਨਾ ਕੁਝ ਨਹੀਂ ਵਿਗਾੜ ਸਕੇਗਾ। ਮੱਧ ਪ੍ਰਦੇਸ਼ ਦੀ ਮੰਤਰੀ ਊਸ਼ਾ ਠਾਕੁਰ ਨੇ ਨਵੀਂ ਕਢਾਈ ਪੇਸ਼ ਕੀਤੀ ਐ। ਅਖੇ, ਕਰੋਨਾ ਤੋਂ ਬਚਣਾ ਹੈ ਤਾਂ ਯੱਗ ਕਰੋ।

ਮਹਾਮਾਰੀ ਦਾ ਦੌਰ, ਕਰੋਨਾ ਦਾ ਟੌਹਰ, ਝੱਲ ਨਹੀਓਂ ਸਕਿਆ ਪ੍ਰਧਾਨ ਸੇਵਕ। ਇੱਧਰ, ਕਿਸਾਨਾਂ ਲਈ ਵੀ ਖੇਤੀ ਕਾਨੂੰਨ ਵਾਇਰਸ ਤੋਂ ਘੱਟ ਨਹੀਂ। ਰਸਕਿਨ ਦਾ ਵਾਕ ਐ, ‘ਬਹੁਤੀਆਂ ਗ਼ਲਤੀਆਂ ਦੀ ਜੜ੍ਹ ਹੰਕਾਰ ਵਿੱਚ ਪਈ ਹੁੰਦੀ ਹੈ।’ ਅੱਜ ਸਰਵਣ ਪੁੱਤ ਵਹਿੰਗੀ ਚੁੱਕੀ ਹਸਪਤਾਲਾਂ ਅੱਗੇ ਖੜ੍ਹੇ ਨੇ। ਮਾਪਿਆਂ ਲਈ ਇੱਕ ਬੈਡ ਹੀ ਤਾਂ ਮੰਗ ਰਹੇ ਨੇ। ਚੰਦ ਸਾਹਾਂ ਖ਼ਾਤਰ ਲੇਲ੍ਹੜੀਆਂ ਕੱਢਦੇ ਮਹਾਤੜਾਂ ਨੂੰ ਦੇਖੋ। ਗ਼ਰੀਬੀ ਬੜੀ ਬੀਬੀ। ਸਾਹ ਹੀ ਜ਼ਿੰਦਗੀ ਦਾ ਸੰਗੀਤ ਹੁੰਦੇ ਨੇ, ਸ਼ਾਹ ਨੂੰ ਕੌਣ ਸਮਝਾਏ। ਤਖ਼ਤ ਬੈਠੇ, ਤਖ਼ਤੇ ਲਾਇਕ। ਮੌਤ ਨੇ ਵੀ ਹਿੰਡ ਫੜੀ ਹੈ। ਠੀਕ ਉਵੇਂ ਜਿਵੇਂ ਪ੍ਰਧਾਨ ਮੰਤਰੀ ਨੇ, ਨਵੀਂ ਸੰਸਦ ਤੇ ਆਪਣਾ ਮਹਿਲ ਉਸਾਰਨ ਦੀ। ਛੱਤੀਸਗੜ੍ਹ ’ਚ ਵੀ ਵਿਧਾਨ ਸਭਾ ਦੀ ਨਵੀਂ ਇਮਾਰਤ, ਮੁੱਖ ਮੰਤਰੀ ਤੇ ਵਜ਼ੀਰਾਂ ਦੇ ਘਰ ਬਣਨੇ ਸਨ, ਰਾਜ ਸਰਕਾਰ ਨੇ ਟੈਂਡਰ ਕੈਂਸਲ ਕਰ ਦਿੱਤੇ। ਪ੍ਰਧਾਨ ਮੰਤਰੀ ਨੇ ਤੀਜੀ ਲਹਿਰ ਲਈ ਹਾਰ ਚੁੱਕੇ ਨੇ।

ਅੰਤ ਬਾਬਾ ਫ਼ਰੀਦ ਦੇ ਬੋਲਾਂ ਨਾਲ, ‘ਵੇਖ ਫ਼ਰੀਦਾ ਮਿੱਟੀ ਖੁੱਲ੍ਹੀ, ਮਿੱਟੀ ਉਤੇ ਮਿੱਟੀ ਡੁੱਲ੍ਹੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ, ਨਾ ਕਰ ਬੰਦਿਆ ਮੇਰੀ ਮੇਰੀ, ਨਾ ਏਹ ਤੇਰੀ ਨਾ ਏਹ ਮੇਰੀ, ਚਾਰ ਦਿਨਾਂ ਦਾ ਮੇਲਾ ਦੁਨੀਆ, ਫਿਰ ਮਿੱਟੀ ਦੀ ਬਣ ਗਈ ਢੇਰੀ।’ ਕਿਤੇ ਬਾਬਾ ਫ਼ਰੀਦ ਦੀ ਗੱਲ ਸਿਆਸੀ ਜਮਾਤ ਨੇ ਗੱਠ ਮਾਰੀ ਹੁੰਦੀ। ਚੱਪਣੀ ’ਚ ਨੱਕ ਡੁਬੋ ਕੇ ਮਰਨ ਦਾ ਮਿਹਣਾ ਨਾ ਗੂੰਜਦਾ। ਛੱਜੂ ਰਾਮ ਨੇ ਮਾਸਕ ਲਾਇਐ, ਇੱਕ ਹੱਥ ਵਿੱਚ ਚੱਪਣੀ ਐ, ਦੂਜੇ ਹੱਥ ’ਚ ਪਾਣੀ ਦਾ ਲੋਟਾ। ਕੋਈ ਨੇਤਾ ਟੱਕਰੇ ਤਾਂ ਸਹੀ।।।!

Real Estate