ਡੂੰਘੇ ਵੈਣ : ਰਾਤ ਦੀ ਕਫ਼ਨੀ ਦਾ ਲੜ ਨਾ ਚੁੱਕ ਮੇਰੇ ਮੂੰਹ ਤੋਂ ਪ੍ਰਭਾਤੇ!

295

ਗੁਰਬਚਨ ਸਿੰਘ ਭੁੱਲਰ

ਕੁਝ ਦਹਾਕੇ ਪਹਿਲਾਂ ਦੁਰਸੀਸਾਂ ਕਿਸੇ ਵਿਰੁੱਧ ਗੁੱਸਾ ਕੱਢਣ ਦਾ ਇਕ ਵੱਡਾ ਸਾਧਨ ਹੁੰਦੀਆਂ ਸਨ। ਕਰੋਧੀ ਹੋ ਕੇ ਦਿੱਤੀ ਇਕ ਦੁਰਸੀਸ, ਜੋ ਅੱਜ-ਕੱਲ੍ਹ ਟੀਵੀ ਦੇਖ ਕੇ ਸਾਰਾ ਦਿਨ ਯਾਦ ਆਉਂਦੀ ਰਹਿੰਦੀ ਹੈ, ਇਹ ਹੁੰਦੀ ਸੀ, “ਜਾਹ ਤੇਰਾ ਮੁਰਦਾ ਖ਼ਰਾਬ ਹੋਵੇ!” ਮਨ ਪਰੇਸ਼ਾਨ ਹੋ ਕੇ ਸੋਚਦਾ ਹੈ, ਦੇਸ ਤੋਂ ਸ਼ਾਇਦ ਵੋਟਾਂ ਵਾਲੀ ਮਸ਼ੀਨ ਦਾ ਗ਼ਲਤ ਬਟਨ ਦੱਬਣ ਦਾ ਗੁਨਾਹ ਹੋ ਗਿਆ ਜਿਸ ਕਰਕੇ ਇਹਨੂੰ “ਜਾਹ ਤੇਰੇ ਮੁਰਦੇ ਖ਼ਰਾਬ ਹੋਣ” ਦੀ ਦੁਰਸੀਸ ਲੱਗ ਗਈ! ਅਕਸਰ ਸੁਣਨ ਨੂੰ ਮਿਲਦਾ ਹੈ, ਜੋ ਪਿਛਲੇ ਸੱਤਰ ਸਾਲ ਵਿਚ ਕਿਸੇ ਨੇ ਨਾ ਕੀਤਾ, ਅਸੀਂ ਕਰ ਦਿਖਾਇਆ। ਬਚਪਨ ਵਿਚੋਂ ਬਾਹਰ ਆ ਕੇ ਇਹ ਸੱਤਰ ਸਾਲ ਸੁਰਤ-ਸਮਝ ਨਾਲ ਦੇਖੇ ਹੋਣ ਕਾਰਨ ਮੈਂ ਕਹਿ ਸਕਦਾ ਹਾਂ, ਇਹ ਦਾਅਵਾ ਹੋਰ ਕਿਸੇ ਗੱਲ ਬਾਰੇ ਠੀਕ ਹੋਵੇ ਨਾ ਹੋਵੇ, ਮੁਰਦੇ ਖ਼ਰਾਬ ਹੋਣ ਬਾਰੇ ਜ਼ਰੂਰ ਠੀਕ ਹੈ। ਸਾਥੋਂ ਪਹਿਲੀਆਂ ਪੀੜ੍ਹੀਆਂ ਦੇ ਬਜ਼ੁਰਗ ‘ਕੱਤੇ ਦੀ ਬਿਮਾਰੀ’ ਵਜੋਂ ਜਾਣੀ ਜਾਂਦੀ ਪਲੇਗ ਦਾ ਕੀਤਾ ਜਾਨੀ ਨੁਕਸਾਨ ਦੱਸਣ ਵਾਸਤੇ ਆਖਿਆ ਕਰਦੇ ਸਨ, “ਇਕ ਨੂੰ ਸਸਕਾਰ ਕੇ ਆਉਂਦੇ, ਘਰੇ ਦੂਜਾ ਮਰਿਆ ਪਿਆ ਹੁੰਦਾ।” ਉਹ ਉਸ ਮਹਾਂਮਾਰੀ ਦੀਆਂ ਹੋਰ ਦਿਲ-ਕੰਬਾਊ ਭਿਆਨਕਤਾਵਾਂ ਵੀ ਦਸਦੇ ਪਰ ਇਹ ਜ਼ਿਕਰ ਕਦੀ ਨਹੀਂ ਸੀ ਆਇਆ ਕਿ ਛੂਤ ਦਾ ਰੋਗ ਹੋਣ ਦੇ ਬਾਵਜੂਦ ਕਦੀ ਕਿਸੇ ਇਕੱਲੇ-ਇਕਹਿਰੇ ਅਭਾਗੇ ਔਂਤ ਜਾਂ ਛੜੇ-ਛੜਾਂਗ ਦਾ ਵੀ ਮੁਰਦਾ ਖ਼ਰਾਬ ਹੋਇਆ ਹੋਵੇ।

