ਕੁਝ ਹਫਤਿਆਂ ‘ਚ ਹੋਰ 5 ਲੱਖ ਆਈ ਸੀ ਯੂ ਬੈੱਡਾਂ, 2 ਲੱਖ ਨਰਸਾਂ ਤੇ ਡੇਢ ਲੱਖ ਡਾਕਟਰਾਂ ਦੀ ਲੋੜ

150
ਪੁਣੇ : ਆਉਣ ਵਾਲੇ ਦਿਨਾਂ ਵਿਚ ਕੋਰੋਨਾ ਮਹਾਮਾਰੀ ਦੇ ਹੋਰ ਭਿਆਨਕ ਰੂਪ ਲੈਣ ਦੀ ਪੇਸ਼ੀਨਗੋਈ ਕਰਦਿਆਂ ਉੱਘੇ ਸਰਜਨ ਡਾ. ਦੇਵੀ ਪ੍ਰਸਾਦ ਸ਼ੈੱਟੀ ਨੇ ਕਿਹਾ ਹੈ ਕਿ ਭਾਰਤ ਨੂੰ ਅਗਲੇ ਕੁਝ ਹਫਤਿਆਂ ਵਿਚ ਹੋਰ 5 ਲੱਖ ਆਈ ਸੀ ਯੂ ਬੈੱਡਾਂ, 2 ਲੱਖ ਨਰਸਾਂ ਤੇ ਡੇਢ ਲੱਖ ਡਾਕਟਰਾਂ ਦੀ ਲੋੜ ਪਵੇਗੀ | ਇਸ ਵੇਲੇ ਭਾਰਤ ਵਿਚ 75 ਤੋਂ 90 ਹਜ਼ਾਰ ਆਈ ਸੀ ਯੂ ਬੈੱਡ ਹਨ ਤੇ ਲਗਭਗ ਸਾਰੇ ਭਰੇ ਹੋਏ ਹਨ ਜਦਕਿ ਦੂਜੀ ਲਹਿਰ ਨੇ ਅਜੇ ਸਿਖਰ ‘ਤੇ ਪੁੱਜਣਾ ਹੈ |
ਦੇਸ਼ ਵਿਚ ਰੋਜ਼ਾਨਾ ਸਾਢੇ ਤਿੰਨ ਲੱਖ ਤੋਂ ਵੱਧ ਕੇਸ ਨਿਕਲ ਰਹੇ ਹਨ ਤੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਪੰਜ ਲੱਖ ਤਕ ਪੁੱਜ ਸਕਦੇ ਹਨ | ਡਾ. ਸ਼ੈੱਟੀ ਦਾ ਕਹਿਣਾ ਹੈ ਕਿ ਬਹੁਤੇ ਅਖਬਾਰ ਤੇ ਟੀ ਵੀ ਚੈਨਲ ਆਕਸੀਜਨ ਦੀ ਘਾਟ ਦੀਆਂ ਖਬਰਾਂ ਦੇ ਰਹੇ ਹਨ ਪਰ ”ਮੈਨੂੰ ਇਹ ਸੋਚ ਕੇ ਨੀਂਦ ਨਹੀਂ ਆ ਰਹੀ ਕਿ ਮੀਡੀਆ ਦੀਆਂ ਅਗਲੀਆਂ ਸੁਰਖੀਆਂ ਕੀ ਹੋਣਗੀਆਂ ਜਦੋਂ ਮਰੀਜ਼ ਆਈ ਸੀ ਯੂ ਵਿਚ ਮਰਨਗੇ, ਜਿਥੇ ਉਨ੍ਹਾਂ ਨੂੰ ਸੰਭਾਲਣ ਵਾਲੀਆਂ ਨਰਸਾਂ ਤੇ ਡਾਕਟਰ ਨਹੀਂ ਹੋਣਗੇ | ਨਾਰਾਇਣਾ ਹੈਲਥ, ਜਿਸਦੇ ਭਾਰਤ ਵਿਚ 21 ਮੈਡੀਕਲ ਸੈਂਟਰ ਹਨ, ਦੇ ਚੇਅਰਮੈਨ ਤੇ ਬਾਨੀ ਡਾ. ਸ਼ੈੱਟੀ ਨੇ ਹਾਲ ਹੀ ਵਿਚ ਪੁਣੇ ਵਿਚ ਸਿੰਬਾਇਓਸਿਸ ਗੋਲਡਨ ਜੁਬਲੀ ਲੈਕਚਰ ਦਿੰਦਿਆਂ ਕਿਹਾ—ਅਜਿਹਾ ਹੋਣ ਵਾਲਾ ਹੈ | ਮੈਨੂੰ ਇਸ ਬਾਰੇ ਕੋਈ ਸ਼ੱਕ-ਸ਼ੁਬਾ ਨਹੀਂ |
