ਕਫ਼ਨ ਚੋਰੀ ਕਰਕੇ ਵੇਚਣ ਵਾਲਾ ਗੈਂਗ ਗ੍ਰਿਫ਼ਤਾਰ

213

ਉਤਰ ਪ੍ਰਦੇਸ਼ ਦੇ ਬਾਗਪਤ ਜਿਲ੍ਹੇ ਵਿੱਚ ਸ਼ਮਸ਼ਾਨ ਅਤੇ ਕਬਰਸਤਾਨਾਂ ਵਿੱਚੋਂ ਕਫ਼ਨ ਚੋਰੀ ਕਰਕੇ ਉਹਨਾਂ ਦੋਬਾਰਾ ਵੇਚਣ ਵਾਲੇ ਗੈਂਗ ਦਾ ਪਰਦਾਫਾਸ ਹੋਇਆ ਹੈ। ਗੈਂਗ ਵਿੱਚ ਇੱਕ ਕੱਪੜਾ ਵਪਾਰੀ , ਇੱਕ ਉਸਦਾ ਬੇਟਾ ਅਤੇ ਭਤੀਜਾ ਸ਼ਾਮਿਲ ਹੈ। ਇਸਦੇ ਨਾਲ ਹੀ ਦੁਕਾਨ ਤੇ ਕੰਮ ਕਰਨ ਵਾਲੇ 4 ਕਰਮਚਾਰੀ ਅਤੇ ਕਬਰਸਤਾਨ ਚ ਮਜਦੂਰੀ ਕਰਨ ਵਾਲੇ ਲੋਕ ਵੀ ਜੁੜੇ ਹੋਏ ਹਨ । ਪੁਲੀਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੈਂਗ ਦੇ ਮੁਖੀ ਨੇ ਸ਼ਮਸ਼ਾਨਾਂ ਅਤੇ ਕਬਰਸਤਾਨਾਂ ਵਿੱਚੋਂ ਮੁਰਦਿਆਂ ਦੇ ਕਫ਼ਨ ਅਤੇ ਕੱਪੜੇ ਚੋਰੀ ਕਰਨ ਦੇ ਲਈ 300 ਰੁਪਏ ਦਿਹਾੜੀ ‘ਤੇ ਮਜਦੂਰ ਰੱਖੇ ਸੀ । ਅਹਿਮ ਗੱਲ ਇਹ ਹੈ ਕਿ ਚੁਰਾਏ ਗਏ ਕਫ਼ਨ ਉਹਨਾਂ ਲੋਕਾਂ ਦੇ ਵੀ ਸਨ ਜਿੰਨ੍ਹਾਂ ਦੀ ਮੌਤ ਕਰੋਨਾ ਕਾਰਨ ਹੋਈ ਹੈ। ਮੁਲਜਿ਼ਮ ਕਾਰੋਬਾਰੀ ਲਾਸ਼ਾਂ ਦੇ ਲਾਹੇ ਹੋਏ ਕਫ਼ਨ ਨੂੰ ਧੋ ਕੇ ਬਾਅਦ ‘ਚ ਪ੍ਰੈਸ ਕਰਵਾ ਦਿੰਦਾ ਸੀ । ਇਸ ਤੋਂ ਬਾਅਦ ਗਵਾਲੀਅਰ ਮਾਰਕਾ ਸਟੀਕਰ ਲਾ ਕੇ ਰੀਪੈਕ ਕਰ ਉਹਨਾਂ ਨੂੰ ਵੇਚ ਦਿੰਦੇ ਸਨ । ਇੱਕ ਕਫ਼ਨ ਦੀ ਕੀਮਤ 400 ਰੁਪਏ ਲਈ ਜਾਂਦੀ ਸੀ।
ਤਫਤੀਸ਼ੀ ਅਧਿਕਾਰੀ ਅਲੋਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ਮਸ਼ਾਨ ਘਾਟ ਅਤੇ ਕਬਰਸਤਾਨ ‘ਚ ਰਹਿਣ ਵਾਲਿਆ ਨੂੰ 300-400 ਰੁਪਏ ਦਾ ਲਾਲਚ ਦੇ ਕੇ ਮੁਰਦਿਆਂ ਦੇ ਕਫ਼ਨ , ਕੁੜਤਾ –ਪਜ਼ਾਮਾ , ਕਮੀਜ਼ ਅਤੇ ਧੋਤੀ ਚੋਰੀ ਕਰਦੇ ਸਨ। ਫਿਰ ਇਸਨੂੰ ਪ੍ਰੈਸ ਕਰਵਾ ਕੇ ਅੱਗੇ ਵੇਚ ਦਿੰਦੇ ਸਨ। ਪੁਲੀਸ ਨੇ ਮੁਖਬਿਰ ਦੀ ਸੂਚਨਾ ‘ਤੇ ਛਾਪਾ ਮਾਰ ਕੇ ਗੈਂਗ ਨੂੰ ਗ੍ਰਿਫ਼ਤਾਰ ਕੀਤਾ ਹੈ । ਮੌਕੇ ਤੋਂ 10 ਗਠੜੀ ਕਫ਼ਨ ਅਤੇ ਕੱਪੜੇ ਬਰਾਮਦ ਕੀਤੇ ਹਨ।
ਫੜੇ ਗਏ ਮੁਲਜਿ਼ਮਾਂ ਵਿੱਚ ਬੜੌਤ ਦੀ ਨਵੀਂ ਮੰਡੀ ਦੇ ਰਹਿਣ ਵਾਲੇ ਪ੍ਰਵੀਨ ਜੈਨ, ਉਸਦਾ ਬੇਟਾ ਆਸ਼ੀਸ਼ ਜੈਨ ਅਤੇ ਭਤੀਜਾ ਰਿਸ਼ਭ ਜੈਨ , ਛਪਰੌਲੀ ਦੇ ਸਬਗਾ ਪਿੰਡ ਦਾ ਸ੍ਰਵਣ ਕੁਮਾਰ ਸ਼ਰਮਾ ਸ਼ਾਮਿਲ ਹੈ। ਇਸ ਤੋਂ ਇਲਾਵਾ ਰਾਜੂ ਸ਼ਰਮਾ , ਬਬਲੂ ਅਤੇ ਸਾਹਰੁੱਖ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਕੱਪੜਾ ਵਪਾਰੀ ਹਨ। ਇਹਨਾ ਗ੍ਰਿਫ਼ਤਾਰ ਧਾਰਾ 144 ਦਾ ਉਲੰਘਣ ਅਤੇ ਮਹਾਮਾਰੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮੁਲਜਿ਼ਮਾਂ ਕੋਲੋਂ ਸਫੇਦ ਅਤੇ ਪੀਲੇ ਰੰਗ ਦੇ (ਕਫ਼ਨ ) 520, ਕੁੜਤੇ-177, ਸਫੇਦ ਕਮੀਜ 140, ਧੋਤੀ ਸਫੇਦ -34, ਗਰਮ ਸ਼ਾਲ ਰੰਗੀਨ -12, ਧੋਤੀ (ਔਰਤਾਂ ਲਈ ) -52 , ਰਿਬਨ ਦੇ ਪੈਕੇਟ -3, ਰਿਬਨ ਗਵਾਲਿਆਰ 158, ਟੇਪ ਕਟਰ 1 ਅਤੇ ਗਵਾਲੀਅਰ ਕੰਪਨੀ ਦੇ ਸਟੀਕਰ 112 ਬਰਾਮਦ ਕੀਤੇ ਹਨ।
ਮੁਲਜਿ਼ਮਾਂ ਨੇ ਪੁਲੀਸ ਕੋਲ ਮੰਨਿਆ ਕਿ ਉਹ ਪਿਛਲੇ 10 ਸਾਲ ਤੋਂ ਕਫ਼ਨ ਅਤੇ ਕੱਪੜੇ ਦੀ ਚੋਰੀ ਕਰਵਾ ਕੇ ਦੋਬਾਰਾ ਵੇਚ ਰਹੇ ਸਨ।

Real Estate