ਮੁੱਖ ਮੰਤਰੀ ਲੋੜੀਂਦੇ ਪ੍ਰਬੰਧ ਕਰੇ ਜਾਂ ਫੇਰ ਅਹੁਦੇ ਤੋਂ ਅਸਤੀਫਾ ਦੇਵੇ – ਆਪ

157

ਬਠਿੰਡਾ, 19 ਮਈ, ਬਲਵਿੰਦਰ ਸਿੰਘ ਭੁੱਲਰ
ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਰਿੰਦਰ ਮੋਦੀ ਦੇ ਰਸਤੇ ਤੇ ਤੁਰ ਪਿਆ ਹੈ, ਜੋ ਸਰਪੰਚਾਂ ਨਾਲ ਝੂਠੀ ਮਨ ਕੀ ਬਾਤ ਕਰਕੇ ਪੰਜਾਬ ਦੇ ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਪਾ ਕੇ ਰਾਜਭਾਗ ਚਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪ੍ਰੋ: ਬਲਜਿੰਦਰ ਕੌਰ ਵਿਧਾਇਕਾ ਤੇ ਪਾਰਟੀ ਦੇ ਦਿਹਾਤੀ ਜਿਲਾ ਪ੍ਰਧਾਨ ਡਾ: ਗੁਰਜੰਟ ਸਿਵੀਆਂ ਨੇ ਕਿਹਾ ਕਿ ਜੇਕਰ ਉਹ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੰਭਾਲ ਸਕਦਾ ਤਾਂ ਉਸਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਉਹ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਸਾਹਮਣੇ ਆ ਰਹੀਆਂ ਹਨ। ਸਰਕਾਰ ਪਿੰਡਾਂ ਨੂੰ ਵੈਕਸੀਅਨ ਤੇ ਗਰਾਂਟਾਂ ਦੇਣ ਦੀਆਂ ਗੱਲਾਂ ਕਰਦੀ ਹੈ, ਪਰ ਅਮਲ ਵਿੱਚ ਕੁੱਝ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰ ਨੂੰ ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਲਈ 50 ਹਜ਼ਾਰ ਦੀ ਐਕਸਗਰੇਸੀਆ ਗਰਾਂਟ, ਬਰੱਚਿਆਂ ਲਈ 25 ਸੌ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਤੇ ਮੁਫ਼ਤ ਪੜਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਸ ਵੇਲੇ ਰਾਜ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ, ਕੋਰੋਨਾ ਮਹਾਂਮਾਰੀ ਸਿਖ਼ਰਾਂ ਤੇ ਹੈ। ਲੋਕ ਹਸਪਤਾਲਾਂ ਵਿੱਚ ਫਤਹਿ ਕਿੱਟਾਂ, ਆਕਸੀਜਨ, ਦਵਾਈਅ ਦੀ ਘਾਟ ਨਾਲ ਜੂਝ ਰਹੇ ਹਨ। ਉਹਨਾਂ ਕਿਹਾ ਕਿ ਰਾਜ ਦੇ ਮੁੱਖ ਮੰਤਰੀ ਸੂਬੇ ਵਿੱਚ ਤੀਜੀ ਲਹਿਰ ਸਤੰਬਰ ਮਹੀਨੇ ਵਿੱਚ ਆ ਜਾਣ ਦੀ ਚਿਤਾਵਨੀ ਦਿੰਦੇ ਹਨ, ਪਰ ਸਰਕਾਰ ਤੋਂ ਦੂਜੀ ਲਹਿਰ ਦੇ ਟਾਕਰੇ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਮਾੜੇ ਸਿਹਤ ਪ੍ਰਬੰਧਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਕੋਰੋਨਾ ਦੀ ਮਾਰ ਵਿੱਚ ਆਏ ਲੋਕਾਂ ਦੀ ਦਿੱਲੀ ਦੀ ਤਰਜ਼ ਤੇ ਮੱਦਦ ਕਰਨੀ ਚਾਹੀਦੀ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਪੰਜਾਬ ਵਿੱਚ ਹਾਲਤ ਇਹ ਹੈ ਕਿ ਇੱਕ ਪਾਸੇ ਲੋਕ ਬੀਮਾਰੀ ਨਾਲ ਮਰ ਰਹੇ ਹਨ, ਪਰ ਕਾਂਗਰਸ ਸਰਕਾਰ ਦੇ ਨੁਮਾਇੰਦੇ ਤੇ ਵਜੀਰ ਆਪਸ ਵਿੱਚ ਲੜ ਕੇ ਸਮਾਂ ਬਰਬਾਦ ਕਰ ਰਹੇ ਹਨ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਜਾਂ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ ਜਾਂ ਫਿਰ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਲੋੜੀਂਦੇ ਪ੍ਰਬੰਧ ਕਰੇ। ਇਸ ਮੌਕੇ ਸਰਵ ਸ੍ਰੀ ਨਵਦੀਪ ਸਿੰਘ ਜੀਦਾ, ਬਲਕਾਰ ਸਿੰਘ ਭੋਖੜਾ, ਅਨਿਲ ਠਾਕੁਰ, ਰਾਕੇਸਪੁਰੀ, ਮਹਿੰਦਰ ਸਿੰਘ ਫੁੱਲੋ ਮਿੱਠੀ ਆਦਿ ਵੀ ਮੌਜੂਦ ਸਨ।

Real Estate