ਅਮਰੀਕਾ: ਵ੍ਹਾਈਟ ਹਾਊਸ ਵਿੱਚ 11 ਸਾਲ ਦੀ ਉਮਰ ‘ਚ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਇੰਟਰਵਿਊ ਕਰਨ ਵਾਲੇ ਰਿਪੋਰਟਰ ਦੀ ਹੋਈ ਮੌਤ

233

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 16 ਮਈ 2021
ਅਮਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਪ੍ਰਸ਼ਾਸਨ ਦੌਰਾਨ ,ਉਹਨਾਂ ਦੀ ਇੱਕ ਵਿਦਿਆਰਥੀ ਪੱਤਰਕਾਰ ਵਜੋਂ 11 ਸਾਲ ਦੀ ਉਮਰ ਵਿੱਚ ਇੰਟਰਵਿਊ ਕਰਨ ਵਾਲੇ ਬੱਚੇ ਦੀ ਮੌਤ ਹੋ ਗਈ ਹੈ, ਜਿਸਦੀ ਉਮਰ ਹੁਣ 23 ਸਾਲ ਦੀ ਸੀ। ਉਸ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਡੈਮਨ ਵੀਵਰ ਨੇ ਉਦੋਂ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਜਦੋਂ ਉਸਨੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵ੍ਹਾਈਟ ਹਾਊਸ ਵਿੱਚ 2009 ਵਿੱਚ ਇੰਟਰਵਿਊ ਕੀਤੀ ਸੀ। ਪਰ ਇਹ ਦੁੱਖ ਦੀ ਗੱਲ ਹੈ ਕਿ ਕੁਦਰਤੀ ਕਾਰਨਾਂ ਕਰਕੇ ਉਸਦੀ ਮੌਤ ਹੋ ਗਈ ਹੈ। ਡੈਮਨ ਵੀਵਰ ( 23) ਦੀ ਭੈਣ ਕੈਂਡਸ ਹਾਰਡੀ ਨੇ ਦੱਸਿਆ ਕਿ ਉਸਦੀ ਮੌਤ 1 ਮਈ ਨੂੰ ਹੋਈ,ਅਤੇ ਉਹ ਜਾਰਜੀਆ ਵਿੱਚ ਅਲਬਾਨੀ ਸਟੇਟ ਯੂਨੀਵਰਸਿਟੀ ਵਿੱਚ ਕਮਿਊਨੀਕੇਸ਼ਨਜ਼ ਦੀ ਪੜ੍ਹਾਈ ਕਰ ਰਿਹਾ ਸੀ। ਵੀਵਰ 11 ਸਾਲਾਂ ਦਾ ਸੀ ਜਦੋਂ ਉਸਨੇ 13 ਅਗਸਤ, 2009 ਨੂੰ ਡਿਪਲੋਮੈਟਿਕ ਰੂਮ ਵਿੱਚ 10 ਮਿੰਟ ਲਈ ਓਬਾਮਾ ਨਾਲ ਇੰਟਰਵਿਊ ਕੀਤੀ ਸੀ। ਉਸਨੇ ਓਬਾਮਾ ਤੋਂ ਉਹ ਪ੍ਰਸ਼ਨ ਪੁੱਛੇ ਜੋ ਮੁੱਖ ਤੌਰ ਤੇ ਸਿੱਖਿਆ ‘ਤੇ ਕੇਂਦ੍ਰਤ ਸਨ। ਉਸਨੇ ਸਕੂਲ ਦੇ ਲੰਚ, ਧੱਕੇਸ਼ਾਹੀ, ਮਤਭੇਦ ਦੇ ਹੱਲ ਅਤੇ ਸਫਲਤਾ ਦੇ ਤਰੀਕੇ ਆਦਿ ਦੇ ਵਿਸ਼ੇ ਕਵਰ ਕੀਤੇ ਸਨ। ਉਸ ਇੰਟਰਵਿਊ ਦੇ ਬਾਅਦ ਉਸਨੇ ਓਪਰਾ ਵਿਨਫਰੇ ਅਤੇ ਡਵਾਇਨ ਵੇਡ ਵਰਗੇ ਐਥਲੀਟ ਦੀ ਵੀ ਇੰਟਰਵਿਊ ਕੀਤੀ। ਇੰਨੀ ਛੋਟੀ ਉਮਰ ਵਿੱਚ ਇਸ ਤਰ੍ਹਾਂ ਦੇ ਲਾਇਕ ਬੱਚੇ ਦਾ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ ਬਹੁਤ ਅਫਸੋਸ ਵਾਲੀ ਗੱਲ ਹੈ।

Real Estate