ਹੁਣ ਇਕ-ਦੋ ਥਾਂ ਇਕ-ਦੋ ਮੁਰਦੇ ਨਹੀਂ, ਥਾਂ-ਥਾਂ ਅਣਗਿਣਤ ਮੁਰਦੇ ਖ਼ਰਾਬ ਹੋ ਰਹੇ ਹਨ। ਇਕ ਮੁਰਦਿਆਂ ਦੇ ਵਾਧੇ ਤੋਂ ਬਿਨਾਂ ਲਗਭਗ ਸਭ ਕਾਸੇ ਨੂੰ ਖੜੋਤ ਦਾ ਸਰਾਪ ਲੱਗ ਗਿਆ ਹੈ। ਚਾਰ ਘੰਟਿਆਂ ਦਾ ਸਮਾਂ ਦੇ ਕੇ ਕੀਤੇ ਗਏ ਪਹਿਲੇ ਲਾਕਡਾਊਨ ਬਾਰੇ, ਜਿਸ ਦੌਰਾਨ ਰਾਹਾਂ ਵਿਚ ਮਰਨ ਵਾਲਿਆਂ ਦਾ ਸਰਕਾਰ ਦੇ ਦੱਸਣ ਅਨੁਸਾਰ ਉਹਨੇ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਹੋਇਆ, ਦਾਅਵਾ ਕੀਤਾ ਗਿਆ ਸੀ ਕਿ ਦੁਨੀਆ ਉਸ ਦੀ ਸਫਲਤਾ ਤੋਂ ਦੰਗ ਹੈ। ਇਹ ਵੀ ਕਿਹਾ ਗਿਆ ਸੀ ਕਿ ਬਦੇਸੀ ਯੂਨੀਵਰਸਿਟੀਆਂ ਵਿਚ ਭਾਰਤੀ ਲਾਕਡਾਊਨ ਦੀ ਸਫਲਤਾ ਬਾਰੇ ਖੋਜਾਂ ਹੋਣ ਲੱਗੀਆਂ ਹਨ। ਵੈਸੇ ਬਾਹਰਲੀਆਂ ਯੂਨੀਵਰਸਿਟੀਆਂ ਨੇ, ਸ਼ਾਇਦ ਉਹਨਾਂ ਕੋਲ ਚੱਜ ਦੇ ਵਿਸ਼ਿਆਂ ਦੀ ਘਾਟ ਹੋਣ ਕਰਕੇ, ਆਜ਼ਾਦੀ ਵਾਂਗ ਅੱਧੀ ਰਾਤ ਨੂੰ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿਚ ਐਲਾਨੀ ਗਈ ਜੀ।ਐਸ।ਟੀ। ਬਾਰੇ ਤੇ ਨੋਟਬੰਦੀ ਬਾਰੇ ਵੀ ਖੋਜਾਂ ਸ਼ੁਰੂ ਕੀਤੀਆਂ ਦੱਸੀਆਂ ਗਈਆਂ ਸਨ, ਪਰ ਇਹ ਸਭ ਖੋਜਾਰਥੀ ਕਿਸੇ ਸਿਰੇ ਲੱਗੇ ਕਿ ਨਹੀਂ, ਪੀ-ਐਚ।ਡੀ। ਦੀ ਡਿਗਰੀ ਲੈ ਲਈ ਕਿ ਅਜੇ ਨਹੀਂ, ਮਗਰੋਂ ਇਹ ਕਦੀ ਦੱਸਿਆ ਨਹੀਂ ਗਿਆ।

ਸੰਸਾਰ ਨੂੰ ਸਫਲਤਾ ਨਾਲ ਦੰਗ ਕਰਨ ਦੇ ਦਾਅਵੇ ਵਾਲੇ ‘ਲਾਕਡਾਊਨ’ ਦੇ ਜ਼ਿਕਰ ਤੋਂ ਹੁਣ ਸਰਕਾਰ ਏਨਾ ਡਰਨ ਲੱਗ ਪਈ ਹੈ ਕਿ ਇਹਨੂੰ ਜੀ।ਐਸ।ਟੀ। ਤੇ ਨੋਟਬੰਦੀ ਵਾਂਗ ਬੋਲ-ਬਾਣੀ ਵਿਚੋਂ ਹੀ ਖਾਰਜ ਕਰ ਦਿੱਤਾ ਗਿਆ ਹੈ। ਉਸ ਕਾਰਨ ਸੈਂਕੜੇ ਬਦਕਿਸਮਤ ਰਾਹਾਂ ਵਿਚ ਮਰ ਗਏ, ਲੱਖਾਂ ਮਜਬੂਰ ਸੈਆਂ ਕੋਹ ਤੁਰੇ ਤੇ ਕਰੋੜਾਂ ਗ਼ਰੀਬਾਂ ਦੀ ਰੁੱਖੀ-ਮਿੱਸੀ ਰੋਟੀ ਵੀ ਖੁੱਸ ਗਈ। ਨਿੱਕੀਆਂ, ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਬੰਦ ਹੋ ਗਈਆਂ ਤੇ ਅਨੇਕ ਕਿਸਮਾਂ ਦੇ ਕਾਰੋਬਾਰ ਤਬਾਹ ਹੋ ਗਏ। ਇਸ ਕਰਕੇ ਹੁਣ ਸ਼ਬਦ ‘ਲਾਕਡਾਊਨ’ ਨਹੀਂ, ‘ਕਰਫ਼ਿਊ’ ਵਰਤਿਆ ਜਾਂਦਾ ਹੈ। ‘ਕਰਫ਼ਿਊ’ ਦੇ ਨਾਂ ਨਾਲ ਕੀਤਾ ਜਾ ਰਿਹਾ ਇਹ ਲਾਕਡਾਊਨ ਚੂੜੀਆਂ ਦੇ ਟੋਕਰੇ ਉੱਤੇ ਦੂਜੀ ਡਾਂਗ ਹੈ ਜਿਸ ਪਿੱਛੋਂ ਕੁਝ ਵੀ ਨਹੀਂ ਬਚਣਾ। ਬਚੇਗਾ ਤਾਂ ਬੱਸ ਮਰਨ ਦੇ ਨੇੜੇ ਪਹੁੰਚਿਆਂ ਦਾ ਜਾਂ ਮੁਰਦਿਆਂ ਦਾ ਕਾਰੋਬਾਰ! ਦਵਾਈ ਕਿੰਨੇ ਗੁਣਾ ਮੁੱਲ ਵਿਚ ਮਿਲੇ, ਦੁਕਾਨਦਾਰ ਦੀ ਮਰਜ਼ੀ। ਗੈਸ ਦਾ ਸਲਿੰਡਰ ਪੰਜ ਗੁਣੇ ਮੁੱਲ ਵੀ ਮਿਲ ਜਾਵੇ, ਕਿਸਮਤ ਚੰਗੀ, ਕਿਉਂਕਿ ਅਗਲਾ ਦਸ ਗੁਣਾ ਕੀਮਤ ਵੀ ਮੰਗ ਸਕਦਾ ਹੈ। ਸ਼ਮਸ਼ਾਨ ਤੱਕ ਮੁਰਦਾ ਗੱਡੀ ਦਾ ਕਿਰਾਇਆ ਤੀਹ ਹਜ਼ਾਰ ਦੇ ਇਧਰ-ਓਧਰ ਹੈ।

