ਪਹਿਲਵਾਨ ਸੁਸ਼ੀਲ ਕੁਮਾਰ ਕਤਲ ਮਾਮਲੇ ‘ਚ ਗ੍ਰਿਫ਼ਤਾਰ

128

 

sushil kumar arrested

 

ਭਾਰਤੀ ਓਲੰਪੀਅਨ ਅਤੇ ਭਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋ ਵਾਰ ਦਾ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਭਲਵਾਨ ਸਾਗਰ ਰਾਣਾ ਦੇ ਕਤਲ ਮਾਮਲੇ ਵਿੱਚ ਲੋੜੀਦਾ ਸੀ। ਪੁਲਿਸ ਮੁਤਾਬਕ ਸੁਸ਼ੀਲ ਕੁਮਾਰ ਨੂੰ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਦਿਨਾਂ ਵਿੱਚ ਇੱਕ 23 ਸਾਲ ਦੇ ਭਲਵਾਨ ਸਾਗਰ ਧਨਖੜ ਦੇ ਛਤਰਸਾਲ ਸਟੇਡੀਂਅਮ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਜਿਨ੍ਹਾਂ ਮੁਲਜ਼ਮਾਂ ਦੀ ਭਾਲ ਹੈ, ਉਨ੍ਹਾਂ ਵਿੱਚ ਸੁਸ਼ੀਲ ਕੁਮਾਰ ਮੁੱਖ ਮੁਲਜ਼ਮ ਵਜੋਂ ਸ਼ਾਮਲ ਹੈ।

