ਜੇ ਸੂਰਜ ਇੱਕ ਈ ਏ ਫਿਰ ਕਨੇਡਾ ‘ਚ ਚੜ੍ਹਿਆ ਇਹ ਪਿੰਡ ਵਰਗਾ ਕਿਉਂ ਨਹੀਂ ਲੱਗਦਾ?

662
ਬਲਜੀਤ ਖ਼ਾਨ
ਮੇਰੇ ਬੱਚਿਓ, ਮੈਂ ਵਸੀਅਤ ਵਿੱਚ ਚਾਰ ਸ਼ਬਦ ਥੋਨੂੰ ਸੌਂਪਦਾ ਆਂ, ਪੰਜਾਬੀ ਮਾਂ ਬੋਲੀ, ਬਾਬਾ ਬਿੱਲੂ ਖ਼ਾਨ, ਮਾਂ ਬਸ਼ੀਰਾਂ ਤੇ ਪਿੰਡ ਸਮਾਲਸਰ! ਮੈਨੂੰ ਬੇਸ਼ੱਕ ਭੁੱਲ ਜਾਇਓ ਪਰ ਇਹਨਾਂ ਨੂੰ ਯਾਦ ਰੱਖਿਓ!
ਦੁੱਖ ਹੁੰਦਾ ਏ ਸੋਚਕੇ, ਮੇਰੀਆਂ ਆਉਣ ਵਾਲ਼ੀਆਂ ਨਸਲਾਂ ਕਿਸੇ ਹੋਰ ਜ਼ਮੀਨ ‘ਤੇ ਪ੍ਰਵਾਨ ਚੜ੍ਹਣਗੀਆਂ ਤੇ ਪਿੰਡ ਸਮਾਲਸਰ ਅਤੇ ਪੰਜਾਬ ਨਾਲ਼ ਉਹਨਾਂ ਦਾ ਕੋਈ ਵਾਹ-ਵਾਸਤਾ ਵੀ ਨਹੀਂ ਰਹੇਗਾ!
ਚਿੱਟੇ ਝੱਗੇ ‘ਤੇ ਚਾਹ ਦਾ ਦਾਗ਼ ਪੈ ਗਿਆ ਏ। ਮੂੰਹ ਅੱਡਿਆ ਤੇ ਵਿੱਚ ਮੱਖੀਆਂ ਪਈਆਂ। ਸਾਡੀ ਮੌਤ ਦੇ ਭੋਗ ਨਿੱਤ ਪੈਂਦੇ ਨੇ, ਰੋਜ਼ ਸਾਡੇ ਕੁਲ ਪੜ੍ਹੇ ਜਾਂਦੇ ਨੇ! ਖੰਭ ਫੈਲਾਉਣ ਚੱਲੇ ਸੀ ਪਿੰਜਰੇ ਨਸੀਬ ਹੋ ਗਏ। ਸਾਡੇ ਕੋਲ਼ ਤਾਂ ਦਿਵਾਲ਼ੀ ਦੀ ਫ਼ੋਟੋਕਾਪੀ ਵੀ ਨਹੀਂ ਏ।
ਜੇ ਮੁਹਲਤ ਮਿਲੇ ਤਾਂ ਜ਼ਿੰਦਗੀ ਉਸੇ ਮੋੜ ‘ਤੋਂ ਜਿੱਥੇ ਪਿੱਛੇ ਛੱਡ ਕੇ ਆਇਆ ਸਾਂ ਜਿਉਣੀ ਚਹੁੰਦਾ ਆਂ, ਦਿਲ ਕਰਦੈ ਧਾਗਾ ਆਪਣੀ ਮੂਲ ਜਗ੍ਹਾ ‘ਤੇ ਇਉਂ ਜੁੜ ਜੇ ਕਿ ਗੰਢ ਵੀ ਨਾ ਪਵੇ।
ਜੇ ਟਾਈਮ ਟਰੈਵਲ ਮੁਮਕਿਨ ਹੋਵੇ ਤਾਂ ਉੰਨੀ ਸੌ ਅਠਾਨਵੇਂ-ਨੜਿਨ੍ਹਵੇਂ ‘ਚ ਅੱਪੜ ਜਾਵਾਂ, ਆਪਣੀਆਂ ਗ਼ਲਤੀਆਂ ਸੁਧਾਰ ਲਵਾਂ, ਜਿਸ ਦਿਨ ਬਾਪੂ ਹਾਦਸੇ ‘ਚ ਫ਼ੌਤ ਹੋਇਆ ਸੀ ਉਹ ਦਿਨ ਆਵੇ ਤਾਂ ਕਹਿ ਦੇਵਾਂ,”ਡੈਡੀ, ਤੁਸੀਂ ਅਰਾਮ ਕਰੋ, ਮੈਂ ਚਲਾ ਜਾਂਦਾ ਆਂ ਅੰਕਲ ਨਾਲ਼ ਭਾਅ ਨੂੰ ਏਅਰਪੋਰਟ ‘ਤੇ ਛੱਡਣ ਲਈ!” ਉਹ ਅੰਕਲ ਚਰਨ ਦੇ ਮੁੰਡੇ ਨੂੰ ਜਹਾਜ਼ ਚੜ੍ਹਾਉਣ ਗਏ ਈ ਤਾਂ ਮੁੜੇ ਨਹੀਂ ਸਨ ਤੇ ਜਿਸ ਦਿਨ ਮਾਂ ਨੂੰ ਦਿਲ ਦਾ ਦੌਰਾ ਪਿਆ ਸੀ ਉਹ ਆਵੇ ਤਾਂ ਪਹਿਲਾਂ ਹੀ ਹਸਪਤਾਲ ਲੈ ਵੰਙਾਂ। ਪਰ ਸਮਿਆਂ ਨੂੰ ਪੁੱਠੇ ਗੇੜ ਕਿੱਥੇ ਪੈਂਦੇ ਨੇ! ਗਿਆਂ ਨੂੰ ਮੋੜ ਲਿਆਉਣ ਵਾਲ਼ੇ ਨੂੰ ਐਵੇਂ ਤਾਂ ਨੀ ਵਾਰੇ ਸ਼ਾਹ ਨੇ ਆਪਣੇ ਚੰਮ ਦੀਆਂ ਜੁੱਤੀਆਂ ਸਵਾਕੇ ਪਵਾਉਣ ਦੀ ਜ਼ੁਬਾਨ ਦਿੱਤੀ ਸੀ।
ਪ੍ਰਦੇਸ ਨੂੰ ਤੁਰਨ ਲੱਗਿਆਂ ਬੰਦਾ ਸੋਚਦਾ ਏ,”ਪਿੰਡ ਗੇੜਾ ਮਾਰਦੇ ਰਹਾਂਗੇ, ਪਿੰਡ ਕਿਹੜਾ ਕਿਤੇ ਭੱਜ ਚੱਲਿਆ ਏ!’ ਪਰ ਪਤਾ ਉਦੋਂ ਲੱਗਦਾ ਜਦੋਂ ਏਥੇ ਨਵੇਂ ਰੁਝੇਵੇਂ ਜਕੜ ਲੈਂਦੇ ਨੇ। ਬੰਦਾ ਵੰਡਿਆ ਜਾਂਦਾ ਏ, ਧੋਬੀ ਦਾ ਕੁੱਤਾ ਨਾ ਘਰ ਦਾ ਰਹਿੰਦਾ ਏ, ਨਾ ਘਾਟ ਦਾ। ਨਾ ਪੰਜਾਬ ਪੂਰੀ ਤਰ੍ਹਾਂ ਤਿਆਗਿਆ ਜਾਂਦਾ ਏ ਨਾ ਕਨੇਡਾ ਪੂਰੀ ਤਰ੍ਹਾਂ ਅਪਣਾਇਆ ਜਾਂਦਾ ਏ।
ਕਿੰਨੇ ਹਨ ਜੋ ਮਰ ਗਏ ਏਥੇ ਹੀ ਸੋਚਦੇ-ਸੋਚਦੇ ਕਿ ਲੱਖ ਡਾਲਰ ਕਮਾ ਕੇ ਮੁੜ ਜਾਵਾਂਗੇ।
ਕਨੇਡਾ ਨੂੰ ਆਉਣ ਵਾਲ਼ੇ ਰਸਤੇ ਵਾਪਸ ਨਹੀਂ ਮੁੜਦੇ, ਵੰਨ-ਵੇਅ ਹਨ, ਆਇਆ ਜਾਂਦਾ ਏ, ਮੁੜਿਆ ਨੀ ਜਾਂਦਾ। ਬੱਸ ਉਦੋਂ ਰਮ੍ਹਾਣ ਜਿਹਾ ਮਿਲਦਾ ਏ ਜਦੋਂ ਸੋਚਦੇ ਆਂ ਕਿ ਮੰਨ ਲਵੋ ਘੁੰਮਣ ਆਏ ਆਂ, ਮੁੜਾਂਗੇ ਇੱਕ ਦਿਨ।
“ਹਮ ਕੋ ਮਾਲੁਮ ਹੈ ਜੰਨਤ ਕੀ ਹਕੀਕਤ ਲੇਕਿਨ,
ਦਿਲ ਬਹਿਲਾਨੇ ਕੋ ਗ਼ਾਲਿਬ ਖ਼ਯਾਲ ਅੱਛਾ ਹੈ!”