ਪਿਛਲੇ ਸਾਲ ਦੇ ਮਾਰਚ ਤੋਂ ਮੈਂ ਘਰ ਦੇ ਇਕ ਕਮਰੇ ਵਿਚ ਬੈਠਾ ਹਾਂ। ਸੋਫ਼ਾ ਹੈ ਜਿਸ ਉੱਤੇ ਬੈਠਣ ਵਾਲਾ ਕੋਈ ਨਹੀਂ ਆਉਂਦਾ। ਜੇ ਕੋਈ ਆਉਣ ਦੀ ਇੱਛਾ ਦਸਦਾ ਹੈ, ਮੈਂ ਹੱਥ ਜੋੜ ਕੇ ਮਾਫ਼ੀ ਮੰਗ ਲੈਂਦਾ ਹਾਂ। ਡਾਕਟਰ ਬੱਚੇ ਕੰਮੀਂ ਗਏ ਹੋਣ ਸਦਕਾ ਬੱਸ ਮੇਰੇ ਦੋ ਸਾਥੀ ਹੁੰਦੇ ਹਨ, ਬੁੱਕਲ ਵਿਚ ਪਿਆ ਲੈਪਟਾਪ ਤੇ ਕੰਧ ਉੱਤੇ ਲਗਿਆ ਟੀਵੀ। ਟੀਵੀ ਖੋਲ੍ਹਦਾ ਹਾਂ ਤਾਂ ਛੇਤੀ ਹੀ ਘਬਰਾ ਕੇ ਬੰਦ ਕਰਨਾ ਪੈਂਦਾ ਹੈ। ਕਲਮ ਦਾ ਨਸ਼ਾ ਲਗਿਆ ਹੋਣ ਸਦਕਾ ਸੱਜਰੀ ਹਾਲਤ ਜਾਣੇ ਬਿਨਾਂ ਰਿਹਾ ਨਹੀਂ ਜਾਂਦਾ। ਫੇਰ ਖੋਲ੍ਹਦਾ ਹਾਂ, ਫੇਰ ਬੰਦ ਕਰਦਾ ਹਾਂ। ਇਹ ਲੁਕਣਮੀਚੀ ਚਲਦੀ ਰਹਿੰਦੀ ਹੈ। ਟੀਵੀ ਸਤਰੰਗਾ ਹੈ ਪਰ ਸਭ ਰੰਗ ਕਾਲੇ ਹੋ ਕੇ ਉਹ ਕਲਮੂੰਹਾਂ ਹੋ ਗਿਆ ਹੈ। ਸਿਰਫ਼ ਚੰਦਰੀਆਂ ਗੱਲਾਂ ਸੁਣਾਉਂਦਾ ਹੈ ਤੇ ਦਿਲ-ਚੀਰਵੇਂ ਦ੍ਰਿਸ਼ ਦਿਖਾਉਂਦਾ ਹੈ। ਸੋਸ਼ਲ ਮੀਡੀਆ ਵਿਚ ਕਿਸੇ ਦਾ ਵਿਅੰਗ-ਬਾਣ ਚਲਾਇਆ ਹੋਇਆ ਸੀ ਕਿ ਵਾਸਤੂ ਸ਼ਾਸਤਰ ਅਨੁਸਾਰ ਟੀਵੀ ਨੂੰ ਕੰਧ ਉੱਤੇ ਮੂਧਾ ਕਰੋ, ਘਰ-ਪਰਿਵਾਰ ਵਿਚ ਸੁਖ-ਸ਼ਾਂਤੀ ਰਹੇਗੀ।

