ਇਹ ਮੇਰਾ ਦੇਸ਼ ਮਹਾਨ :ਨਾ ਮਰਦੇ ਨੂੰ ਦਵਾਈਆਂ ਨਾ ਆਕਸੀਜਨ ਮਿਲੇ, ਨਾ ਮਰਨ ਤੇ ਲੱਕੜਾਂ

388

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913

ਕਰੀਬ ਇੱਕ ਸਦੀ ਪਹਿਲਾਂ ਫੈਲੀ ਪਲੇਗ ਦੀ ਭਿਆਨਕ ਬੀਮਾਰੀ ਦੀਆਂ ਗੱਲਾਂ ਸੁਣਾਉਂਦੇ ਬਜੁਰਗ ਦੱਸਿਆ ਕਰਦੇ ਸਨ ਕਿ ਹਾਲਤ ਅਜਿਹੇ ਦਰਦਨਾਕ ਸਨ ਕਿ ਪਰਿਵਾਰ ਵਾਲੇ ਇੱਕ ਲਾਸ਼ ਦਾ ਸਸਕਾਰ ਕਰਦੇ ਮੁੜਦੇ ਤਾਂ ਆਉਂਦਿਆਂ ਨੂੰ ਇੱਕ ਹੋਰ ਦੀ ਮੌਤ ਹੋ ਚੁੱਕੀ ਹੁੰਦੀ। ਉਹ ਦੱਸਦੇ ਸਨ ਕਿ ਉਸ ਸਮੇਂ ਇਲਾਜ ਦੇ ਵੀ ਬਹੁਤੇ ਪ੍ਰਬੰਧ ਨਹੀਂ ਸਨ, ਆਖ਼ਰ ਲੋਕ ਆਪਣੇ ਘਰ ਛੱਡ ਕੇ ਖੇਤਾਂ ’ਚ ਟਿੱਬਿਆਂ ਉੱਤੇ ਖੁੱਲੇ ਥਾਵਾਂ ਤੇ ਜਾ ਬੈਠੇ ਸਨ। ਉਹ ਦਸਦੇ ਕਿ ਲੋਕ ਆਪਣੇ ਨਜਦੀਕੀਆਂ ਦੀਆਂ ਲਾਸ਼ਾਂ ਦੇ ਸਸਕਾਰ ਕਰਦੇ ਹੀ ਥੱਕ ਟੁੱਟ ਗਏ ਸਨ।
ਹੁਣ ਫੈਲੀ ਕੋਰੋਨਾ ਮਹਾਂਮਾਰੀ ਵੀ ਉਸੇ ਤਰਾਂ ਦੀ ਭਿਆਨਕ ਬੀਮਾਰੀ ਹੈ। ਭਾਵੇਂ ਹੁਣ ਵਿਗਿਆਨਕ ਤਰੱਕੀ ਸਦਕਾ ਦਵਾਈਆਂ ਆਦਿ ਤਾਂ ਬਹੁਤ ਬਣ ਚੁੱਕੀਆਂ ਹਨ, ਪਰ ਉਹ ਲੋਕਾਂ ਤੱਕ ਲੋੜ ਅਨੁਸਾਰ ਸਪਲਾਈ ਨਹੀਂ ਹੋ ਰਹੀਆਂ। ਛੂਤ ਦੀ ਬਿਮਾਰੀ ਹੋਣ ਕਾਰਨ ਹੁਣ ਆਪਣੇ ਵੀ ਕੋਰੋਨਾ ਪੀੜਤਾਂ ਤੋਂ ਦੂਰ ਹੋ ਰਹੇ ਹਨ। ਮੌਤ ਹੋਣ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਸਕਾਰ ਕਰਨ ਤੋਂ ਵੀ ਪਾਸਾ ਵੱਟ ਰਹੇ ਹਨ। ਪਰ ਧੰਨ ਹਨ ਉਹ ਸਮਾਜਿਕ ਧਾਰਮਿਕ ਜਥੇਬੰਦੀਆਂ ਜੋ ਕੋਰੋਨਾ ਪੀੜਤਾਂ ਨੂੰ ਬਚਾਉਣ ਲਈ ਮੁਫ਼ਤ ਦਵਾਈਆਂ, ਆਕਸੀਜਨ ਆਦਿ ਦਾ ਪ੍ਰਬੰਧ ਕਰਦੀਆਂ ਹਨ ਅਤੇ ਮ੍ਰਿਤਕ ਮਰੀਜ਼ਾਂ ਦਾ ਨਿਡਰਤਾ ਨਾਲ ਸਸਕਾਰ ਕਰਦੀਆਂ ਹਨ। ਜਦੋਂ ਆਪਣੇ ਪਰਿਵਾਰ ਵਾਲੇ ਮ੍ਰਿਤਕ ਨੂੰ ਹੱਥ ਲਾਉਣ ਤੋਂ ਵੀ ਖੌਫ਼ ਖਾਂਦੇ ਹਨ, ਤਾਂ ਫੋਨ ਕਰਨ ਤੇ ਇਹਨਾਂ ਜਥੇਬੰਦੀਆਂ ਦੇ ਵਰਕਰ ਪਹੁੰਚ ਕੇ ਸੇਵਾ ਕਰਦੇ ਹਨ। ਪਰ ਉਹਨਾਂ ਦਾ ਵੀ ਇੱਕ ਸੀਮਤ ਦਾਇਰਾ ਹੈ।
ਮਹਾਂਮਾਰੀ ਨੇ ਏਨਾ ਭਿਆਨਕ ਰੂਪ ਲੈ ਲਿਆ ਹੈ, ਸ਼ਹਿਰਾਂ ਦੀਆਂ ਸੜਕਾਂ ਤੇ ਐਂਬੂਲੈਂਸਾਂ ਦੇ ਸਾਇਰਨ ਲਗਾਤਾਰ ਸੁਣਾਈ ਦੇ ਰਹੇ ਹਨ, ਇਹ ਗੱਡੀਆਂ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਉਣ ਜਾਂ ਮ੍ਰਿਤਕਾਂ ਦੀਆਂ ਲਾਸ਼ਾਂ ਸਸਕਾਰ ਲਈ ਲਿਜਾਂਦੀਆਂ ਦਿਖਾਈ ਦਿੰਦੀਆਂ ਹਨ। ਹਾਲਤ ਅਜਿਹੀ ਹੈ ਕਿ ਸਮਸਾਨਘਾਟ ਵਿੱਚ ਐਂਬੂਲੈਂਸ ਆਉਂਦੀ ਹੈ, ਲਾਸ਼ ਨੂੰ ਉਤਾਰਦੀ ਹੈ ਤੇ ਹੋਰ ਲਾਸ਼ ਲੈਣ ਤੁਰ ਜਾਂਦੀ ਹੈ। ਸਮਸਾਨਘਾਟ ਵਿੱਚ ਪਹਿਲਾਂ ਹੀ ਲੱਕੜਾਂ ਚਿਣੀਆਂ ਹੁੰਦੀਆਂ ਹਨ, ਤੁਰੰਤ ਲਾਸ਼ ਨੂੰ ਰੱਖ ਕੇ ਅਗਨ ਭੇਂਟ ਕਰ ਦਿੱਤਾ ਜਾਂਦਾ ਹੈ। ਚਿਤਾ ਠੰਢੀ ਕਰਨ ਦਾ ਵੀ ਸਮਾਂ ਨਹੀਂ, ਕਾਹਲ ਨਾਲ ਸੁਆਹ ਚੁੱਕ ਕੇ, ਪਾਣੀ ਪਾ ਕੇ ਚਿਤਾ ਵਾਲੀ ਥਾਂ ਠੰਢੀ ਕਰਕੇ ਫੇਰ ਲੱਕੜਾਂ ਚਿਣ ਦਿੱਤੀਆਂ ਜਾਂਦੀਆਂ ਹਨ। ਬਹੁਤੀ ਵਾਰ ਤਾਂ ਸਸਕਾਰ ਲਈ ਬਣਾਈਆਂ ਥਾਵਾਂ ਘਟ ਜਾਂਦੀਆਂ ਹਨ ਤਾਂ ਉਸਤੋਂ ਪਾਸੇ ਆਰਜੀ ਚਿਤਾ ਬਣਾਉਣੀ ਪੈਂਦੀ ਹੈ।
