ਪਾਕਿਸਤਾਨ ਦੀ ਪਹਿਲੀ ਹਿੰਦੂ ਲੜਕੀ ਪ੍ਰਸਾਸਨਿਕ ਅਧਿਕਾਰੀ ਬਣੀ, ਸਨਾ ਰਾਮ ਚੰਦ

322


ਬਲਵਿੰਦਰ ਸਿੰਘ ਭੁੱਲਰ
ਮੋਬਾ: 098882 -75913
ਉੱਚੀਆਂ ਪ੍ਰਾਪਤੀਆਂ ਕਰਨ ਦਾ ਰਸਤਾ ਕਠਿਨ ਜਰੂਰ ਹੈ, ਪਰ ਅਸੰਭਵ ਕੁੱਝ ਨਹੀਂ। ਸਫ਼ਲਤਾ ਦੀ ਕੋਈ ਸਿਖ਼ਰ ਨਹੀਂ ਹੁੰਦੀ, ਚਲਦੇ ਰਹਿਣ ਦਾ ਹੌਂਸਲਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ, ਜੋ ਮਿਥੇ ਨਿਸ਼ਾਨੇ ਤੇ ਲੈ ਜਾਂਦਾ ਹੈ। ਅਜਿਹੇ ਸਿਖ਼ਰ ਤੇ ਪਹੁੰਚਣ ਵਾਲੀ ਗੁਆਂਢੀ ਦੇਸ਼ ਪਾਕਿਸਤਾਨ ਦੀ ਵਸਨੀਕ ਹਿੰਦੂ ਕੁੜੀ ਸਨਾ ਰਾਮ ਚੰਦ ਹੈ, ਜੋ ਪ੍ਰਸ਼ਾਸਨਿਕ ਪ੍ਰੀਖਿਆ ਪਾਸ ਕਰਕੇ ਉੱਚ ਅਹੁਦਾ ਹਾਸਲ ਕਰਨ ਵਾਲੀ ਉਸ ਦੇਸ ਦੀ ਪਹਿਲੀ ਹਿੰਦੂ ਲੜਕੀ ਹੈ।
ਪਾਕਿਸ਼ਤਾਨ ਦੇ ਸਿੰਧ ਪ੍ਰਾਂਤ ’ਚ ਜਿਲ੍ਹਾ ਸ਼ਿਕਾਰਪਰ ਦੇ ਕਸਬਾ ਚੱਕ ਵਿੱਚ ਜਨਮੀ ਸਨਾ ਰਾਮ ਚੰਦ ਆਪਣੀ ਮੁਢਲੀ ਪੜਾਈ ਕਰਨ ਉਪਰੰਤ ਚੰਦਕਾ ਮੈਡੀਕਲ ਕਾਲਜ ਤੋਂ ਐਮ ਬੀ ਬੀ ਐਸ ਕਰਕੇ ਡਾਕਟਰ ਬਣ ਗਈ ਅਤੇ ਸਿੰਧ ਇੰਸਟੀਚਿਊਟ ਆਫ਼ ਜੁਅਰੋਲੌਜੀ ਐਂਡ ਟਰਾਂਸਪੇਰੈਂਟ ਤੋਂ ਐਫ ਸੀ ਪੀ ਐਸ ਕਰ ਰਹੀ ਹੈ, ਇਹ ਕੋਰਸ ਪੂਰਾ ਕਰਨ ਤੇ ਉਹ ਸਰਜਨ ਬਣਨ ਵਾਲੀ ਹੈ। ਹਸਪਤਾਲਾਂ ਵਿੱਚ ਨੌਕਰੀ ਕਰਦਿਆਂ ਉਸਨੇ ਪ੍ਰਬੰਧਾਂ ਦੀ ਘਾਟ ਸਦਕਾ ਮਰੀਜਾਂ ਦੀ ਤਰਸਯੋਗ ਹਾਲਤ ਵੇਖੀ ਤਾਂ ਉਸਦਾ ਮਨ ਪਸੀਜਿਆ ਗਿਆ। ਪਰ ਡਾਕਟਰ ਹੁੰਦਿਆਂ ਉਹ ਮਰੀਜ਼ਾਂ ਦੀਆਂ ਮੁਸਕਿਲਾਂ ਦਾ ਹੱਲ ਕਰਨ ਦੇ ਸਮਰੱਥ ਨਹੀਂ ਸੀ। ਉਸਨੇ ਸੋਚਿਆ ਕਿ ਪ੍ਰਸ਼ਾਸ਼ਕੀ ਅਧਿਕਾਰੀ ਹੁੰਦਿਆਂ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਉਦਮ ਕੀਤਾ ਜਾ ਸਕਦਾ ਹੈ।