ਆਕਸੀਜਨ ਤੋਂ ਬਿਨਾਂ ਸਾਧਾਰਨ ਵੈਨਾਂ ਬਣੀਆਂ ਐਂਬੂਲੈਂਸਾਂ ਵਾਲੇ ਰੋਗੀ ਨੂੰ ਲੈ ਕੇ ਦਿੱਲੀ ਵਿਚ ਹੀ ਕਿਤੇ ਜਾਣ ਦਾ ਪੰਦਰਾਂ ਹਜ਼ਾਰ ਲੈਂਦੇ ਹਨ। ਲੋਕ ਹਸਪਤਾਲ ਨੂੰ ਭਜਦੇ ਹਨ, ਹਸਪਤਾਲ ਵਾਲੇ ਵੜਨ ਨਹੀਂ ਦਿੰਦੇ। ਹਸਪਤਾਲਾਂ ਦੇ ਬਾਹਰ ਨਿਭਾਗੇ ਲੋਕ ਕੂੜੇ ਦੀਆਂ ਢੇਰੀਆਂ ਵਾਂਗ ਪਏ ਹਨ। ਹਸਪਤਾਲਾਂ ਵਿਚ ਕੋਈ ਬਿਸਤਰਾ ਖਾਲੀ ਨਹੀਂ। ਜਿਸ ਨੂੰ ਬਿਸਤਰਾ ਮਿਲ ਗਿਆ, ਕੋਈ ਪਤਾ ਨਹੀਂ, ਆਕਸੀਜਨ ਕਦੋਂ ਮੁੱਕ ਜਾਵੇ। ਦਿੱਲੀ ਦੇ ਇਕ ਪ੍ਰਮੁੱਖ ਹਸਪਤਾਲ, ਗੰਗਾਰਾਮ ਵਿਚ 24 ਤੇ ਇਕ ਹੋਰ ਪ੍ਰਸਿੱਧ ਹਸਪਤਾਲ, ਜੈਪੁਰ ਗੋਲਡਨ ਵਿਚ 25 ਰੋਗੀ ਆਕਸੀਜਨ ਬਿਨਾਂ ਮਰ ਗਏ। ਦੇਸ ਦੇ ਅਨੇਕ ਸ਼ਹਿਰਾਂ-ਨਗਰਾਂ ਤੋਂ ਅਜਿਹੀਆਂ ਹੀ ਦੁਖਦਾਈ ਖ਼ਬਰਾਂ ਆ ਰਹੀਆਂ ਹਨ। ਲੋਕ ਵਾਰੀ ਦੀ ਉਮੀਦ ਲਾ ਕੇ ਹਸਪਤਾਲਾਂ ਦੇ ਬਾਹਰ ਬੈਠੇ ਹਨ। ਰੋਗੀ ਔਖੇ ਸਾਹ ਖਿਚਦਾ ਹੈ, ਪਰ ਸਾਹ ਫੇਫੜੇ ਫੜਦੇ ਨਹੀਂ। ਉਹ ਤੜਫ਼ਦਾ ਹੈ, ਉਹਦੇ ਆਪਣੇ ਬੁੱਕਲ ਵਿਚ ਲੈਂਦੇ ਹਨ, ਦਿਲਾਸਾ ਦਿੰਦੇ ਹਨ, ਰੋਂਦੇ-ਵਿਲਕਦੇ ਹਨ, ਮਦਦ ਲਈ ਬਹੁੜੀਆਂ ਘਤਦੇ ਹਨ। ਏਨੇ ਨੂੰ ਤੜਫ਼ਦਾ ਰੋਗੀ ਸ਼ਾਂਤ ਹੋ ਜਾਂਦਾ ਹੈ। ਆਗਰੇ ਦੇ ਇਕ ਹਸਪਤਾਲ ਦੇ ਬੂਹੇ ਕੋਲ ਪਤੀ ਨੂੰ ਬੁੱਕਲ ਵਿਚ ਲੈ ਕੇ ਚੀਕ-ਪੁਕਾਰ ਕਰ ਰਹੀ ਇਕ ਬੀਬੀ ਉਹਨੂੰ ਜਾਂਦਾ ਦੇਖ ਆਪਣੇ ਮੂੰਹ ਨਾਲ ਉਹਦੇ ਮੂੰਹ ਵਿਚ ਸਾਹ ਪਾਉਣ ਦੀ ਵਾਹ ਲਾਉਂਦੀ ਹੈ, ਪਰ ਉਹਨੂੰ ਹੁਣ ਕਿਸੇ ਸਾਹ ਦੀ ਲੋੜ ਨਹੀਂ ਰਹਿ ਜਾਂਦੀ ਤੇ ਉਹ ਉਹਦੀ ਗੋਦੀ ਵਿਚ ਲੁੜ੍ਹਕ ਜਾਂਦਾ ਹੈ। ਕਿਸੇ ਨਾਲ ਇਸ ਤੋਂ ਵੱਡਾ ਜ਼ੁਲਮ ਕੀ ਹੋਵੇਗਾ ਕਿ ਉਹਦਾ ਕੋਈ ਅਤਿ-ਪਿਆਰਾ ਉਹਦੀ ਬੁੱਕਲ ਵਿਚ ਓਦੋਂ ਮਰ ਜਾਵੇ ਜਦੋਂ ਉਹਨੂੰ ਪਤਾ ਹੋਵੇ ਕਿ ਆਕਸੀਜਨ ਤੇ ਇਲਾਜ ਨਾਲ ਇਹ ਬਚ ਸਕਦਾ ਸੀ।