ਉਨ੍ਹਾ ਕਿਹਾ ਕਿ ਜਿਹੜਾ ਵਿਅਕਤੀ ਪਾਜ਼ੀਟਿਵ ਨਿਕਲਦਾ ਹੈ, ਉਸ ਕਰਕੇ 5 ਤੋਂ 10 ਹੋਰਨਾਂ ਨੂੰ ਵੀ ਲਾਗ ਲੱਗ ਜਾਂਦੀ ਹੈ ਪਰ ਉਨ੍ਹਾਂ ਨੂੰ ਟੈੱਸਟ ਨਹੀਂ ਕੀਤਾ ਜਾਂਦਾ | ਇਸਦਾ ਮਤਲਬ ਹੈ ਕਿ ਭਾਰਤ ਵਿਚ ਇਸ ਵੇਲੇ ਰੋਜ਼ਾਨਾ 15 ਤੋਂ 20 ਲੱਖ ਲੋਕਾਂ ਨੂੰ ਕੋਰੋਨਾ ਦੀ ਲਾਗ ਲਗ ਰਹੀ ਹੈ | ਅੰਕੜਿਆਂ ਦੇ ਹਿਸਾਬ ਨਾਲ ਪਾਜ਼ੀਟਿਵ ਮਰੀਜ਼ਾਂ ਵਿਚੋਂ 5 ਫੀਸਦੀ ਨੂੰ ਆਈ ਸੀ ਯੂ ਬੈੱਡਾਂ ਦੀ ਲੋੜ ਪੈਂਦੀ ਹੈ, ਭਾਵੇਂ ਉਨ੍ਹਾਂ ਦੀ ਉਮਰ ਕੁਝ ਵੀ ਹੋਵੇ | ਔਸਤਨ ਇਕ ਮਰੀਜ਼ ਆਈ ਸੀ ਯੂ ਬੈੱਡ ‘ਤੇ ਘੱਟੋਘਟ 10 ਦਿਨ ਰਹਿੰਦਾ ਹੈ | ਸੋ, ਤੁਸੀਂ ਅਨੁਮਾਨ ਲਾ ਸਕਦੇ ਹੋ ਕਿ ਮੰਜ਼ਰ ਕੀ ਹੈ | ਕੀ ਕਰਨ ਦੀ ਲੋੜ ਹੈ | ਅਗਲੇ ਕੁਝ ਹਫਤਿਆਂ ਵਿਚ ਘੱਟੋਘਟ 5 ਲੱਖ ਹੋਰ ਆਈ ਸੀ ਯੂ ਬੈੱਡਾਂ ਦਾ ਪ੍ਰਬੰਧ ਕਰਨਾ ਪੈਣਾ |
ਉਨ੍ਹਾ ਇਹ ਵੀ ਕਿਹਾ ਕਿ ਬਦਕਿਸਮਤੀ ਨਾਲ ਇਕੱਲੇ ਬੈੱਡਾਂ ਨੇ ਮਰੀਜ਼ ਠੀਕ ਨਹੀਂ ਕਰ ਦੇਣੇ | ਇਸ ਲਈ ਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ ਦੀ ਲੋੜ ਹੈ | ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਦੇਸ਼ ਦੇ ਹਸਪਤਾਲਾਂ ਵਿਚ 78 ਫੀਸਦੀ ਮੈਡੀਕਲ ਮਾਹਰਾਂ ਦੀ ਘਾਟ ਸੀ | ਹੁਣ, ਸਾਨੂੰ ਘੱਟੋਘਟ ਦੋ ਲੱਖ ਨਰਸਾਂ ਤੇ ਘੱਟੋਘਟ ਡੇਢ ਲੱਖ ਡਾਕਟਰਾਂ ਦਾ ਅਗਲੇ ਕੁਝ ਹਫਤਿਆਂ ਵਿਚ ਜੁਗਾੜ ਕਰਨਾ ਪੈਣਾ ਹੈ, ਜਿਹੜੇ ਅਗਲੇ ਇਕ ਸਾਲ ਕੋਰੋਨਾ ਮਰੀਜ਼ਾਂ ਨੂੰ ਸੰਭਾਲਣ | ਵਰਤਮਾਨ ਮਹਾਮਾਰੀ ਚਾਰ-ਪੰਜ ਮਹੀਨੇ ਰਹਿਣ ਵਾਲੀ ਹੈ | ਫਿਰ ਤੀਜੀ ਲਹਿਰ ਨਾਲ ਨਜਿੱਠਣ ਲਈ ਵੀ ਤਿਆਰ ਰਹਿਣਾ ਪੈਣਾ | ਡਾ. ਸ਼ੈੱਟੀ ਨੇ ਸਥਿਤੀ ਨੂੰ ਸੰਭਾਲਣ ਲਈ ਵੀ ਵਿਚਾਰ ਪੇਸ਼ ਕੀਤੇ | ਉਨ੍ਹਾ ਕਿਹਾ ਕਿ ਭਾਰਤ ਵਿਚ ਲਗਭਗ 2 ਲੱਖ 20 ਹਜ਼ਾਰ ਨਰਸਿੰਗ ਸਟੂਡੈਂਟਸ ਵੱਖ-ਵੱਖ ਨਰਸਿੰਗ ਸਕੂਲਾਂ ਤੇ ਕਾਲਜਾਂ ਵਿਚ ਤਿੰਨ ਸਾਲਾ ਜੀ ਐਨ ਐਮ (ਜਨਰਲ ਨਰਸਿੰਗ ਐਂਡ ਮਿਡਵਾਈਫਰੀ) ਜਾਂ ਚਾਰ ਸਾਲਾ ਬੀ ਐਸਸੀ ਕੋਰਸ ਪੂਰੇ ਕਰ ਚੁੱਕੇ ਹਨ | ਉਹ ਅਗਲੇ ਕੁਝ ਹਫਤਿਆਂ ਵਿਚ ਹੋਣ ਵਾਲੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਹਨ | ਸਿਹਤ ਮੰਤਰਾਲੇ ਨੂੰ ਇੰਡੀਅਨ ਨਰਸਿੰਗ ਕੌਂਸਲ ਨਾਲ ਮਿਲ ਕੇ ਇਨ੍ਹਾਂ ਨੂੰ ਗ੍ਰੈਜੂਏਟ ਮੰਨ ਕੇ ਕੋਵਿਡ ਆਈ ਸੀ ਯੂ ਵਾਰਡਾਂ ਵਿਚ ਇਕ ਸਾਲ ਲਈ ਤਾਇਨਾਤ ਕਰਨਾ ਚਾਹੀਦਾ ਹੈ ਤੇ ਫਿਰ ਗੈ੍ਰਜੂਏਸ਼ਨ ਦੇ ਸਰਟੀਫਿਕੇਟ ਦੇਣੇ ਚਾਹੀਦੇ ਹਨ | ਉਨ੍ਹਾਂ ਨੂੰ ਸਰਕਾਰੀ ਨੌਕਰੀ ਵਿਚ ਹੋਰਨਾਂ ਨਾਲੋਂ ਤਰਜੀਹ ਵੀ ਦਿੱਤੀ ਜਾ ਸਕਦੀ ਹੈ | ਹਾਲਤ ਜੰਗ ਵਰਗੀ ਹੈ | ਉਸ ਹਾਲਤ ਵਿਚ ਫੌਜ ਵਿਚ ਭਰਤੀ ਕਰਨ ਵੇਲੇ ਦੇਖਿਆ ਨਹੀਂ ਜਾਂਦਾ | ਅੱਜ ਵੀ ਅਮਨ ਵਾਲਾ ਨਹੀਂ, ਜੰਗ ਵਾਲਾ ਸਮਾਂ ਹੈ | ਸ਼ੈੱਟੀ ਨੇ ਬਹੁਤ ਸੋਹਣੀ ਗੱਲ ਕਹੀ—ਜੇ ਸਰਕਾਰ ਅਜਿਹਾ ਕਰਦੀ ਹੈ ਤਾਂ ਇਹ ਕੁੜੀਆਂ ਤੇ ਮੁੰਡੇ ਕੋਵਿਡ ਵਿਰੁੱਧ ਲੜਾਈ ਵਿਚ ਡਟ ਜਾਣਗੇ | ਇਹ ਲੜਾਈ ਮੇਰੀ ਉਮਰ ਵਰਗੇ ਡਾਕਟਰਾਂ ਤੋਂ ਨਹੀਂ ਜਿੱਤੀ ਜਾਣੀ | ਕਦੀ ਜੰਗ ਮੇਰੇ ਵਰਗੀ ਉਮਰ ਵਾਲਿਆਂ ਤੋਂ ਨਹੀਂ ਜਿੱਤੀ ਜਾ ਸਕਦੀ | ਸਾਨੂੰ ਨੌਜਵਾਨਾਂ ਦੀ ਲੋੜ ਹੈ | ਇਨ੍ਹਾਂ ਵਿਚੋਂ ਬਹੁਤਿਆਂ ਦੇ ਟੀਕੇ ਲੱਗ ਚੁੱਕੇ ਹਨ ਅਤੇ ਉਹ ਕੋਰੋਨਾ ਵਿਰੁੱਧ ਲੜਨ ਵਿਚ ਬਿਹਤਰ ਪੁਜ਼ੀਸ਼ਨ ਵਿਚ ਹੋਣਗੇ |
ਡਾ. ਸ਼ੈੱਟੀ ਨੇ ਇਹ ਵੀ ਕਿਹਾ ਕਿ ਇਸ ਵੇਲੇ ਕੋਈ ਇਕ ਲੱਖ 30 ਹਜ਼ਾਰ ਡਾਕਟਰ ਹਨ, ਜਿਹੜੇ ਕਿ ਕੋਵਿਡ ਆਈ ਸੀ ਯੂ ਵਿਚ ਕੰਮ ਨਹੀਂ ਕਰ ਰਹੇ ਤੇ ਨੀਟ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਤਾਂ ਕਿ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਦਾਖਲਾ ਲੈ ਸਕਣ | ਪੋਸਟ ਗ੍ਰੈਜੂਏਟ ਦੀਆਂ ਸਿਰਫ 35 ਹਜ਼ਾਰ ਸੀਟਾਂ ਹਨ | ਨੀਟ ਦੀ ਆਨਲਾਈਨ ਪ੍ਰੀਖਿਆ ਫੌਰੀ ਕਰਵਾਈ ਜਾਵੇ ਤੇ ਨਤੀਜਾ ਕੁਝ ਦਿਨਾਂ ਵਿਚ ਐਲਾਨ ਦਿੱਤਾ ਜਾਵੇ | 35 ਹਜ਼ਾਰ ਸਿਲੈਕਟ ਹੋਣ ਤੋਂ ਬਾਅਦ ਇਕ ਲੱਖ ਡਾਕਟਰ ਫਿਰ ਬਚ ਜਾਣਗੇ | ਉਨ੍ਹਾਂ ਨੂੰ ਅਗਲੇ ਸਾਲ ਪੋਸਟ ਗ੍ਰੈਜੂਏਸ਼ਨ ਦੀ ਪ੍ਰੀਖਿਆ ਦਾ ਫਿਰ ਮੌਕਾ ਦਿੱਤਾ ਜਾਵੇ ਜੇ ਉਹ ਇਕ ਸਾਲ ਆਈ ਸੀ ਯੂ ਵਿਚ ਕੰਮ ਕਰਦੇ ਹਨ | ਕਰੀਬ 25 ਹਜ਼ਾਰ ਡਾਕਟਰ ਪੋਸਟ ਗ੍ਰੈਜੂਏਸ਼ਨ ਦੀ ਟਰੇਨਿੰਗ ਪੂਰੀ ਕਰ ਚੁੱਕੇ ਹਨ ਪਰ ਇਮਤਿਹਾਨ ਦੇਣਾ ਹੈ | ਮੈਡੀਕਲ ਮਾਹਰਾਂ ਦੇ ਇਸ ਬੈਚ ਨੂੰ ਕਿਹਾ ਜਾ ਸਕਦਾ ਹੈ ਕਿ ਜੇ ਉਹ ਇਕ ਸਾਲ ਆਈ ਸੀ ਯੂ ਵਿਚ ਕੰਮ ਕਰਨ ਤਾਂ ਉਨ੍ਹਾਂ ਨੂੰ ਇਮਤਿਹਾਨ ਦਿੱਤੇ ਬਿਨਾਂ ਡਿਗਰੀ ਦੇ ਦਿੱਤੀ ਜਾਵੇਗੀ | 90 ਹਜ਼ਾਰ ਤੋਂ ਇਕ ਲੱਖ ਡਾਕਟਰਾਂ ਨੇ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਗ੍ਰੈਜੂਏਸ਼ਨ ਕੀਤੀ ਹੈ ਪਰ ਉਨ੍ਹਾਂ ਨੈਸ਼ਨਲ ਐਂਟਰੈਂਸ ਐਗਜ਼ਾਮ ਪਾਸ ਨਹੀਂ ਕੀਤਾ | ਇਨ੍ਹਾਂ ਵਿਚੋਂ ਹੋਣਹਾਰ 20 ਹਜ਼ਾਰ ਦੀ ਚੋਣ ਕਰਕੇ ਉਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਕਿ ਉਹ ਇਕ ਸਾਲ ਆਈ ਸੀ ਯੂ ਵਿਚ ਕੰਮ ਕਰਨਗੇ ਤਾਂ ਉਨ੍ਹਾਂ ਨੂੰ ਪਰਮਾਨੈਂਟ ਰਜਿਸਟ੍ਰੇਸ਼ਨ ਦੇ ਦਿੱਤੀ ਜਾਵੇਗੀ | ਜੇ ਅਸੀਂ ਕੁਝ ਹਫਤਿਆਂ ਵਿਚ ਇਹ ਕਰ ਲਈਏ ਤਾਂ ਵਿਸ਼ਵਾਸ ਕਰਿਓ ਕੋਵਿਡ ਵਿਰੁੱਧ ਜੰਗ ਜਿੱਤ ਜਾਵਾਂਗੇ | ਨਹੀਂ ਤਾਂ ਨਤੀਜੇ ਬਹੁਤ ਹੀ ਗੰਭੀਰ ਨਿਕਲਣ ਵਾਲੇ ਹਨ ਕਿਉਂਕਿ ਮਰੀਜ਼ ਨੂੰ ਆਈ ਸੀ ਯੂ ਵਿਚ ਭਰਤੀ ਕਰਕੇ ਤੇ ਆਕਸੀਜਨ ਦੇ ਕੇ ਹੀ ਨਹੀਂ ਬਚਾਇਆ ਜਾ ਸਕਦਾ | ਆਕਸੀਜਨ ਡਰਾਪ ਹੋਣ ‘ਤੇ ਮਰੀਜ਼ ਨੂੰ ਸੰਭਾਲਣ ਲਈ ਨਰਸਾਂ ਤੇ ਜੂਨੀਅਰ ਡਾਕਟਰਾਂ ਦੀ ਲੋੜ ਪੈਂਦੀ ਹੈ | ਵਰਤਮਾਨ ਡਾਕਟਰਾਂ ਤੇ ਨਰਸਾਂ ਨੇ ਪਹਿਲੀ ਲਹਿਰ ਦੌਰਾਨ ਸ਼ਾਨਦਾਰ ਕੰਮ ਕੀਤਾ | ਪਰ ਹੁਣ ਉਹ ਥੱਕ ਚੁੱਕੇ ਹਨ ਤੇ ਕਈ ਤਾਂ ਕੋਰੋਨਾ ਦੇ ਸ਼ਿਕਾਰ ਵੀ ਹੋ ਚੁੱਕੇ ਹਨ | ਇਸ ਲਈ ਮੁਤਵਾਜ਼ੀ ਵਰਕਫੋਰਸ ਤਿਆਰ ਕਰਨੀ ਪੈਣੀ ਹੈ |
ਡਾ. ਸ਼ੈੱਟੀ ਨੇ ਅਖੀਰ ਵਿਚ ਕਿਹਾ—ਮਰੀਜ਼ਾਂ ਦੀ ਗਿਣਤੀ ਤੇ ਆਈ ਸੀ ਯੂ ਬੈੱਡਾਂ ਬਾਰੇ ਮੇਰੀਆਂ ਕਿਆਸ-ਅਰਾਈਆਂ ਗਲਤ ਵੀ ਹੋ ਸਕਦੀਆਂ ਹਨ ਪਰ ਉਦੋਂ ਕੀ ਹੋਵੇਗਾ ਜੇ ਮੈਂ ਸਹੀ ਨਿਕਲਿਆ!
Real Estate