ਅਮਰੀਕਾ ਵਿੱਚ ਹਿੰਦੂ ਮੰਦਰ ਨੇ ਕੀਤਾ ਸ਼ਰਮਨਾਕ ਕਾਰਾ, ਸੈਕੜੇ ਵਿਅਕਤੀਆਂ ਤੋਂ ਕਰਵਾਈ ਜਬਰਦਸਤੀ ਮਜ਼ਦੂਰੀ

601

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 12 ਮਈ 2021
ਅਮਰੀਕਾ ਦੇ ਨਿਊਜਰਸੀ ਸਥਿਤ ਇੱਕ ਹਿੰਦੂ ਮੰਦਿਰ ਨੇ ਇੱਕ ਸ਼ਰਮਨਾਕ ਕੰਮ ਕਰਦਿਆਂ ਭਾਰਤੀ ਲੋਕਾਂ ਤੋਂ ਹੀ ਜਬਰਦਸਤੀ ਮਜ਼ਦੂਰੀ ਕਰਵਾਈ ਹੈ। ਅਮਰੀਕੀ ਏਜੰਸੀ ਐਫ ਬੀ ਆਈ ਨੇ ਹੋਰ ਵਿਭਾਗਾਂ ਸਮੇਤ ਮੰਗਲਵਾਰ ਨੂੰ ਨਿਊਜਰਸੀ ਦੇ ਇੱਕ ਵਿਸ਼ਾਲ ਹਿੰਦੂ ਮੰਦਰ ਵਿੱਚ ਛਾਪਾ ਮਾਰਿਆ ਅਤੇ ਮੰਦਿਰ ‘ਤੇ ਕਮਿਊਨਿਟੀ ਦੇ ਭਾਰਤੀ ਮਰਦਾਂ ਨੂੰ ਅਮਰੀਕਾ ਵਿੱਚ ਲਿਜਾਣ ਅਤੇ ਇਕ ਹਫ਼ਤੇ ਵਿੱਚ ਤਕਰੀਬਨ 90 ਘੰਟੇ ਕੰਮ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਨਿਊਜਰਸੀ ਵਿੱਚ ਸਥਿਤ ਬੋਚਸਨਵਾਸੀ ਅਖਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ, ਜੋ ਇੱਕ ਹਿੰਦੂ ਸੰਪਰਦਾ ਹੈ ਅਤੇ ਬੀ ਏ ਪੀ ਐਸ ਵਜੋਂ ਜਾਣਿਆ ਜਾਂਦਾ ਹੈ, ਦੇ ਸੰਚਾਲਕਾਂ ਉੱਤੇ ਮੰਗਲਵਾਰ ਨੂੰ ਸੰਘੀ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ ਵਿੱਚ ਜਬਰਦਸਤੀ ਮਜ਼ਦੂਰੀ, ਤਸਕਰੀ ਅਤੇ ਤਨਖਾਹ ਚੋਰੀ ਆਦਿ ਦੋਸ਼ ਲਗਾਏ ਗਏ ਹਨ। ਐਫ ਬੀ ਆਈ ਅਨੁਸਾਰ ਨਿਊਜਰਸੀ ਦੀ ਜ਼ਿਲ੍ਹਾ ਅਦਾਲਤ ਵਿੱਚ ਛੇ ਨਾਮਜ਼ਦ ਮਜ਼ਦੂਰਾਂ ਦੁਆਰਾ ਦਾਇਰ ਮੁਕੱਦਮੇ ਤਹਿਤ ਘੱਟੋ ਘੱਟ 200 ਭਾਰਤੀ ਨਾਗਰਿਕ ਜੋ ਰਾਬਬਿਨਸਵਿੱਲੇ ਦੇ ਮੰਦਰ ਵਿਚ ਕੰਮ ਕਰਦੇ ਹਨ ਜਾਂ ਕੰਮ ਕਰਦੇ ਸਨ, ਇਸ ਦਾ ਹਿੱਸਾ ਹੋਣਗੇ। ਇਸ ਸੰਸਥਾ ਦੇ ਕਈ ਲੋਕਾਂ ‘ਤੇ ਦੋਸ਼ ਹੈ ਕਿ ਉਹ ਨਿਊਜਰਸੀ ਆਉਣ ਅਤੇ ਹਰ ਹਫ਼ਤੇ ਤਕਰੀਬਨ 87 ਘੰਟੇ ਪ੍ਰਤੀ ਮਹੀਨਾ 450 ਡਾਲਰ, ਜਾਂ 1.20 ਡਾਲਰ ਪ੍ਰਤੀ ਘੰਟਾ ਦੇ ਲਈ ਮੰਦਰ ਬਣਾਉਣ ਵਿੱਚ ਮਦਦ ਕਰਨ ਲਈ ਪੁਰਸ਼ਾਂ ਨੂੰ ਭਰਤੀ ਕਰਦੇ ਸਨ। ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਬਚਾਅ ਪੱਖ ਨੇ ਨੀਵੀਆਂ ਜਾਤੀਆਂ ਦੇ ਆਦਮੀਆਂ ਅਤੇ ਹੋਰ ਭਾਈਚਾਰਿਆਂ ਦੇ ਮੈਂਬਰਾਂ ਨੂੰ ਮੰਦਰ ਵਿੱਚ ਕੰਮ ਕਰਨ ਦਾ ਲਾਲਚ ਦਿੱਤਾ, ਜੋ ਅਜੇ ਨਿਰਮਾਣ ਅਧੀਨ ਹੈ। ਮੁਕੱਦਮੇ ਅਨੁਸਾਰ ਵਿਅਕਤੀਆਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਸਨ, ਅਤੇ ਕਾਮੇ ਇੱਕ ਕੰਪਾਊਂਡ ਵਿੱਚ ਰੱਖੇ ਸਨ। ਅਟਾਰਨੀ ਕਾਕਲੇਕ ਨੇ ਕਿਹਾ ਕਿ ਇਹ ਸਥਿਤੀ ਇੱਕ “ਲੇਬਰ ਟਰੈਫਿਕਿੰਗ” ਕੇਸ ਹੈ ਅਤੇ ਮਜ਼ਦੂਰਾਂ ‘ਤੇ ਦਰਜਨਾਂ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾਂਦੀ ਸੀ ਅਤੇ ਨਿਯਮਾਂ ਨੂੰ ਤੋੜਨ ਲਈ ਜੁਰਮਾਨੇ ਦੀ ਧਮਕੀ ਵੀ ਦਿੱਤੀ ਜਾਂਦੀ ਸੀ। ਇਹ ਮੁਕੱਦਮਾ ਦਾਅਵਾ ਕਰਦਾ ਹੈ ਕਿ ਮਜ਼ਦੂਰਾਂ ਨੂੰ ਮਈ 2011 ਤੋਂ ਧਾਰਮਿਕ ਵਰਕਰਾਂ ਅਤੇ ਵਾਲੰਟੀਅਰਾਂ ਦੇ ਵੀਜ਼ੇ ‘ਤੇ ਝੂਠੇ ਤੌਰ ‘ਤੇ ਅਮਰੀਕਾ ਲਿਆਂਦਾ ਗਿਆ ਹੈ ਅਤੇ ਇਹ ਮੁਕੱਦਮਾ ਮਜ਼ਦੂਰਾਂ ਲਈ ਅਦਾਇਗੀ, ਦਿਹਾੜੀ ਅਤੇ ਹਰਜਾਨੇ ਲਈ ਪੈਸੇ ਦੀ ਮੰਗ ਕਰਦਾ ਹੈ। ਜਦਕਿ ਬੀ ਏ ਪੀ ਐਸ ਦੇ ਬੁਲਾਰਿਆਂ ਅਨੁਸਾਰ ਉਠਾਏ ਗਏ ਮਸਲਿਆਂ ਦੀ ਪੂਰੀ ਸਮੀਖਿਆ ਕੀਤੀ ਜਾ ਰਹੀ ਹੈ।

Real Estate