ਫੇਰ ਸ਼ੁਰੂ ਹੁੰਦੀ ਹੈ ਮੋਇਆਂ ਦੀ ਸ਼ਮਸ਼ਾਨ ਤੱਕ ਦੀ ਯਾਤਰਾ। ਇਕ ਮੁਰਦੇ ਨੂੰ ਤਿੰਨ ਜਣੇ ਕਦੇ ਚੁਕਦੇ ਤੇ ਕਦੇ ਘੜੀਸਦੇ ਜਾ ਰਹੇ ਹਨ। ਇਕ ਮੁਰਦੇ-ਢੋਣੀ ਗੱਡੀ ਅੱਗੇ ਭੱਜ ਗਈ, ਮੁਰਦਾ ਸੜਕ ਉੱਤੇ ਡਿੱਗ ਪਿਆ। ਫੂਕਣ ਦੀ ਥਾਂ ਲਈ ਪਤਾ ਨਹੀਂ ਕਿੰਨੇ ਸ਼ਮਸ਼ਾਨਾਂ ਵਿਚ ਘੁੰਮਣਾ ਪਵੇ, ਮੁਰਦਾ-ਗੱਡੀ ਨਾ ਮਿਲਣ ਕਰਕੇ ਪਿਤਾ ਦੀ ਅਰਥੀ ਕਾਰ ਦੇ ਉੱਪਰ ਬੰਨ੍ਹ ਲਈ। ਕੋਈ ਚਾਦਰ ਵਿਚ ਲਪੇਟੀ ਹੋਈ ਲਾਸ਼ ਆਟੋ ਰਿਕਸ਼ਾ ਵਿਚ ਲਈਂ ਜਾ ਰਿਹਾ ਹੈ। ਇਕ ਬਿਚਾਰੇ ਨੇ ਸਾਧਾਰਨ ਰਿਕਸ਼ੇ ਵਾਲੇ ਨੂੰ ਢਾਈ ਹਜ਼ਾਰ ਵਿਚ ਤਿਆਰ ਕਰ ਲਿਆ। ਪੈਰ ਰੱਖਣ ਵਾਲੀ ਥਾਂ ਲਾਸ਼ ਪਾਈ ਤਾਂ ਲੱਤਾਂ ਬਾਹਰ ਨਿੱਕਲ ਗਈਆਂ। ਉਹਨੇ ਸੀਟ ਉੱਤੇ ਬੈਠਦਿਆਂ ਲੱਤਾਂ ਮਰੋੜ ਕੇ ਅੰਦਰ ਨੂੰ ਕਰ ਲਈਆਂ। ਮਹਾਰਾਸ਼ਟਰ ਦੇ ਸ਼ਹਿਰ ਬੀੜ ਦੇ ਇਕ ਵੈਨ ਵਾਲੇ ਨੇ 22 ਮੁਰਦੇ ਹੇਠ-ਉੱਤੇ ਚਿਣ ਕੇ ਇਕੋ ਗੇੜੇ ਵਿਚ ਸ਼ਮਸ਼ਾਨ ਪਹੁੰਚਦੇ ਕਰ ਦਿੱਤੇ। ਮਰੇ ਬੰਦੇ ਦੇ ਸਸਕਾਰ ਨੂੰ ਮਿੱਟੀ ਸਮੇਟਣਾ ਕਿਹਾ ਜਾਂਦਾ ਹੈ। ਮਿੱਟੀ ਨਿਮਾਣੀ ਦਾ ਕੀ ਮੁੱਲ! ਕਈ ਬੇਵੱਸ ਆਪਣੇ ਕਿਸੇ ਦੀ ਮਿੱਟੀ ਕੂੜਾ ਢੋਣ ਵਾਲੀ ਗੱਡੀ ਜਾਂ ਰ੍ਹੇੜੀ ਵਿਚ ਲੈ ਜਾਂਦੇ ਹਨ।