ਇੱਕ ਵਾਰ ਡਾਕਟਰ ਨਾਸਿਰ ਵੜੈਚ ਜੋ ਕਿ ਪਾਕਿਸਤਾਨ ਤੋਂ ਹਨ ਨੂੰ ਕਹਿ ਬੈਠਾ,”ਜੇ ਮਾਈਂਡ ਨਾ ਕਰੋਂ ਤਾਂ ਅਗੇਤੀ ਮਾਫ਼ੀ ਮੰਗਦਾ ਇੱਕ ਸਵਾਲ ਪੁੱਛਣਾ ਚਾਹੁੰਦਾ ਆਂ।”
“ਬੇਝਿਜਕ ਹੋ ਕੇ ਪੁੱਛੋ।”
“ਤੁਸੀਂ ਮਰ ਕੇ ਕਿੱਥੇ ਦਫ਼ਨ ਹੋਣਾ ਮੰਗਦੇ ਓਂ? ਕੀ ਤੁਹਾਨੂੰ ਸਵਾਲ ਭੈੜਾ ਤਾਂ ਨੀਂ ਲੱਗਿਆ?”
“ਨਹੀਂ, ਬਲਕਿ ਸਵਾਲ ਬੜਾ ਵਾਜ਼ਿਬ ਤੇ ਦਰੁਸਤ ਏ! ਇੱਕ ਮੁਸਲਮਾਨ ਲਈ ਲਾਜ਼ਮ ਏ ਕਿ ਉਹ ਸਦਾ ਮੌਤ ਨੂੰ ਯਾਦ ਰੱਖੇ।”
“ਫਿਰ ਦਿਉ ਜਵਾਬ!”
“ਮੇਰੀ ਖੁਸ਼ਕਿਸਮਤੀ ਹੋਵੇ ਜੇ ਮੱਕਾ ਮੁਕੱਰਮਾਂ ਵਿਖੇ ਦਫ਼ਨ ਹੋ ਸਕਾਂ!” ਪੰਜ ਵਕਤ ਦੇ ਨਮਾਜ਼ੀ ਤੋਂ ਅਜਿਹੇ ਜਵਾਬ ਦੀ ਆਸ ਰੱਖੀ ਜਾ ਸਕਦੀ ਸੀ।
“ਕੋਈ ਦੂਜੀ ਆਪਸ਼ਨ ਹੈ?”
“ਮਦੀਨਾ ਮੁਨੱਵਰਾ, ਨਬੀ ਦੇ ਕਦਮਾਂ ਵਿੱਚ!”
“ਕੋਈ ਤੀਜਾ ਆਪਸ਼ਨ ਵੀ ਹੈ?”
“ਨਹੀਂ, ਫਿਰ ਭਾਵੇਂ ਦੁਨੀਆਂ ‘ਚ ਕਿਤੇ ਵੀ ਜਗ੍ਹਾ ਮਿਲ ਜਾਵੇ! ਚਲੋ, ਹੁਣ ਆਪਣੇ ਬਾਰੇ ਵੀ ਦੱਸੋ!”
“ਜੀ, ਮੇਰੀ ਪਹਿਲੀ ਤੇ ਆਖ਼ਰੀ ਖ਼ਾਹਿਸ਼ ਆਪਣੇ ਪਿੰਡ ਸਮਾਲਸਰ ਆਪਣੇ ਮਾਪਿਆਂ ਦੇ ਕੋਲ਼ ਮਰ ਕੇ ਦਫ਼ਨ ਹੋਣ ਦੀ ਏ!”
ਬੇਸ਼ੱਕ ਹੁਣ ਇਸ ਖਾਹਿਸ਼ ਨੂੰ ਲਗਾਮ ਪੈ ਗਈ ਏ ਪਰ ਕਦੇ ਤਾਂ ਇਹ ਦੁਪਹਿਰੀ-ਖਿੜੀ ਵਾਂਗ ਦਿਲ ਦੇ ਵਿਹੜੇ ਟਹਿਕੀ ਸੀ। ਹਲਾਤ ਬੜੇ ਬਲਵਾਨ ਹੁੰਦੇ ਹਨ, ਸੋਹਣਿਆ!
ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ। ਗਿਆਰਾਂ ਜਨਵਰੀ, ਵੀਹ ਸੌ ਇੱਕੀ।
Real Estate