ਮਹਾਂਮਾਰੀ ਦਾ ਸਿਖ਼ਰ ਹੋਣ ਕਾਰਨ ਲਾਸ਼ਾਂ ਦੀ ਬੇਕਦਰੀ ਹੋ ਰਹੀ ਹੈ, ਨਾ ਲਾਸ਼ ਦੇ ਸਸਕਾਰ ਲਈ ਪੂਰਾ ਸਮਾਂ ਮਿਲਦਾ ਹੈ ਅਤੇ ਨਾ ਹੀ ਅਸਥੀਆਂ ਚੁਗਣ ਲਈ ਉਡੀਕ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ਹੀ ਅਸਥੀਆਂ ਜਲ ਪ੍ਰਵਾਹ ਕਰਨ ਵਾਲੇ ਸਥਾਨਾਂ ਤੇ ਹੈ, ਲੋਕਾਂ ਨੂੰ ਅਸਥੀਆਂ ਪ੍ਰਵਾਹ ਕਰਨ ਲਈ ਲਾਈਨਾਂ ਲਗਾਉਣੀਆਂ ਪੈ ਰਹੀਆਂ ਹਨ, ਮ੍ਰਿਤਕ ਵਿਅਕਤੀ ਲਈ ਅਰਦਾਸ ਜਾਂ ਪਾਠ ਪੂਜਾ ਕਰਨ ਲਈ ਵੀ ਮਰਯਾਦਾ ਅਨੁਸਾਰ ਸਮਾਂ ਨਹੀਂ ਮਿਲ ਰਿਹਾ ਤੇ ਰਸਮਾਂ ਕਾਹਲ ਨਾਲ ਕੀਤੀਆਂ ਜਾ ਰਹੀਆਂ ਹਨ। ਪ੍ਰਬੰਧਾਂ ਦੀ ਘਾਟ ਕਾਰਨ ਐਂਬੂਲੈਂਸਾਂ ਦੇ ਮ੍ਰਿਤਕ ਨੂੰ ਸਮਸਾਨਘਾਟ ਤੱਕ ਲਿਜਾਣ ਦੇ ਕਿਰਾਏ ਕਈ ਕਈ ਗੁਣਾਂ ਵਧ ਗਏ ਹਨ, ਸਮਸਾਨਘਾਟਾਂ ਵਿੱਚ ਲੱਕੜਾਂ ਦੇ ਰੇਟ ਵਧਾ ਦਿੱਤੇ ਗਏ ਹਨ। ਲੋਕਾਂ ਦੇ ਕਾਰੋਬਾਰ ਠੱਪ ਹੋਣ ਸਦਕਾ ਨਾ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਸਸਕਾਰ ਕਰਨ ਦੇ ਸਮਰੱਥ ਹਨ ਅਤੇ ਨਾ ਹੀ ਸਰਕਾਰਾਂ ਵੱਲੋਂ ਕੋਈ ਠੋਸ ਪ੍ਰਬੰਧ ਕੀਤੇ ਗਏ ਹਨ।
ਹੁਣ ਤਾਂ ਸਥਿਤੀ ਇਸ ਹੱਦ ਤੱਕ ਗੰਭੀਰ ਹੋ ਗਈ ਹੈ ਕਿ ਲੋਕ ਲਾਸ਼ਾਂ ਨੂੰ ਨਦੀਆਂ ਦਰਿਆਵਾਂ ਵਿੱਚ ਸੁੱਟਣ ਲੱਗ ਗਏ ਹਨ। ਭਾਰਤ ਜਿਸਨੂੰ ਧਾਰਮਿਕ ਦੇਸ ਮੰਨਿਆਂ ਜਾਂਦਾ ਹੈ ਅਤੇ ਜਿਸਦੀਆਂ ਨਦੀਆਂ ਗੰਗਾਂ ਜਮਨਾ ਨੂੰ ਪਵਿੱਤਰ ਮੰਨਦਿਆਂ ਪੂਜਾ ਕੀਤੀ ਜਾਂਦੀ ਹੈ, ਅੱਜ ਉਹਨਾਂ ਪਵਿੱਤਰ ਨਦੀਆਂ ਵਿੱਚ ਇਨਸਾਨੀ ਲਾਸ਼ਾਂ ਤੈਰਦੀਆਂ ਦਿਖਾਈ ਦਿੰਦੀਆਂ ਹਨ। ਜਦ ਗੰਗਾ ਵਿੱਚ ਲਾਸ਼ਾਂ ਤੈਰਨ ਦੇ ਮਾਮਲੇ ਤੇ ਚਰਚਾ ਛਿੜੀ ਤਾਂ ਸਰਕਾਰ ਨੇ ਲਾਸ਼ਾਂ ਦਾ ਸਸਕਾਰ ਕਰਨ ਹੁਕਮ ਦਿੱਤਾ। ਇਸ ਉਪਰੰਤ ਗਲੀਆਂ ਸੜੀਆਂ ਲਾਸਾਂ ਨੂੰ ਕੱਢ ਕੇ ਸਸਕਾਰ ਕੀਤਾ ਜਾਣ ਲੱਗਾ। ਇਸਤੋਂ ਵੀ ਦੁਖਦਾਈ ਖ਼ਬਰ ਹੈ ਕਿ ਉ¤ਤਰ ਪ੍ਰਦੇਸ ਦੇ ਬਲੀਆ ਜਿਲੇ ਦੇ ਪਿੰਡ ਮਾਲਦੇਪੁਰ ਕੋਲ ਗੰਗਾ ਨਦੀ ਚੋਂ ਮਿਲੀ ਇੱਕ ਲਾਸ਼ ਦਾ ਪੁਲਿਸ ਮੁਲਾਜਮਾਂ ਦੀ ਹਾਜ਼ਰੀ ਵਿੱਚ ਟਾਇਰ ਤੇ ਪੈਟਰੌਲ ਪਾ ਕੇ ਸਸਕਾਰ ਕੀਤਾ ਗਿਆ। ਮ੍ਰਿਤਕ ਸਰੀਰ ਨੂੰ ਲੱਕੜ ਵੀ ਨਸੀਬ ਨਾ ਹੋਈ। ਇਸ ਸੰਵੇਦਨਹੀਣਤਾ ਵਾਲੀ ਕਾਰਵਾਈ ਦੀ ਸੋਸਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੇ ਸਸਕਾਰ ਸਮੇਂ ਹਾਜਰ ਪੰਜ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ।
ਇੱਥੇ ਹੀ ਬੱਸ ਨਹੀ ਸੰਗਮ ਨਗਰੀ ਪ੍ਰਯਾਗਰਾਜ ਵਿੱਚ ਪਵਿੱਤਰ ਗੰਗਾ ਨਦੀ ਦੇ ਕਿਨਾਰੇ ਲਾਸ਼ਾਂ ਨੂੰ ਰੇਤ ਵਿੱਚ ਦਫ਼ਨਾਏ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਸਥਾਨ ਨੂੰ ਚਾਰੇ ਪਾਸੇ ਤੋਂ ਬਾਂਸ ਲਾ ਕੇ ਘੇਰਿਆ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਦਿਖਾਈ ਨਾ ਦੇਵੇ। ਇਹ ਜਗਾਹ ਧਾਰਮਿਕ ਅਸਥਾਨ ਸ੍ਰੀਗਵੇਰਪੁਰ ਧਾਮ ਦੇ ਬਿਲਕੁਲ ਨਾਲ ਲਗਦੀ ਹੈ, ਜਿੱਥੇ ਲਗਾਤਾਰ ਲਾਸਾਂ ਨੂੰ ਦਫ਼ਨਾਇਆ ਜਾ ਰਿਹਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਲਾਸ਼ ਨੂੰ ਦਫਨਾਉਣਾ ਮੁਸਲਿਮ ਧਰਮ ਦੀ ਤਾਂ ਮਰਯਾਦਾ ਹੈ ਤੇ ਇਸ ਨੂੰ ਜਾਇਜ਼ ਮੰਨਿਆਂ ਜਾਂਦਾ ਹੈ, ਪਰ ਹਿੰਦੂ ਜਾਂ ਸਿੱਖ ਧਰਮ ਵਿੱਚ ਲਾਸ਼ ਦਾ ਸਸਕਾਰ ਕੀਤਾ ਜਾਂਦਾ ਹੈ, ਦਫਨਾਉਣਾ ਮਰਯਾਦਾ ਦੇ ਵਿਰੁੱਧ ਹੈ। ਹੁਣ ਇਹਨਾਂ ਲਾਸਾਂ ਨੂੰ ਕੌਣ ਦਫ਼ਨਾ ਰਿਹਾ ਹੈ ਤੇ ਕਿਉਂ ਦਫ਼ਨਾ ਰਿਹਾ ਹੈ ਇਹ ਵੀ ਇੱਕ ਵੱਡਾ ਸਵਾਲ ਖੜਾ ਹੋ ਗਿਆ ਹੈ।