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ 275 ਕਿਲੋਮੀਟਰ ਦੂਰ ਦੇ ਪਿੰਡ ਅੰਬਰਪੁਰ ਦੇ ਤਿਲਕਧਾਰੀ ਨਾਂ ਦੇ 70 ਸਾਲ ਦੇ ਬਜ਼ੁਰਗ ਦੀ ਪਤਨੀ ਸਰਕਾਰੀ ਹਸਪਤਾਲ ਵਿਚ ਗੁਜ਼ਰ ਗਈ। ਹਸਪਤਾਲ ਵਾਲਿਆਂ ਦਾ ਕੋਈ ਪ੍ਰਬੰਧ ਜਾਂ ਜ਼ਿੰਮਾ ਨਹੀਂ। ਬਜ਼ੁਰਗ ਕੋਈ ਚਾਦਰ-ਕੱਫ਼ਣ ਨਾ ਹੋਣ ਕਰਕੇ ਪਤਨੀ ਦੇ ਗਲ ਪਾਏ ਕੱਪੜਿਆਂ ਵਿਚ ਹੀ ਉਹਦੀ ਦੇਹ ਨੂੰ ਸਾਈਕਲ ਦੇ ਡੰਡੇ ਉੱਤੇ ਸੁੱਟਣ ਦੀ ਵਾਹ ਲਾਉਂਦਾ ਹੈ, ਪਰ ਉਹਦੀ ਭੁੱਖਾਂ-ਦੁੱਖਾਂ ਦੀ ਨਿਚੋੜੀ ਦੇਹ ਵੀ 70 ਦੀ ਥਾਂ 80-85 ਦੇ ਦਿਸਦੇ ਬਜ਼ੁਰਗ ਤੋਂ ਏਨੀ ਉੱਚੀ ਚੁੱਕੀ ਨਹੀਂ ਜਾਂਦੀ। ਹਾਰ ਕੇ ਉਹ ਲਾਸ਼ ਨੂੰ ਪੈਡਲਾਂ ਕੋਲ ਸੁੱਟ ਲੈਂਦਾ ਹੈ। ਲੱਤਾਂ-ਬਾਂਹਾਂ ਧਰਤੀ ਉੱਤੇ ਘਿਸੜਦੀਆਂ ਜਾਂਦੀਆਂ ਹਨ। ਗਿੱਚੀ ਕੋਲ ਚਿੱਟੀਆਂ ਬੂਦਾਂ, ਲੰਮੀ ਸਫ਼ੈਦ ਦਾੜ੍ਹੀ, ਪਿੰਡਾ ਨੰਗਾ, ਤੇੜ ਪਰਨਾ, ਮੌਰ ਕੁਛ ਝੁਕੇ ਹੋਏ, ਉਹ ਸਾਈਕਲ ਰੇੜ੍ਹ ਕੇ ਪਿੰਡ ਦੇ ਸ਼ਮਸ਼ਾਨ ਕੋਲ ਪਹੁੰਚਦਾ ਹੈ ਤਾਂ ਪਿੰਡ ਵਾਲੇ ਕੰਧ ਬਣ ਕੇ ਖੜ੍ਹ ਜਾਂਦੇ ਹਨ। ਉਹ ਕੋਰੋਨਾ ਵਾਲੀ ਦੇਹ ਉਥੇ ਫੂਕਣ ਨਹੀਂ ਦੇਣਗੇ। ਉਹ ਕਈ ਘੰਟੇ ਤੁਰਿਆ ਫਿਰਦਾ ਹੈ ਪਰ ਕਿਤੇ ਕੋਈ ਫੂਕਣ ਨਹੀਂ ਦਿੰਦਾ। ਆਖ਼ਰ ਤਨ-ਮਨ ਜਵਾਬ ਦੇ ਜਾਂਦੇ ਹਨ। ਇਕ ਦੂਜੇ ਵਿਚ ਉਲਝੇ ਹੋਏ ਸਾਈਕਲ ਤੇ ਪਤਨੀ ਸੜਕ ਦੇ ਵਿਚਾਲੇ ਡਿੱਗ ਪੈਂਦੇ ਹਨ। ਉਹ ਸੜਕ ਕਿਨਾਰੇ ਬੈਠ ਆਪਣੀ ਕਿਸਮਤ ਨੂੰ ਰੋਣ ਲਗਦਾ ਹੈ। ਕਹਿੰਦੇ ਹਨ, ਬੰਦੇ ਦੀ ਕਿਸਮਤ ਰੱਬ ਲਿਖਦਾ ਹੈ। ਇਸ ਬੇਕਿਰਕ ਨਿਰਦਈ ਦੁਨੀਆ ਦਾ ਰੱਬ ਵੀ ਇਸੇ ਵਰਗਾ ਹੀ ਲਗਦਾ ਹੈ!

ਅਰਥੀਆਂ ਦੀਆਂ ਕਤਾਰਾਂ ਸ਼ਮਸ਼ਾਨਾਂ ਵਿਚੋਂ ਨਿੱਕਲ ਕੇ ਬਾਹਰ ਸੜਕ ਕਿਨਾਰੇ ਦੂਰ ਤੱਕ ਲੱਗੀਆਂ ਹੋਈਆਂ ਦਿਸਦੀਆਂ ਹਨ। ਸ਼ਮਸ਼ਾਨਾਂ ਵਿਚ ਚਿਤਾ ਨਾਲ ਚਿਤਾ ਖਹਿ ਰਹੀ ਹੈ। ਇਕ ਸ਼ਮਸ਼ਾਨ ਦਾ ਪੰਡਿਤ ਬੇਵਸੀ ਦਸਦਾ ਹੈ, “ਮੁਰਦਾ ਮੱਚਣ ਨੂੰ ਸੱਤ ਘੰਟੇ ਲੈਂਦਾ ਹੈ ਜੀ। ਉਹ ਮੱਚੇ ਤਾਂ ਅੰਗਿਆਰ ਹੂੰਝ ਕੇ ਪਰੇ ਕਰੀਏ ਤੇ ਨਵਾਂ ਮੁਰਦਾ ਧਰੀਏ।” ਉਹ ਆਸ ਦੀ ਕਿਰਨ ਦਿਖਾਉਂਦਾ ਹੈ, “ਗਰਮੀ ਵਧਣ ਨਾਲ ਸਮਾਂ ਸੱਤ ਘੰਟਿਆਂ ਤੋਂ ਘਟਦਾ ਜਾਵੇਗਾ।” ਗੈਸ ਨਾਲ ਮੁਰਦੇ ਫੂਕਣ ਵਾਲੀ ਇਕ ਭੱਠੀ ਵਿਚ ਏਨੇ ਮੁਰਦੇ ਲਗਾਤਾਰ ਫੂਕੇ ਗਏ ਕਿ ਉਹਦੀ ਹੇਠਲੀ ਚਾਦਰ, ਜਿਸ ਉੱਤੇ ਮੁਰਦਾ ਪਾਇਆ ਹੋਇਆ ਹੁੰਦਾ ਹੈ, ਪੰਘਰ ਗਈ। ਗੁਜਰਾਤ ਦੇ ਸੂਰਤ ਵਿਚ ਦਿਨ-ਰਾਤ ਮਚਦੀਆਂ ਚਿਤਾਵਾਂ ਦੇ ਲਗਾਤਾਰ ਸੇਕ ਕਾਰਨ ਉੱਚੀ ਚਿਮਨੀ ਤਿੜਕ-ਪੰਘਰ ਕੇ ਡਿੱਗ ਪਈ।

