ਲੋਕਾਂ ਦੇ ਮੌਤ ਦੇ ਸਰਟੀਫਿਕੇਟ ਉਪਰ ਵੀ ਪ੍ਰਧਾਨ ਮੰਤਰੀ ਦੀ ਫ਼ੋਟੋ ਲਗਾਈ ਜਾ ਰਹੀ ਹੈ ?

318

Covid vaccine certificate

“ਸਰਟੀਫਿਕੇਟਾਂ ਤੋਂ ਮੋਦੀ ਦੀ ਤਸਵੀਰ ਨੂੰ ਹਟਾਇਆ ਜਾਵੇ ਨਹੀਂ ਤਾਂ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੱਕ ਟੀਕਾ ਨਹੀਂ ਲਵਾਵਾਗੇ” !

ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਕਰੋਨਾ ਦੇ ਟੀਕਾਕਰਨ ਅਭਿਆਨ ਨੂੰ ਸੌ ਦਿਨ ਪੂਰੇ ਹੋ ਚੁੱਕੇ ਹਨ ਅਤੇ ਸੋਮਵਾਰ ਤੱਕ ਕੁੱਲ 14.19 ਕਰੋੜ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਅ ਲਈ ਟੀਕੇ ਲੱਗ ਚੁੱਕੇ ਹਨ। ਤ੍ਰਿਣਮੂਲ ਕਾਂਗਰਸ ਦੀ ਕ੍ਰਿਸ਼ਨਾਨਗਰ ਤੋਂ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਐਤਵਾਰ ਸ਼ਾਮੀਂ ਟਵੀਟ ਕਰਦਿਆਂ ਸਵਾਲ ਕੀਤਾ ਕਿ ਕੋਵਿਡ ਦੇ ਟੀਕਾਕਰਨ ਤੋਂ ਬਾਅਦ ਮਿਲਣ ਵਾਲੇ ਸਰਟੀਫਿਕੇਟ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਹੈ, ਪਰ ਕੀ ਆਕਸੀਜਨ ਦੀ ਕਮੀ ਨਾਲ ਫੌਤ ਹੋ ਰਹੇ ਲੋਕਾਂ ਦੇ ਮੌਤ ਦੇ ਸਰਟੀਫਿਕੇਟ ਉਪਰ ਵੀ ਪ੍ਰਧਾਨ ਮੰਤਰੀ ਦੀ ਫ਼ੋਟੋ ਲਗਾਈ ਜਾ ਰਹੀ ਹੈ? ਇਸ ਟਵੀਟ ਦੇ ਨਾਲ ਹੀ ਮਹੂਆ ਨੇ ਕੋਵਿਡ ਟੀਕਾਕਰਨ ਦੇ ਸਰਟੀਫਿਕੇਟ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲੱਗੀ ਹੈ। ਮਹੂਆ ਮਿੱਤਰਾ ਤੋਂ ਪਹਿਲਾਂ ਸਾਬਕਾ ਅਦਾਕਾਰਾ ਤੇ ਮਹਾਰਾਸ਼ਟਰਾ ਤੋਂ ਕਾਂਗਰਸੀ ਆਗੂ ਨਗਮਾ ਨੇ ਵੀ ਅਜਿਹਾ ਹੀ ਟਵੀਟ ਕੀਤਾ ਸੀ ਜਿਸ ਵਿੱਚ ਕੋਵਿਡ ਨਾਲ ਮਰਨ ਵਾਲੇ ਲੋਕਾਂ ਦੇ ਮੌਤ ਦੇ ਸਰਟੀਫਿਕੇਟ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲਗਾਉਣ ਦੀ ਗੱਲ ਲਿਖੀ ਸੀ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਨੇ ਵੀ ਸੋਸ਼ਲ ਮੀਡੀਆ ਰਾਹੀਂ ਕੋਵਿਡ-19 ਦੇ ਖ਼ਿਲਾਫ਼ ਟੀਕੇ ਵਾਲ਼ੇ ਸਰਟੀਫਿਕੇਟ ਉੱਪਰ ਪ੍ਰਧਾਨ ਮੰਤਰੀ ਦੀ ਤਸਵੀਰ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਸੀ।
ਪੱਤਰਕਾਰ ਤੇ ਕਾਲਮਨਵੀਸ ਲੇਖਿਕਾ ਸ਼ੋਭਾ ਡੇਅ ਨੇ ਵੀ ਕੋਰੋਨਾਵਾਇਰਸ ਵੈਕਸਸੀਨੇਸ਼ਨ ਸਰਟੀਫਿਕੇਟ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਨੂੰ ਲੈਕੇ ਚੱਲ ਰਹੀ ਚਰਚਾ ਉੱਤੇ ਤਿੱਖਾ ਵਿਅੰਗ ਕੀਤਾ। ਸਿਰਫ਼ ਤਿੰਨ ਚਾਰ ਸ਼ਬਦਾਂ ਦਾ ਟਵੀਟ ਕਰਦਿਆਂ ਸ਼ੋਭਾ ਨੇ ਲਿਖਿਆ, ”ਕੀ ਤੁਸੀਂ ਇਹ ਕੋਰਸ(ਸਮੂਹ ਗਾਇਨ )ਸੁਣਿਆ ਹੈ”
ਪੰਜਾਬ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਦੇ ਸਾਬਕਾ ਡੀਨ ਪ੍ਰੋ। ਚਮਨ ਲਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਨ੍ਹਾਂ ਨੇ ਕੋਵਿਡ ਟੀਕੇ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਇਸ ਦੇ ਸਰਟੀਫਿਕੇਟ ਉਪਰ ਪ੍ਰਧਾਨ ਮੰਤਰੀ ਦੀ ਤਸਵੀਰ ਹੈ। ਪ੍ਰੋ। ਚਮਨ ਲਾਲ ਨੇ ਆਪਣੀ ਚਿੱਠੀ ਵਿਚ ਕੁਝ ਵਰ੍ਹੇ ਪਹਿਲਾਂ ਹੋਈ ਨੋਟਬੰਦੀ, ਮਾਰਚ 2020 ਦੀ ਤਾਲਾਬੰਦੀ ਅਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ ਦਾ ਵੀ ਜ਼ਿਕਰ ਕੀਤਾ ਹੈ ਅਤੇ ਲਿਖਿਆ ਹੈ ਕਿ ਕਿਸ ਤਰ੍ਹਾਂ ਇਸ ਨਾਲ ਆਮ ਜਨਤਾ ਅਤੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਸਰਟੀਫਿਕੇਟਾਂ ਤੋਂ ਪ੍ਰਧਾਨ ਮੰਤਰੀ ਦੀ ਤਸਵੀਰ ਨੂੰ ਹਟਾਇਆ ਜਾਵੇ ਨਹੀਂ ਤਾਂ ਉਹ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੱਕ ਟੀਕਾ ਨਹੀਂ ਲਗਾਉਣਗੇ। 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਪਹਿਲਾਂ ਚੋਣ ਜ਼ਾਬਤਾ ਲਾਗੂ ਹੋਵੇਗਾ ਜਿਸ ਦੇ ਨਿਯਮ ਅਨੁਸਾਰ ਸਰਕਾਰੀ ਦਸਤਾਵੇਜ਼ਾਂ ‘ਤੇ ਕਿਸੇ ਰਾਜਨੀਤਕ ਵਿਅਕਤੀ ਦੀਆਂ ਤਸਵੀਰਾਂ ਨਹੀਂ ਰਹਿਣਗੀਆਂ। ਪੱਛਮੀ ਬੰਗਾਲ ,ਅਸਾਮ, ਤਾਮਿਲਨਾਡੂ,ਕੇਰਲ ਅਤੇ ਪੁਡੂਚੇਰੀ ਵਿਖੇ ਵਿਧਾਨ ਸਭਾ ਚੋਣਾਂ ਹੋਣ ਕਾਰਨ ਚੋਣ ਜ਼ਾਬਤਾ ਲਾਗੂ ਹੈ ਅਤੇ ਉਥੇ ਨਿਰਵਾਚਨ ਆਯੋਗ ਦੇ ਨਿਯਮਾਂ ਅਨੁਸਾਰ ਇਹ ਤਸਵੀਰਾਂ ਨਹੀਂ ਛਪ ਰਹੀਆਂ।

Real Estate