ਅਮਰੀਕਾ: ਓਹਾਇਓ ਵਿੱਚ ਪੰਜ ਵਸਨੀਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਕਰਕੇ ਲਾਟਰੀ ਰਾਹੀਂ ਦਿੱਤੇ ਜਾਣਗੇ 10 ਲੱਖ ਡਾਲਰ

118

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 13 ਮਈ 2021
ਓਹਾਇਓ ਸੂਬੇ ਵਿੱਚ ਕੋਰੋਨਾ ਟੀਕਾ ਲਗਵਾਉਣ ਵਾਲੇ ਲੋਕ ਲੱਖਾਂ ਡਾਲਰ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਰਾਜ ਦੇ ਗਵਰਨਰ ਮਾਈਕ ਡਿਵਾਈਨ ਨੇ ਬੁੱਧਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਟੀਕਾਕਰਨ ਪ੍ਰਤੀਸ਼ਤ ਵਧਾਉਣ ਦੇ ਯਤਨ ਵਿੱਚ ਪੰਜ ਟੀਕਾ ਲੱਗੇ ਹੋਏ ਨਿਵਾਸੀਆਂ ਵਿੱਚੋਂ ਹਰੇਕ ਨੂੰ 1 ਮਿਲੀਅਨ ਡਾਲਰ ਦਿੱਤੇ ਜਾਣਗੇ। ਗਵਰਨਰ ਅਨੁਸਾਰ ਇਸ ਯੋਜਨਾ ਦੇ ਤਹਿਤ ਉਹਨਾਂ ਬਾਲਗਾਂ ਲਈ ਜਿਨ੍ਹਾਂ ਨੇ ਘੱਟੋ-ਘੱਟ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ , ਦੀ ਇੱਕ ਲਾਟਰੀ ਰਾਹੀਂ ਜੇਤੂ ਦੀ ਘੋਸ਼ਣਾ ਕੀਤੀ ਜਾਵੇਗੀ। ਇਹ ਘੋਸ਼ਣਾ ਹਰ ਬੁੱਧਵਾਰ ਨੂੰ ਪੰਜ ਹਫ਼ਤਿਆਂ ਲਈ ਹੋਵੇਗੀ, ਅਤੇ ਹਰ ਬੁੱਧਵਾਰ ਜੇਤੂ ਨੂੰ ਇੱਕ ਮਿਲੀਅਨ ਡਾਲਰ ਪ੍ਰਾਪਤ ਹੋਣਗੇ। ਡਿਵਾਈਨ ਨੇ ਕਿਹਾ ਕਿ ਇਹ ਡਰਾਇੰਗ ਓਹੀਓ ਲਾਟਰੀ ਦੁਆਰਾ ਕਰਵਾਏ ਜਾਣਗੇ ਅਤੇ ਇਸ ਵਿੱਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਓਹਾਇਓ ਵਸਨੀਕ ਯੋਗ ਹਨ, ਪਰ ਉਹਨਾਂ ਨੇ ਕੋਵਿਡ -19 ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਹੋਵੇ। ਇਸ ਵਿਚ ਜੇਤੂਆਂ ਦੀ ਚੋਣ ਓਹੀਓ ਦੇ ਜਨਤਕ ਵੋਟਰ ਰਜਿਸਟ੍ਰੇਸ਼ਨ ਡੇਟਾਬੇਸ ਤੋਂ ਕੀਤੀ ਜਾਵੇਗੀ। ਉਹ ਲੋਕ ਜਿਹੜੇ ਵੋਟ ਪਾਉਣ ਲਈ ਰਜਿਸਟਰਡ ਨਹੀਂ ਹਨ, ਪਰ ਡਰਾਇੰਗ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ, ਇੱਕ ਵੈਬਸਾਈਟ ਦੇ ਜ਼ਰੀਏ ਸਾਈਨ ਅਪ ਕਰ ਸਕਦੇ ਹਨ ਜੋ ਆਉਣ ਵਾਲੇ ਹਫ਼ਤਿਆਂ ਵਿੱਚ ਉਪਲੱਬਧ ਕਰ ਦਿੱਤੀ ਜਾਵੇਗੀ। ਡਿਵਾਈਨ ਦੇ ਅਨੁਸਾਰ, 5 ਮਿਲੀਅਨ ਡਾਲਰ ਦੇ ਡਰਾਇੰਗ ਨੂੰ ਚਲਾਉਣ ਦੇ ਖਰਚਿਆਂ ਲਈ ਫੰਡ ਮੌਜੂਦਾ ਫੈਡਰਲ ਕੋਵਿਡ -19 ਰਾਹਤ ਫੰਡਾਂ ਦੁਆਰਾ ਪ੍ਰਾਪਤ ਕੀਤੇ ਜਾਣਗੇ। ਇਸਦੇ ਨਾਲ ਹੀ ਡਿਵਾਈਨ ਨੇ ਇੱਕ ਵੱਖਰੀ ਲਾਟਰੀ ਦਾ ਐਲਾਨ ਵੀ ਕੀਤਾ ਹੈ, ਜੋ ਟੀਕੇ ਲਗਵਾ ਰਹੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵਜ਼ੀਫੇ ਪੇਸ਼ ਕਰਦੀ ਹੈ। ਇਹ ਲਾਟਰੀ 26 ਮਈ ਤੋਂ ਪੰਜ ਹਫ਼ਤਿਆਂ ਲਈ ਇੱਕ ਹਫ਼ਤੇ ਵਿੱਚ ਇੱਕ ਜੇਤੂ ਵੀ ਚੁਣੇਗੀ ਅਤੇ ਜੇਤੂ ਨੂੰ ਓਹੀਓ ਸਟੇਟ ਯੂਨੀਵਰਸਿਟੀਆਂ ਵਿੱਚ ਚਾਰ ਸਾਲਾਂ ਦਾ ਵਜ਼ੀਫ਼ਾ ਮਿਲੇਗਾ, ਜਿਸ ਵਿੱਚ ਟਿਊਸ਼ਨ, ਕਮਰਾ ਅਤੇ ਕਿਤਾਬਾਂ ਆਦਿ ਸ਼ਾਮਿਲ ਹੋਣਗੀਆਂ।

Real Estate