ਭਾਰਤ ਸਰਕਾਰ ਨੇ UN ਤੋਂ ਮਦਦ ਲੈਣ ਤੋਂ ਕਰ ਦਿੱਤਾ ਸੀ ਇਨਕਾਰ

162

india UN

ਇਹ ਫੈਸਲਾ ਹੁਣ ਲੋਕਾਂ ਤੇ ਪੈ ਰਿਹਾ ਭਾਰੀ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ UN ਨੇ ਭਾਰਤ ਨੂੰ ਆਪਣੀ ਏਕੀਕ੍ਰਿਤ ਸਪਲਾਈ ਚੇਨ ’ਚੋਂ ਸਹਾਇਤਾ/ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਭਾਰਤ ਨੇ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਕੋਵਿਡ-19 ਨਾਲ ਨਜਿੱਠਣ ਲਈ ਉਸ ਕੋਲ ਆਪਣੀ ਮਜ਼ਬੂਤ ਪ੍ਰਣਾਲੀ ਹੈ। ਬੇਕਾਬੂ ਹੋਈ ਕਰੋਨਾ ਦੀ ਦੂਜੀ ਲਹਿਰ ਨੇ ਹਾਲਾਂਕਿ ਭਾਰਤ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਜ਼ਬੂਤ ਪ੍ਰਣਾਲੀ ਬਾਰੇ ਸਰਕਾਰ ਦੀ ਇਹ ਗ਼ਲਤਫ਼ਹਿਮੀ ਹੁਣ ਲੋਕਾਂ ਨੂੰ ਭਾਰੀ ਪੈਣ ਲੱਗੀ ਹੈ। ਯੂਐੱਨ ਮੁਖੀ ਦੇ ਤਰਜਮਾਨ ਫ਼ਰਹਾਨ ਹੱਕ ਨੇ ਕਿਹਾ, ‘‘ਅਸੀਂ ਭਾਰਤ ਨੂੰ ਕਿਹਾ ਸੀ ਕਿ ਜੇ ਲੋੜ ਹੈ ਤਾਂ ਉਹ ਕੋਵਿਡ-19 ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਆਪਣੀ ਏਕੀਕ੍ਰਿਤ ਸਪਲਾਈ ਚੇਨ ’ਚੋਂ ਉਸ ਦੀ ਸਹਾਇਤਾ ਕਰਨ ਲਈ ਤਿਆਰ ਹੈ। ਪਰ ਭਾਰਤ ਨੇ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ। ਸਾਨੂੰ ਦੱਸਿਆ ਗਿਆ ਕਿ ਇਸ ਮੌਕੇ ਸਹਾਇਤਾ ਦੀ ਕੋਈ ਲੋੜ ਨਹੀਂ ਕਿਉਂਕਿ ਭਾਰਤ ਕੋਲ ਹਾਲਾਤ ਨਾਲ ਨਜਿੱਠਣ ਲਈ ਮੁਨਾਸਿਬ ਮਜ਼ਬੂਤ ਪ੍ਰਣਾਲੀ ਮੌਜੂਦ ਹੈ। ਪਰ ਸਾਡੀ ਪੇਸ਼ਕਸ ਅੱਜ ਵੀ ਕਾਇਮ ਹੈ। ਜਦੋਂ ਕਦੇ ਵੀ ਭਾਰਤ ਕਹੇਗਾ ਅਸੀਂ ਉਹਦੀ ਹਰ ਸੰਭਵ ਮਦਦ ਕਰਾਂਗੇ।’’ ਹੱਕ ਕਿਹਾ ਕਿ ਆਲਮੀ ਸੰਸਥਾ ਭਾਰਤ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਦਾ ਇਰਾਦਾ ਰੱਖਦੀ ਹੈ। ਹੱਕ ਨੇ ਕਿਹਾ ਕਿ ਯੂਐੱਨ ਅਥਾਰਿਟੀਜ਼ ਭਾਰਤ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਉਥੋਂ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਹੱਕ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਸਕੱਤਰ ਜਨਰਲ ਦਫ਼ਤਰ ਦੀ ਅਧਿਕਾਰੀ ਮਾਰੀਆ ਲੁਇਜ਼ਾ ਰਿਬੇਰੋ ਵੀਓਟੀ ਭਾਰਤ ਦੇ ਸਥਾਈ ਨੁਮਾਇੰਦੇ ਟੀ।ਐੱਸ।ਤਿਰੂਮੁਰਤੀ ਦੇ ਸੰਪਰਕ ਵਿੱਚ ਹਨ। ਹੱਕ ਨੇ ਕਿਹਾ, ‘ਸਾਡੇ ਲੋਕ ਅਪਰੇਸ਼ਨਲ ਤੇ ਢੋਆ ਢੁਆਈ ਨਾਲ ਜੁੜੇ ਮੁੱਦਿਆਂ ਨਾਲ ਸਿੱਝਦੇ ਹਨ, ਤੇ ਅਸੀਂ ਹਰ ਸੰਭਵ ਮਦਦ ਦਾ ਇਰਾਦਾ ਰੱਖਦੇ ਹਾਂ। ਜੇ ਸਾਡੀ ਲੋੜ ਹੈ ਤਾਂ ਅਸੀਂ ਆਪਣੀ ਭਾਰਤੀ ਹਮਰੁਤਬਾਵਾਂ ਦੇ ਸੰਪਰਕ ਵਿੱਚ ਹਾਂ।’ ਬੁਲਾਰੇ ਨੇ ਕਿਹਾ ਕਿ ਯੂਐੱਨ ਇਹ ਵੀ ਯਕੀਨੀ ਬਣਾਏਗਾ ਕਿ ਭਾਰਤ ਵਿਚਲੇ ਉਸ ਦੇ ਆਪਣੇ ਸਟਾਫ਼, ਕੌਮਾਂਤਰੀ ਜਾਂ ਕੌਮੀ, ਦਾ ਪੂਰਾ ਖਿਆਲ ਰੱਖਿਆ ਜਾਵੇ ਤਾਂ ਕਿ ਭਾਰਤ ਦੇ ਸਿਹਤ ਸੰਭਾਲ ਪ੍ਰਣਾਲੀ ’ਤੇ ਕੋਈ ਬੋਝ ਨਾ ਪਏ।’

Real Estate