ਇਸ ਸਥਾਨ ਤੇ ਪੁਲਿਸ ਦਾ ਵੀ ਪਹਿਰਾ ਹੈ। ਲਾਸ਼ਾਂ ਨੂੰ ਵੀ ਇਸ ਕਦਰ ਬੇਰਹਿਮੀ ਨਾਲ ਰੇਤ ਹੇਠ ਦਫ਼ਨਾਇਆ ਜਾਂਦਾ ਹੈ ਕਿ ਉਹਨਾਂ ਦਰਮਿਆਨ ਇੱਕ ਮੀਟਰ ਦਾ ਵੀ ਫਾਸਲਾ ਨਹੀਂ ਰੱਖਿਆ ਜਾ ਰਿਹਾ। ਉ¤ਥੋਂ ਵੀ ਇਹ ਗੱਲ ਉ¤ਭਰ ਕੇ ਸਾਹਮਣੇ ਆਈ ਹੈ ਕਿ ਠੇਕੇਦਾਰ ਨੇ ਲੱਕੜਾਂ ਦਾ ਭਾਅ ਬਹੁਤ ਵਧਾ ਦਿੱਤਾ ਹੈ, ਸਸਕਾਰ ਸਮੇਂ ਵਰਤੀਆਂ ਜਾਣ ਵਾਲੀਆਂ ਹੋਰ ਵਸਤਾਂ ਵੀ ਮਹਿੰਗੀਆਂ ਹੋ ਗਈਆਂ ਹਨ। ਇਸ ਲਈ ਏਨਾ ਖ਼ਰਚ ਕਰਨ ਤੋਂ ਅਸਮਰੱਥਾ ਕਾਰਨ ਲਾਸ਼ਾਂ ਨੂੰ ਦਫ਼ਨਾਇਆ ਜਾ ਰਿਹਾ ਹੈ। ਇਹ ਮਾਮਲਾ ਜੱਗ ਜਾਹਰ ਹੋਣ ਤੇ ਉ¤ਤਰ ਪ੍ਰਦੇਸ ਸਰਕਾਰ ਨੇ ਗੰਗਾ ਨਦੀ ਕਿਨਾਰੇ ਪੁਲਿਸ ਦੀ ਗਸਤ ਕਰਨ ਦੇ ਆਦੇਸ਼ ਦਿੱਤੇ ਹਨ, ਪਰ ਫੇਰ ਵੀ ਇਹ ਸਿਲਸਿਲਾ ਚੱਲ ਰਿਹਾ ਹੈ।
ਕਿਸੇ ਸਮੇਂ ਭਾਰਤ ਦੀ ਤਰੱਕੀ, ਧਰਮ ਨਿਰਪੱਖਤਾ, ਭਾਈਚਾਰਕ ਸਾਂਝ, ਸੁੱਖ ਸਾਂਤੀ ਨੂੰ ਵੇਖਦਿਆਂ ‘‘ਸਿਫ਼ਤ ਕਰਾਂ ਕੀ ਦੇਸ਼ ਮੇਰੇ’’ ਵਰਗੇ ਗੀਤ ਗਾਏ ਜਾਂਦੇ ਸਨ, ਪਰ ਹੁਣ ਤਾਂ ਆਪਣੇ ਆਪ ਮੂੰਹੋਂ ਨਿਕਲਦਾ ਹੈ ‘‘ਦੁਰ ਫਿੱਟੇਮੂੰਹ ਕਹਾਂ ਦੇਸ ਮੇਰੇ।’’ ਜਿਸ ਦੇਸ਼ ਵਿੱਚ ਮਰੀਜਾਂ ਲਈ ਦਵਾਈਆਂ ਨਹੀਂ ਮਿਲਦੀਆਂ, ਮੌਤ ਨਾਲ ਜੂਝਦੇ ਇਨਸਾਨ ਨੂੰ ਆਕਸੀਜਨ ਨਹੀਂ ਮਿਲਦੀ, ਮਰ ਜਾਣ ਤੇ ਲੱਕੜਾਂ ਨਹੀਂ ਮਿਲਦੀਆਂ, ਉਸਨੂੰ ਹੋਰ ਕਿਹਾ ਵੀ ਕੀ ਜਾ ਸਕਦੈ।

Real Estate