ਉੱਤਰ ਪ੍ਰਦੇਸ਼ ਵਿਚ ਜਦੋਂ ਪਿਛਲੇਰੀਆਂ ਚੋਣਾਂ ਹੋਈਆਂ ਸਨ, ਇਕ ਮੁੱਖ ਮੁੱਦਾ ਕਬਰਿਸਤਾਨ ਬਨਾਮ ਸ਼ਮਸ਼ਾਨ ਉਭਰਿਆ ਸੀ। ਮੁਸਲਮਾਨਾਂ ਦੀ ਪੁਰਾਣੀ ਸ਼ਿਕਾਇਤ ਸੀ ਕਿ ਲੋਕ ਕਬਰਿਸਤਾਨਾਂ ਦੀ ਜ਼ਮੀਨ ਪਾਸਿਆਂ ਤੋਂ ਕੁਤਰਦੇ ਰਹਿੰਦੇ ਹਨ। ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਕਬਰਿਸਤਾਨਾਂ ਦੀਆਂ ਚਾਰ-ਦੀਵਾਰੀਆਂ ਕਰਵਾ ਦਿੱਤੀਆਂ। ਅਜਿਹੀਆਂ “ਮੁਸਲਮਾਨ-ਪੱਖੀ ਕਰਤੂਤਾਂ” ਕਾਰਨ ਮੌਲਾਨਾ ਕਹੇ ਜਾਂਦੇ ਮੁਲਾਇਮ ਸਿੰਘ ਦੀ ਪਾਰਟੀ ਦੀ ਸਰਕਾਰ ਦੇ ਇਸ ‘ਤੁਸ਼ਟੀਕਰਨ’ ਨੂੰ ਚੋਣਾਂ ਸਮੇਂ ਖ਼ੂਬ ਭੰਡਿਆ ਗਿਆ ਤੇ ਕਿਹਾ ਗਿਆ ਕਿ ਸ਼ਮਸ਼ਾਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਗਈ। ਇਹ ਵਾਅਦਾ ਵੀ ਕੀਤਾ ਗਿਆ ਕਿ ਨਵੀਂ ਸਰਕਾਰ ਆਈ ਤੋਂ ਸ਼ਮਸ਼ਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਰੱਬ ਤਾਂ ਕਣ-ਕਣ ਵਿਚ ਹੈ ਤੇ ਆਪਣੇ ਭਗਤਾਂ ਦੀ ਸੁਣਦਾ ਵੀ ਹੈ। ਹੁਣ ਜੇ ਕਿਸੇ ਚੀਜ਼ ਦਾ ਵਿਕਾਸ ਹੋ ਰਿਹਾ ਹੈ, ਉਹ ਸ਼ਮਸ਼ਾਨਾਂ ਦਾ ਹੀ ਹੈ। ਸਾਡੇ ਪਿੰਡ ਦਾ ਭਾਈ ਜੀ ਗੁਰਦੇਵ ਸਿੰਘ ਇਕ ਧਾਰਨਾ ਲਾਉਂਦਾ ਹੁੰਦਾ ਸੀ, “ਮੈਥੋਂ ਭਾਰ ਝੱਲਿਆ ਨਾ ਜਾਵੇ, ਧਰਤੀ ਪੁਕਾਰ ਕਰਦੀ।” ਹੁਣ ਸ਼ਮਸ਼ਾਨ ਤੇ ਕਬਰਿਸਤਾਨ, ਦੋਵਾਂ ਦੀ ਧਰਤੀ ਪੁਕਾਰ ਕਰਦੀ ਹੈ, “ਹੇ ਇਸ ਲੋਕ ਦੇ ਯਮਦੂਤੋ, ਮੈਥੋਂ ਅਣਆਈਆਂ ਮੌਤਾਂ ਦਾ ਭਾਰ ਝੱਲਿਆ ਨਹੀਂ ਜਾਂਦਾ!”

ਗੁਜਰਾਤ ਦੇ ਸੂਰਤ ਸ਼ਹਿਰ ਵਿਚ ਇਕ ਸ਼ਮਸ਼ਾਨ ਨੇ ਤਤਕਾਲ ਸੇਵਾ ਸ਼ੁਰੂ ਕਰ ਦਿੱਤੀ। ਮੁਰਦਾ ਰੱਖਣ ਤੱਕ ਚਿਣੀਆਂ ਹੋਈਆਂ ਤਿਆਰ ਚਿਖਾਵਾਂ ਦੀਆਂ ਲੰਮੀਆਂ ਕਤਾਰਾਂ ਲਾ ਦਿੱਤੀਆਂ। ਮੁਰਦਾ ਲਿਆਓ, ਤਿਆਰ ਚਿਖਾ ਉੱਤੇ ਪਾਓ, ਉੱਤੋਂ ਢਕਣ ਵਾਲੀਆਂ ਚਾਰ ਲੱਕੜਾਂ ਰੱਖੋ ਤੇ ਲਾਂਬੂ ਲਾਓ। ਦਿੱਲੀ ਦੇ ਨੇੜੇ ਇਕ ਸ਼ਮਸ਼ਾਨ ਨੇ ਕੰਧ ਤੋਂ ਬਾਹਰ ਸੜਕ ਦੇ ਨਾਲ-ਨਾਲ ਨਵੇਂ ਥੜ੍ਹਿਆਂ ਦੀ ਲੰਮੀ ਕਤਾਰ ਬਣਾ ਲਈ। ਲੋਕਾਂ ਨੇ ਇਤਰਾਜ਼ ਕੀਤਾ ਤਾਂ ਅਧਿਕਾਰੀਆਂ ਨੇ ਜਵਾਬ ਦਿੱਤਾ, “ਪਟਵਾਰਖਾਨੇ ਵਿਚ ਸੜਕ ਵਾਲੀ ਥਾਂ ਸ਼ਮਸ਼ਾਨ ਦਾ ਹੀ ਹਿੱਸਾ ਹੈ।” ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਹਾਂ, ਦਿੱਲੀ ਵਿਚ ਸਰਾਏ ਕਾਲੇ ਖਾਂ ਨਾਂ ਦੇ ਇਲਾਕੇ ਦੇ ਸ਼ਮਸ਼ਾਨ ਦੇ ਵਿਕਾਸ ਦਾ ਵੱਡਾ ਹੰਭਲਾ ਮਾਰਿਆ ਗਿਆ ਹੈ। ਦਰਜਨਾਂ ਮਿਸਤਰੀ ਤੇ ਮਜ਼ਦੂਰ ਲਾ ਕੇ ਪੂਰੇ ਇਕ ਸੌ ਵਧੀਆ ਸੀਮਿੰਟੀ ਨਵੇਂ ਥੜ੍ਹੇ ਬਣਵਾਏ ਜਾ ਰਹੇ ਹਨ। ਦਿੱਲੀ ਦੇ ਦੁਆਰਕਾ ਦੇ ਸੈਕਟਰ 29 ਵਿਚ ਕੁੱਤਿਆਂ ਦਾ ਸ਼ਮਸ਼ਾਨ ਹੈ। ਉਸ ਵਿਚ ਮਨੁੱਖ ਫੂਕਣ ਲਈ ਪੰਜਾਹ ਥੜ੍ਹੇ ਬਣ ਰਹੇ ਹਨ। ਦੇਖਦੇ ਹਾਂ, ਕੁੱਤਿਆਂ ਦੀਆਂ ਰੂਹਾਂ ਮਨੁੱਖੀ ਰੂਹਾਂ ਦਾ ਸਵਾਗਤ ਕਰਦੀਆਂ ਹਨ ਕਿ ਭੌਂਕਦੀਆਂ-ਵਢਦੀਆਂ ਹਨ!

