ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ 119 ’ਚੋਂ 73 ਵੈਂਟੀਲੇਟਰ ਖਰਾਬ : ਚੰਦਬਾਜਾ/ਸੰਧਵਾਂ

231

ਉਕਤ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ : ਸੰਨੀ ਬਰਾੜ
ਫਰੀਦਕੋਟ, 14 ਮਈ ( ਗੁਰਭੇਜ ਸਿੰਘ ਚੌਹਾਨ ) :- ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਬਾਵਜੂਦ 119 ਵਿੱਚੋਂ 73 ਵੈਂਟੀਲੇਟਰ ਖਰਾਬ ਹੋਣ ਸਬੰਧੀ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਵਾਰ-ਵਾਰ ਧਿਆਨ ਦਿਵਾਉਣ ਦੇ ਬਾਵਜੂਦ ਵੀ ਸਿਹਤ ਵਿਭਾਗ ਅਤੇ ਸਬੰਧਤ ਪ੍ਰਸ਼ਾਸ਼ਨ ਵਲੋਂ ਧਿਆਨ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਸਾਇਟੀ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਦੀ ਅਗਵਾਈ ਵਾਲੇ ਵਫਦ ਨੇ ਇਕ ਸਾਲ ਪਹਿਲਾਂ ਲਿਖਤੀ ਤੌਰ ’ਤੇ ਮੈਡੀਕਲ ਸੁਪਰਡੈਂਟ ਨੂੰ ਸ਼ਿਕਾਇਤ ਸੌਂਪਦਿਆਂ ਬੇਨਤੀ ਕੀਤੀ ਕਿ ਉਕਤ ਵੈਂਟੀਲੇਟਰ ਠੀਕ ਕਰਵਾਏ ਜਾਣ, ਸੁਸਾਇਟੀ ਨੇ 6 ਮਹੀਨੇ ਬਾਅਦ ਫਿਰ ਯਾਦ ਪੱਤਰ ਸੌਂਪ ਕੇ ਉਕਤ ਬੇਨਤੀ ਦੁਹਰਾਈ ਅਤੇ ਪਿਛਲੇ ਮਹੀਨੇ 15 ਅਪ੍ਰੈਲ ਨੂੰ ਖੁਦ ਮਿਲ ਕੇ ਅਪੀਲ ਕੀਤੀ ਕਿ ਵੈਂਟੀਲੇਟਰ ਠੀਕ ਕਰਵਾਏ ਜਾਣ ਪਰ ਅੱਜ ਲਗਭਗ 1 ਮਹੀਨਾ ਬੀਤਣ ਉਪਰੰਤ ਵੀ 73 ਕੀਮਤੀ ਵੈਂਟੀਲੇਟਰ ਜਰੂਰਤ ਹੋਣ ਦੇ ਬਾਵਜੂਦ ਵੀ ਕਬਾੜਖਾਨੇ ਵਿੱਚ ਸੁੱਟ ਕੇ ਲੋਕਾਂ ਦੇ ਪੈਸੇ ਅਤੇ ਮਰੀਜਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਭਾਈ ਚੰਦਬਾਜਾ ਅਤੇ ਸ੍ਰ ਸੰਧਵਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ ਵਿੱਚੋਂ ਆਏ 73 ਕੀਮਤੀ ਵੈਂਟੀਲੇਟਰਾਂ ਦੀ ਯੋਗ ਸਾਂਭ-ਸੰਭਾਲ ਨਾ ਕਰਨ ਵਾਲੇ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਉਹ ਸੰਘਰਸ਼ ਤੋਂ ਗੁਰੇਜ ਨਹੀਂ ਕਰਨਗੇ। ਉਨਾਂ ਆਖਿਆ ਕਿ ਉਕਤ ਵੈਂਟੀਲੇਟਰਾਂ ਰਾਹੀਂ ਬਹੁਤ ਸਾਰੀਆਂ ਅਜਾਈਂ ਜਾ ਚੁੱਕੀਆਂ ਅਤੇ ਜਾ ਰਹੀਆਂ ਕੀਮਤੀ ਜਾਨਾ ਨੂੰ ਬਚਾਇਆ ਜਾ ਸਕਦਾ ਸੀ। ਉਨਾ ਦੋਸ਼ ਲਾਇਆ ਕਿ ਵੈਂਟੀਲੇਟਰ ਨਾ ਮਿਲਣ ਕਰਕੇ ਹਸਪਤਾਲ ਵਲੋਂ ਮਰੀਜ ਨੂੰ ਰੈਫਰ ਕੀਤਾ ਜਾਂਦਾ ਹੈ ਤੇ ਪੀੜਤ ਦੂਜੇ ਹਸਪਤਾਲ ਵਿੱਚ ਪਹੁੰਚਣ ਤੋਂ ਪਹਿਲਾਂ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਇਸ ਲਈ ਸਬੰਧਤ ਪ੍ਰਸ਼ਾਸ਼ਨ ਬਰਾਬਰ ਦਾ ਜਿੰਮੇਵਾਰ ਹੈ। ਸੰਪਰਕ ਕਰਨ ’ਤੇ ਸੰਦੀਪ ਸਿੰਘ ਸੰਨੀ ਬਰਾੜ ਓਐਸਡੀ ਮੁੱਖ ਮੰਤਰੀ ਪੰਜਾਬ ਨੇ ਆਖਿਆ ਕਿ ਉਹ ਇਸ ਸਬੰਧੀ ਸਾਰਾ ਮਾਮਲਾ ਮੁੱਖ ਮੰਤਰੀ ਦੇ ਧਿਆਨ ’ਚ ਲਿਆ ਚੁੱਕੇ ਹਨ ਤੇ ਸੀਮੈਨ ਕੰਪਨੀ ਦਾ ਵਿਸ਼ੇਸ਼ ਟੈਕਨੀਕਲ ਮਾਹਰ ਆ ਕੇ ਜਲਦ ਉਕਤ ਵੈਂਟੀਲੇਟਰਾਂ ਨੂੰ ਠੀਕ ਕਰੇਗਾ।

Real Estate