ਸੁਖਵੀਰ ਜੋਗਾ ਵੀ ਤੁਰ ਗਿਆ

254

ਭੋਲਾ ਸਿੰਘ ਸੰਘੇੜਾ
ਸੁਖਵੀਰ ਜੋਗਾ ਨਾਲ ਨੇੜਤਾ ਓਦੋਂ ਬਣੀ ਜਦੋਂ ਉਹ ਸਰ. ਸੀਨੀ. ਸੈਕੰ. ਸਕੂਲ ਖੁੱਡੀ ਕਲਾਂ ਵਿਖੇ ਬਦਲੀ ਕਰਵਾਕੇ ਆਇਆ। ਸਾਹਿਤ ਨਾਲ ਜੁੜਿਆ ਹੋਣ ਕਰਕੇ ਇਹ ਨੇੜਤਾ ਦੋਸਤੀ ਵਿਚ ਬਦਲ ਗਈ।
ਭਾਵੇਂ ਉਹ ਹੈਂਡੀਕੈਪਟ ਸੀ ਪਰ ਕੰਮ ਕਰਨ ਦੀ ਉਸ ਵਿਚ ਅਥਾਹ ਸ਼ਕਤੀ ਸੀ । ਉਹ ਅੱਕਣ ਥੱਕਣ ਵਾਲਾ ਨਹੀਂ ਸੀ। ਜਦੋਂ ਉਸਦੀ ਡਿਉਟੀ ਮਰਦਮ ਸ਼ੁਮਾਰੀ ਵਿਚ ਲੱਗੀ, ਉਸਨੇ ਆਪਣੇ ਕੰਮ ਤੋਂ ਬਿਨਾ ਇਕ ਹੋਰ ਸਾਥੀ ਦੇ ਕੰਮ ਕਰਨ ਵਿਚ ਵੀ ਮੱਦਦ ਕੀਤੀ। ਜਦੋਂ ਮੇਰੇ ਬੇਟੇ ਨੇ ‘ਲੋਕ ਰੰਗ ਪ੍ਰਕਾਸ਼ਨ’ ਸ਼ੁਰੂ ਕੀਤਾ ਤਾਂ ISBN ਨੰਬਰ ਉਹ ਹੀ ਦਿੱਲੀਓਂ ਮਨਜ਼ੂਰ ਕਰਾਕੇ ਲਿਆਇਆ ਸੀ।
ਉਹ ਆਪਣੀ ਸਮਰੱਥਾ ਤੋਂ ਵੱਧ ਕੰਮ ਕਰਨ ਵਾਲਾ ਸਿਰੜੀ ਮਨੁੱਖ ਸੀ। ਉਹ ‘ਰਾਬਤਾ’ ਮੈਗਜ਼ੀਨ ਦੀ ਸੇਵਾ ਵੀ ਨਿਭਾਉਂਦਾ ਰਿਹਾ। ਪੁਸਤਕਾਂ ਵੀ ਪ੍ਰਕਾਸ਼ਿਤ ਕਰਦਾ ਰਿਹਾ। ਖੁੱਡੀ ਕਲਾਂ ਸਕੂਲ ਦੀ ਅਥਲੈਟਿਕ ਮੀਟ ਬਰਨਾਲਾ ਜ਼ਿਲ੍ਹੇ ਵਿਚ ਮੰਨੀ ਹੋਈ ਹੈ। ਇਹਨਾ ਖੇਡਾਂ ਵਿਚ ਕੁਮੈਂਟਰੀ ਕਰਨ ਦੀ ਜ਼ਿੰਮੇਵਾਰੀ ਮੈਂ ਤੇ ਸੁਖਵੀਰ ਨਿਭਾਉਂਦੇ ਹੁੰਦੇ ਸਾਂ।
ਅਸੀਂ ਕਈ ਵਾਰ ਇਕ ਦੂਜੇ ਤੋਂ ਦੂਰ ਵੀ ਹੋ ਜਾਣਾ ਪਰ ਫੇਰ ਜਲਦੀ ਹੀ ਇਕੱਠੇ ਹੋ ਜਾਣਾ। ਉਸਦੇ ਫੇਫੜੇ ਜਵਾਬ ਦੇ ਗਏ ਸਨ। ਉਹ ਹੁਣ ਵੀ ਉਧਾਰ ਦੀ ਆਕਸੀਜਨ ‘ਤੇ ਸੀ। ਮਹੀਨਾ ਕੁ ਪਹਿਲਾਂ ਉਸ ਨਾਲ ਗੱਲ ਹੋਈ। ਉਸਦਾ ਸਾਹ ਚੜ੍ਹਿਆ ਹੋਇਆ ਸੀ…ਤੇ ਅੱਜ ਉਸਦੇ ਸਾਹ ਹੀ ਜਵਾਬ ਦੇ ਗਏ।…ਅਲਵਿਦਾ ਆਖਣ ਨੂੰ ਮਨ ਨਹੀਂ ਕਰਦਾ ਸੁਖਵੀਰ ਵੀਰਿਆ।
……….

Real Estate