ਪ੍ਰਮੁੱਖ ਡਾਕਟਰ ਦਸਦੇ ਹਨ, ਪੱਕਾ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਕੋਰੋਨਾ ਦੀ ਸਿਖਰ ਮਈ ਦੇ ਅੱਧ ਤੱਕ ਆਉਣ ਦੀ ਉਮੀਦ ਹੈ। ਮਤਲਬ, ਓਦੋਂ ਤੱਕ ਰੋਗੀਆਂ ਤੇ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾਵੇਗੀ। ਓਦੋਂ ਵੀ ਜੇ ਸਿਖਰ ਆ ਜਾਵੇ, ਦੇਸ ਦੇ ਭਾਗ ਚੰਗੇ। ਸੰਤੋਖ ਸਿੰਘ ਧੀਰ ਦੀਆਂ ਦੋ ਸਤਰਾਂ ਹਨ, “ਰਾਤ ਦੀ ਕਫ਼ਨੀ ਦਾ ਲੜ ਨਾ ਚੁੱਕ, ਮੇਰੇ ਮੂੰਹ ਤੋਂ ਪ੍ਰਭਾਤੇ, ਸੁੰਨੇ-ਸੱਖਣੇ ਇਸ ਜੱਗ ਉੱਤੇ ਕੀਕਣ ਅੱਖੀਆਂ ਖੋਲ੍ਹਾਂ ਮੈਂ!” ਸਵੇਰੇ ਉਠਦਿਆਂ ਡਰ ਲਗਦਾ ਹੈ, ਫੇਰ ਟੀਵੀ ਖੋਲ੍ਹਦਿਆਂ ਡਰ ਲਗਦਾ ਹੈ, ਰਾਤ ਨੂੰ ਪਤਾ ਨਹੀਂ ਕੀ ਕੁਝ ਹੋ ਗਿਆ ਹੋਵੇਗਾ ਤੇ ਦਿਨ ਨੂੰ ਪਤਾ ਨਹੀਂ ਕੀ ਕੁਝ ਹੋਣ ਵਾਲਾ ਹੈ! ਜੇ ਸਾਡੇ ਪਿੰਡ ਵਾਲੇ ਵਲਾਇਤੀ ਰਾਮ ਤੋਂ ਕੋਈ ਖੰਡ ਲੈਣ ਜਾਂਦਾ ਤੇ ਖੰਡ ਉਸ ਕੋਲ ਹੁੰਦੀ ਨਾ, ਉਹ ਆਖਦਾ, “ਲਾਲ ਮਿਰਚਾਂ ਅੱਜ ਹੀ ਪਿਹਾਈਆਂ ਨੇ, ਉਹ ਲੈ ਜਾ।” ਹਸਪਤਾਲੀ ਬਿਸਤਰੇ, ਆਕਸੀਜਨ, ਟੀਕੇ, ਦਵਾਈਆਂ, ਆਦਿ ਮੰਗਦੇ ਲੋਕਾਂ ਨੂੰ ਸਰਕਾਰ ਕਹਿੰਦੀ ਹੈ, ਇਹ ਚੀਜ਼ਾਂ ਤਾਂ ਅਜੇ ਹੈ ਨਹੀਂ, ਤੁਹਾਨੂੰ ਮੋਰਚੇ ਵਾਲੇ ਕਿਸਾਨਾਂ ਦੀ ਪੈਦਾ ਕੀਤੀ ਕਣਕ ਜ਼ਰੂਰ ਪੰਸੇਰੀ-ਪੰਸੇਰੀ ਮੁਫ਼ਤ ਦੇਵਾਂਗੇ!

ਸੰਪਰਕ: 011-42502364

Real Estate