ਸੁਸ਼ੀਲ ਕੁਮਾਰ ਨਾਲ ਜੁੜੇ ਪੁਰਾਣੇ ਵਿਵਾਦ

ਮੁੰਬਈ ਦੇ ਰੈਸਲਰ ਨਰ ਸਿੰਘ ਯਾਦਵ ਨੇ ਵੀ ਸੁਸ਼ੀਲ ਕੁਮਾਰ ਉੱਪਰ ਗੰਭੀਰ ਇਲਜ਼ਾਮ ਲਾਏ ਸਨ ਕਿ ਉਨ੍ਹਾਂ ਨੂੰ ਡੋਪ ਟੈਸਟ ਵਿੱਚ ਫ਼ਸਾਇਆ ਗਿਆ ਹੈ। ਨਰ ਸਿੰਘ ਯਾਦਵ ਨੇ 2015 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਜਿੱਤ ਕੇ ਰੀਓ ਉਲੰਪਿਕ ਵਿੱਚ ਆਪਣਾ ਕੋਟਾ ਪੱਕਾ ਕਰ ਲਿਆ ਸੀ। (ਪਰ) ਸੁਸ਼ੀਲ ਕੁਮਾਰ ਜੋ ਉਸੇ ਭਾਰ ਵਰਗ ਲਈ ਤਿਆਰੀ ਕਰ ਰਹੇ ਸਨ, ਨੇ ਸਲੈਕਸ਼ਨ ਟਰਾਇਲ ਦੀ ਮੰਗ ਕੀਤੀ ਪਰ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਨੇ ਸੁਸ਼ੀਲ ਦੀ ਗੱਲ ਮੰਨਣ ਤੋਂ ਮਨ੍ਹਾਂ ਕਰ ਦਿੱਤਾ। ਬਾਅਦ ਵਿੱਚ ਸੁਸ਼ੀਲ ਕੁਮਾਰ ਨੇ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਲਾਈ ਪਰ ਉਹ ਵੀ ਰੱਦ ਕਰ ਦਿੱਤੀ ਗਈ। ਬਾਅਦ ਵਿੱਚ ਨਰ ਸਿੰਘ ਯਾਦਵ ਨੂੰ ਡੋਪ ਟੈਸਟ ਵਿੱਚ ਸਟੀਰੌਇਡ ਲੈਣ ਦਾ ਮੁਲਜ਼ਮ ਪਾਇਆ ਗਿਆ ਸੀ। ਉਸ ਸਮੇਂ ਨਰ ਸਿੰਘ ਨੇ ਛਤਰਸਾਲ ਦੇ ਇੱਕ ਜੂਨੀਅਰ ਭਲਵਾਨ ‘ਤੇ ਸੁਸ਼ੀਲ ਕੁਮਾਰ ਦੇ ਕਹਿਣ ‘ਤੇ ਉਸ ਦੇ ਖਾਣੇ ਵਿੱਚ ਸਟੀਰੌਇਡ ਮਿਲਾਉਣ ਦਾ ਇਲਜ਼ਾਮ ਲਾਇਆ ਸੀ। ਪੁਲਿਸ ਕਾਰਵਾਈ ਤੋਂ ਬਾਅਦ ਮਾਮਲਾ ਸੀਬੀਆਈ ਤੱਕ ਪਹੁੰਚ ਗਿਆ ਸੀ। 2017 ਵਿੱਚ ਇੱਕ ਹੋਰ ਕੌਮਾਂਤਰੀ ਖਿਡਾਰੀ ਪਰਵੀਨ ਰਾਣਾ ਜੋ ਕਿ ਸੁਸ਼ੀਲ ਕੁਮਾਰ ਦਾ ਟਰੇਨਿੰਗ ਪਾਰਟਨਰ ਰਹਿ ਚੁੱਕਿਆ ਹੈ। ਉਸ ਨੇ ਇਲਜ਼ਾਮ ਲਾਇਆ ਸੀ ਕਿ ਨੈਸ਼ਨਲ ਸਿਲੈਕਸ਼ਨ ਟਰਾਇਲ ਦੌਰਾਨ ਉਸ ਨੂੰ ਕੁੱਟਿਆ ਗਿਆ। ਪਰਵੀਨ ਦਾ ਕਹਿਣਾ ਸੀ ਕਿ ਉਸ ਦੀ ਗਲਤੀ ਸਿਰਫ਼ ਇੰਨੀ ਸੀ ਕਿ ਉਸ ਨੇ ਸੁਸ਼ੀਲ ਕੁਮਾਰ ਨੂੰ ਉਸ ਦੇ ਭਾਰ ਵਰਗ ਵਿੱਚ ਕੁਸ਼ਤੀ ਲਈ ਲਲਕਾਰਿਆ ਸੀ। ਬਾਅਦ ਵਿੱਚ ਮਾਮਲਾ ਵੱਧ ਗਿਆ ਅਤੇ ਪੁਲਿਸ ਐੱਫ਼ਆਈਆਰ ਵੀ ਦਰਜ ਕੀਤੀ ਗਈ।
2012 ਓਲੰਪਿਕ ਮੈਡਲਿਸਟ ਯੋਗੇਸ਼ਵਰ ਦੱਤ ਅਤੇ ਅਰਜੁਨ ਅਵਾਰਡੀ ਬਜਰੰਗ ਪੂਨੀਆ ਵੀ ਪਹਿਲਾਂ ਛਤਰਸਾਲ ਸਟੇਡੀਅਮ ਵਿੱਚ ਹੀ ਕੁਸ਼ਤੀ ਕਰਦੇ ਸਨ ਪਰ ਸੁਸ਼ੀਲ ਕੁਮਾਰ ਨਾਲ ਵਿਗੜਨ ਤੋਂ ਬਾਅਦ ਦੋਵੇਂ ਵੱਖ ਹੋ ਗਏ।ਕੁਸ਼ਤੀ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਛਤਰਸਾਲ ਸਟੇਡੀਅਮ ਵਿੱਚ ਸੁਸ਼ੀਲ ਕੁਮਾਰ ਦੀ ਮਨ-ਮਰਜ਼ੀ ਚਲਦੀ ਹੈ। ਅਜਿਹੇ ਵੀ ਇਲਜ਼ਾਮ ਹਨ ਕਿ ਜਿਸ ਉੱਪਰ ਭਲਵਾਨ ਜੀ ਦਾ ਆਸ਼ੀਰਵਾਦ ਹੋਵੇਗਾ, ਉਹੀ ਕੁਸ਼ਤੀ ਵਿੱਚ ਅੱਗੇ ਵੱਧ ਸਕੇਗਾ।

Real Estate