ਬੀਬੀ ਚੰਦ ਨੇ ਸਾਲ 2019 ਵਿੱਚ ਸੈਂਟਰਲ ਸੁਪੀਰੀਅਲ ਸਰਵਿਸਜ ਦੀ ਪ੍ਰੀਖਿਆ ਦੇਣ ਦਾ ਫੈਸਲਾ ਕਰ ਲਿਆ ਤਾਂ ਜੋ ਉਹ ਪ੍ਰਸਾਸ਼ਨਿਕ ਅਧਿਕਾਰੀ ਬਣ ਸਕੇ। ਉਸਨੇ ਇਹ ਮਹਿਸੂਸ ਕਰਦਿਆਂ ਕਿ ਅਗਰ ਟੀਚਾ ਮਿੱਥ ਲਿਆ ਜਾਵੇ ਤਾਂ ਸਫ਼ਲਤਾ ਅਵੱਸ ਮਿਲਦੀ ਹੈ, ਪਰ ਖ਼ੁਦ ਨੂੰ ਟੀਚੇ ਪ੍ਰਤੀ ਸਮਰਪਣ ਕਰਨਾ ਪੈਂਦਾ ਹੈ। ਉਸਨੇ ਆਪਣੇ ਮੋਬਾਇਲ ਫੋਨ ਤੋਂ ਸੋਸਲ ਅਕਾਊਂਟ ਹਟਾ ਦਿੱਤੇ ਅਤੇ ਕਿਤਾਬਾਂ ਡਾਊਨਲੋਡ ਕਰ ਲਈਆਂ। ਉਹ ਰੋਜਾਨਾ ਸੁਭਾ 8 ਵਜੇ ਤੋਂ ਸਾਮ ਦੇ 8 ਵਜੇ ਤੱਕ ਹਸਪਤਾਲ ਵਿੱਚ ਆਪਣੀ ਡਿਊਟੀ ਕਰਦੀ। ਇਸ ਉਪਰੰਤ ਉਹ ਜਦ ਕਿਤੇ ਬਾਹਰ ਜਾਂਦੀ ਤਾਂ ਮੋਬਾਇਲ ਫੋਨ ਤੋਂ ਪੜਦੀ ਰਹਿੰਦੀ। ਘਰ ਪਹੁੰਚ ਕੇ ਉਹ ਕਈ ਘੰਟੇ ਪੜਣ ਵਿੱਚ ਲਾਉਂਦੀ।
ਆਪਣੀ ਮਿਹਨਤ ਤੇ ਹੌਂਸਲੇ ਦੀ ਪਰਖ ਕਰਨ ਉਪਰੰਤ ਉਸਨੇ ਸਾਲ 2020 ਵਿੱਚ ਸੈਂਟਰਲ ਸੁਪੀਰੀਅਲ ਸਰਵਿਸਜ਼ ਦੀ ਪ੍ਰੀਖਿਆ ਦੇ ਦਿੱਤੀ। ਇਸ ਪ੍ਰੀਖਿਆ ਵਿੱਚ 18 ਹਜ਼ਾਰ 553 ਉਮੀਦਵਾਰਾਂ ਨੇ ਭਾਗ ਲਿਆ, ਜਿਹਨਾਂ ਚੋਂ 221 ਪਾਸ ਹੋਏ। ਇਹਨਾਂ ਪਾਸ ਹੋਏ ਉਮੀਦਵਾਰਾਂ ਵਿੱਚ 79 ਲੜਕੀਆਂ ਸਨ, ਜਿਹਨਾਂ ਵਿੱਚ ਸਨਾ ਰਾਮ ਚੰਦ ਵੀ ਸਾਮਲ ਸੀ। ਹਿੰਦੂ ਧਰਮ ਨਾਲ ਸਬੰਧਤ ਉਹ ਇਕੱਲੀ ਹੀ ਲੜਕੀ ਸੀ, ਜਿਸਨੇ ਇਹ ਇਮਤਿਹਾਨ ਪਾਸ ਕੀਤਾ। ਸਮੁੱਚੇ ਪਾਕਿਸਤਾਨ ਵਿੱਚ ਕਰੀਬ 30 ਲੱਖ ਹਿੰਦੂ ਅਬਾਦੀ ਹੈ, ਜਿਸ ਵਿੱਚੋਂ ਜਿਆਦਾ ਹਿੰਦੂ ਸਿੰਧ ਖੇਤਰ ਵਿੱਚ ਹੀ ਵਸਦੇ ਹਨ। ਇਸ ਇਲਾਕੇ ਦੀਆਂ ਲੜਕੀਆਂ ਭਾਵੇਂ ਵੱਖ ਵੱਖ ਦਫ਼ਤਰਾਂ ਵਿੱਚ ਨੌਕਰੀ ਕਰਦੀਆਂ ਹਨ, ਪਰ ਪ੍ਰਸਾਸਕੀ ਅਧਿਕਾਰੀ ਵਜੋਂ ਸੇਵਾ ਨਿਭਾਉਣ ਵਾਲੀ ਕੋਈ ਨਹੀਂ ਹੈ। ਪ੍ਰਸ਼ਾਸ਼ਕੀ ਸਰਵਿਸਜ ਦੀ ਪ੍ਰੀਖਿਆ ਪਾਸ ਕਰਨ ਵਾਲੀ ਸਨਾ ਰਾਮ ਚੰਦ ਹੁਣ ਪਹਿਲੀ ਹਿੰਦੂ ਲੜਕੀ ਬਣੀ ਹੈ। ਜਲਦੀ ਹੀ ਉਸਨੂੰ ਅਸਿਸਟੈਂਟ ਕਮਿਸਨਰ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ।

Real Estate