ਸ਼ਿਵ ਕੁਮਾਰ ਬਟਾਲਵੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕਰਦਿਆਂ ਆਨ-ਲਾਈਨ ਸਮਾਗਮ

538

ਬਟਾਲਾ : ਸ਼ਿਵ ਕੁਮਾਰ ਬਟਾਲਵੀ ਜੀ ਦੀ ਅੱਜ 6 ਮਈ ਨੂੰ 48ਵੀਂ ਬਰਸੀ ਮੌਕੇ ਸਿਟੀਜ਼ਨਜ਼ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ ਵੱਲੋਂ ਇਕ ਆਨ-ਲਾਈਨ ਸਮਾਗਮ ਕਰਵਾਇਆ ਗਿਆ। ਇਸ ਸਾਲ ਇਹ ਸਮਾਗਮ ਫੋਰਮ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਸਿੰਘ ਗੁਰਾਇਆ ਦੇ ਗ੍ਰਹਿ 156 ਅਰਬਨ ਅਸਟੇਟ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਉਸ ਦੇ ਪ੍ਰਸੰਸਕਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਜੀ ਨਾਲ ਸਬੰਧਤ ਯਾਦਾਂ ਆਨ-ਲਾਈਨ ਸਾਂਝੀਆਂ ਕੀਤੀਆਂ ਗਈਆਂ। ਇਸ ਸਮਾਗਮ ਵਿੱਚ ਸ਼ਿਵ ਕੁਮਾਰ ਬਟਾਲਵੀ ਜੀ ਦੇ ਪ੍ਰਸ਼ੰਸਕਾਂ ਵਿੱਚ ਫੋਰਮ ਦੇ ਪ੍ਰਧਾਨ ਪ੍ਰੋ ਸੁਖਵੰਤ ਸਿੰਘ ਗਿੱਲ, ਪਿੰਡ ਉਦੋਵਾਲੀ ਕਲਾਂ ਤੋਂ ਪੰਜਾਬੀ ਗਾਇਕੀ ਦੇ ਸਿਰਮੌਰ ਗਾਇਕ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਜਿਗਰੀ ਦੋਸਤ 85 ਸਾਲਾ ਸ਼੍ਰੀ ਅਮਰਜੀਤ ਸਿੰਘ ਗੁਰਦਾਸਪੁਰੀ, ਬਟਾਲੇ ਵਿੱਚ ਰਹਿ ਰਹੇ ਸ਼ਿਵ ਕੁਮਾਰ ਬਟਾਲਵੀ ਦੇ ਭਤੀਜਾ ਸ੍ਰੀ ਰਾਜੀਵ ਬਟਾਲਵੀ, ਪਿੰਡ ਭਾਗੋਵਾਲ ਤੋਂ ਸ਼ਿਵ ਕੁਮਾਰ ਬਟਾਲਵੀ ਦੇ ਸਮਕਾਲੀ ਗਾਇਕ ਸ਼੍ਰੀ ਸਵਿੰਦਰ ਸਿੰਘ ਭਾਗੋਵਾਲੀਆ, ਇਸ ਸਮੇਂ ਆਸਾਮ ਵਿੱਚ ਰਹਿ ਰਹੇ ਬਟਾਲੇ ਦਾ ਨਾਮਵਰ ਸ਼ਾਇਰ ਸ਼੍ਰੀ ਕੁਲਦੀਪ ਸਿੰਘ ਮੱਲ੍ਹੀ, ਫੋਰਮ ਦੇ ਮਰਹੂਮ ਮੀਤ ਪ੍ਰਧਾਨ ਸ਼੍ਰੀ ਅਮਰੀਕ ਸਿੰਘ ਮੱਲ੍ਹੀ ਦੀ ਬੇਟੀ ਅਤੇ ਹੁਣ ਲੁਧਿਆਣਾ ਨਿਵਾਸੀ ਪੰਜਾਬੀ ਗਾਇਕਾ ਕਰਮਜੀਤ ਜੋਤੀ, ਸ੍ਰੀ ਬਲਦੇਵ ਸਿੰਘ ਚਾਹਲ ਅਤੇ ਉੱਘੇ ਸਮਾਜ ਸੇਵਕ ਮਾਸਟਰ ਰਤਨ ਲਾਲ ਜੀ ਨੇ ਭਾਗ ਲਿਆ। ਇਸ ਸਮਾਗਮ ਵਿੱਚ ਸ਼ਾਮਲ ਗਾਇਕਾਂ ਨੇ ਸ਼ਿਵ ਜੀ ਦੀ ਸ਼ਾਇਰੀ ਦਾ ਗਾਇਨ ਕੀਤਾ। ਸ੍ਰੀ ਰਾਜੀਵ ਬਟਾਲਵੀ ਨੇ ਇਸ ਮੌਕੇ ਸ਼ਿਵ ਕੁਮਾਰ ਬਟਾਲਵੀ ਜੀ ਨਾਲ ਬਿਤਾਈਆਂ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਇਹ ਸਮਾਗਮ ਆਯੋਜਿਤ ਕਰਨ ਲਈ ਸਿਟੀਜ਼ਨਜ਼ ਸੋਸ਼ਲ ਵੈਲਫੇਅਰ ਫੋਰਮ ਬਟਾਲਾ ਅਤੇ ਇਸ ਸਮਾਗਮ ਵਿੱਚ ਸ਼ਾਮਲ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।ਸਮੁੱਚੇ ਤੌਰ ਤੇ ਇਹ ਇਕ ਯਾਦਗਾਰੀ ਸਮਾਗਮ ਹੋ ਨਿਬੜਿਆ।

Real Estate