ਨਿਊਯਾਰਕ ਦੇ ਟਾਈਮਜ਼ ਸਕੁਏਰ ਵਿੱਚ ਗੋਲੀਬਾਰੀ ਦਾ ਹਮਲਾਵਰ ਫਲੋਰਿਡਾ ਵਿੱਚ ਹੋਇਆ ਗ੍ਰਿਫਤਾਰ

248

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 13 ਮਈ 2021
ਨਿਊਯਾਰਕ ਦੇ ਪੁਲਿਸ ਵਿਭਾਗ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਇੱਕ ਸ਼ੱਕੀ ਸ਼ੂਟਰ ਜਿਸਨੇ ਹਫਤੇ ਦੇ ਅਖੀਰ ਵਿੱਚ ਟਾਈਮਜ਼ ਸਕੁਏਰ ਵਿੱਚ ਗੋਲੀਬਾਰੀ ਕਰਕੇ ਇੱਕ 4 ਸਾਲ ਦੀ ਲੜਕੀ ਸਮੇਤ ਤਿੰਨ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ, ਨੂੰ ਫਲੋਰਿਡਾ ਵਿੱਚ ਅਮਰੀਕੀ ਮਾਰਸ਼ਲਾਂ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਫਰਾਖਾਨ ਮੁਹੰਮਦ ਨਾਮ ਦੇ ਇਸ ਵਿਅਕਤੀ ਨੂੰ ਬੁੱਧਵਾਰ ਨੂੰ ਜੈਕਸਨਵਿਲੇ ਤੋਂ ਬਾਹਰ ਸਟਾਰਕੇ ਵਿੱਚ ਮੈਕਡੋਨਲਡ ਦੀ ਪਾਰਕਿੰਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਉਪਰੰਤ ਦੋਸ਼ਾਂ ਦਾ ਸਾਹਮਣਾ ਕਰਨ ਲਈ ਮੁਹੰਮਦ ਨੂੰ ਨਿਊਯਾਰਕ ਸਿਟੀ ਲਿਆਂਦਾ ਜਾਵੇਗਾ। ਨਿਊਯਾਰਕ ਦੇ ਟਾਈਮਜ਼ ਸਕੁਏਰ ਵਿੱਚ ਗੋਲੀਬਾਰੀ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਰ੍ਹੋਡ ਆਈਲੈਂਡ ਦੀ ਇੱਕ 23 ਸਾਲਾ ਔਰਤ , ਨਿਊਜਰਸੀ ਦੀ 43 ਸਾਲਾ ਔਰਤ ਅਤੇ ਬਰੁਕਲਿਨ ਦੀ 4 ਸਾਲਾ ਲੜਕੀ ਸ਼ਾਮਿਲ ਸੀ। ਇਹ ਗੋਲੀਬਾਰੀ ਸ਼ਨੀਵਾਰ ਸ਼ਾਮ ਦੇ ਪੰਜ 5 ਵਜੇ ਦੇ ਕਰੀਬ ਚਾਰ ਵਿਅਕਤੀਆਂ ਵਿਚਕਾਰ ਹੋਏ ਝਗੜੇ ਦੌਰਾਨ ਵਾਪਰੀ ਜਦੋਂ ਇੱਕ ਵਿਅਕਤੀ ਨੇ ਬੰਦੂਕ ਨਾਲ ਗੋਲੀਬਾਰੀ ਕੀਤੀ, ਜਿਸ ਨਾਲ ਤਿੰਨ ਜਾਣੇ ਜ਼ਖਮੀ ਹੋ ਗਏ। ਇਸ ਸੰਬੰਧੀ ਮੁਹੰਮਦ ਦੇ ਭਰਾ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਉਹ ਗੋਲੀਬਾਰੀ ਦਾ ਨਿਸ਼ਾਨਾ ਸੀ ਜਦਕਿ ਗੋਲੀਬਾਰੀ ਦੇ ਮਨੋਰਥ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਗੋਲੀਬਾਰੀ ਤੋਂ ਬਾਅਦ ਮੁਹੰਮਦ ਦੱਖਣ ਵੱਲ ਭੱਜ ਗਿਆ ਸੀ। ਉਸ ਨੂੰ, ਉਸਦੀ ਪ੍ਰੇਮਿਕਾ ਨਾਲ ਉੱਤਰੀ ਕੈਰੋਲਿਨਾ ਦੇ ਫੇਏਟਵਿਲੇ ਵਿੱਚ ਇੱਕ ਵਾਲਮਾਰਟ ਵਿੱਚ ਦੇਖਿਆ ਗਿਆ ਸੀ ਅਤੇ ਆਖਿਰਕਾਰ ਉਸਨੂੰ ਫਲੋਰਿਡਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

Real Estate