ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਅਸਤੀਫ਼ੇ ਤੋਂ ਪਤਾ ਚਲਦਾ ਹੈ ਕਿ ਕੈਪਟਨ ਸਰਕਾਰ ਵਿੱਚ ਇਮਾਨਦਾਰ ਅਧਿਕਾਰੀਆਂ ਲਈ ਕੋਈ ਥਾਂ ਨਹੀਂ

280

ਕੈਪਟਨ ਅਮਰਿੰਦਰ ਸਿੰਘ ਕਿਉਂ ਅਤੁੱਲ ਨੰਦਾ ਨੂੰ ਬਚਾਅ ਰਹੇ ਨੇ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 21 ਅਪ੍ਰੈਲ
ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਨਾਲ ਜੁੜੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਖ਼ਾਰਿਜ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ‘ਤੇ ਲਗਾਤਾਰ ਉਠ ਰਹੇ ਸਵਾਲਾਂ ਸੰਬੰਧੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਬਚਾਉਣ ਲਈ ਇੱਕ ਇਮਾਨਦਾਰ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਸਤੀਫ਼ਾ ਮਨਜ਼ੂਰ ਕੀਤਾ ਹੈ। ਉਨ੍ਹਾਂ ਸਾਵਲ ਕੀਤਾ ਕਿ ਜਿਸ ਐਡਵੋਕੇਟ ਨੇ ਅਦਾਲਤ ਵਿੱਚ ਕੇਸ ਨੂੰ ਕਮਜ਼ੋਰ ਕੀਤਾ ਉਸ ਦੀ ਕੈਪਟਨ ਅਮਰਿੰਦਰ ਸਿੰਘ ਕਿਉਂ ਪੈਰਵੀ ਕਰ ਰਹੇ ਹਨ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ  ਇੱਕ ਇਮਾਨਦਾਰ ਅਤੇ ਕਾਬਲ  ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਅਸਤੀਫ਼ੇ ਤੋਂ ਪਤਾ ਚੱਲਦਾ ਹੈ ਕਿ ਕੈਪਟਨ ਸਰਕਾਰ ਵਿੱਚ ਇਮਾਨਦਾਰ ਅਧਿਕਾਰੀਆਂ ਲਈ ਕੋਈ ਥਾਂ ਨਹੀਂ ਹੈ। ਇਹੀ ਕਾਰਨ ਹੈ ਕਿ ਅੱਜ ਪੂਰੇ ਪੰਜਾਬ ਵਿੱਚ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਕੈਪਟਨ ਤੇ ਬਾਦਲ ਆਪਸ ਵਿੱਚ ਮਿਲੇ ਹੋਏ ਹਨ। ਦੋਵਾਂ ਨੇ ਮਿਲ ਕੇ ਹੀ ਜਾਂਚ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਂਚ ਕਰਨ ਵਾਲੇ ਅਧਿਕਾਰੀ ਨੂੰ ਡਰਾਇਆ ਤੇ ਧਮਕਾਇਆ ਗਿਆ ਤਾਂ ਜੋ ਉਹ ਜਾਂਚ ਟੀਮ ਤੋਂ ਹੀ ਅਲੱਗ ਹੋ ਜਾਵੇ। ਪਰ ਜਦੋਂ ਪੁਲਿਸ ਅਧਿਕਾਰੀ ਨੇ ਜਾਂਚ ਜਾਰੀ ਰੱਖੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਐਡਵੋਕੇਟ ਜਨਰਲ ਅਤੁੱਲ ਨੰਦਾ ਰਾਹੀਂ ਅਦਾਲਤ ਵਿੱਚ ਕੇਸ ਨੂੰ ਕਮਜ਼ੋਰ ਕਰਵਾਇਆ ਤਾਂ ਕਿ ਜਾਂਚ ਕਮੇਟੀ ਦੀ ਰਿਪੋਰਟ ਖ਼ਾਰਜ ਹੋ ਜਾਵੇ ਅਤੇ ਬਾਦਲ ਪਰਿਵਾਰ ਬਰੀ ਹੋ ਜਾਵੇ।
ਚੀਮ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਇਸ ਬੇਅਦਬੀ ਮਾਮਲੇ ਵਿੱਚ ਅਤੁਲ ਨੰਦਾ ਅਦਾਲਤ ਵਿੱਚ ਪੇਸ਼ ਹੀ ਨਹੀਂ ਹੋਏ। ਪੰਜਾਬ ਸਰਕਾਰ ਨੇ ਕੇਸ ਨੂੰ ਕਮਜ਼ੋਰ ਕਰਨ ਲਈ ਹੀ ਕਰੋੜਾਂ ਰੁਪਏ ਖ਼ਰਚ ਕਰ ਦਿੱਤੇ।  ਕਰੋੜਾਂ ਰੁਪਏ ਖ਼ਰਚ ਕਰਕੇ ਸਰਕਾਰ ਕੇਸ ਲੜਨ ਵਾਲੇ ਵਕੀਲਾਂ ਨੂੰ ਸ਼ਾਹੀ ਸਹੂਲਤਾਂ ਹੀ ਦਿੰਦੀ ਰਹੀ। ਉਨ੍ਹਾਂ ਕਿਹਾ ਕਿ  ਅੱਜ ਪੰਜਾਬ ਇਨਾ ਕਰੋੜਾਂ ਰੁਪਿਆਂ ਦੀ ਬਰਬਾਦੀ ਦਾ ਹਿਸਾਬ ਅਤੇ ਬੇਅਦਬੀ ਮਾਮਲੇ ਵਿੱਚ ਇਨਸਾਫ਼ ਮੰਗ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਗੁਟਕਾ ਸਾਹਿਬ ਦੀ ਸਹੁੰ ਚੁਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਬਚਾਅ ਰਹੇ ਹਨ। ਉਨ੍ਹਾਂ ਕਿਹਾ ਬਾਦਲ ਅਤੇ ਕੈਪਟਨ ਦੀ ਮਿਲੀਭੁਗਤ ਕਾਰਨ ਹੀ ਇਸ ਕੇਸ ਦਾ ਅਦਾਲਤ ਵਿਚੋਂ ਬੁਰਾ ਨਤੀਜਾ ਆਇਆ ਹੈ। ਕੈਪਟਨ ਅਤੇ ਬਾਦਲ ਦੋਵੇਂ ਨਹੀਂ ਚਾਹੁੰਦੇ ਕਿ ਇਸ ਮਾਮਲੇ ਦੀ ਜਾਂਚ ਕੋਈ ਇਮਾਨਦਾਰ ਪੁਲਿਸ ਅਧਿਕਾਰੀ ਕਰੇ, ਇਸ ਲਈ ਉਨ੍ਹਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਸਤੀਫ਼ਾ ਮਨਜ਼ੂਰ ਕੀਤਾ ਹੈ ਤਾਂ ਕਿ ਅੱਗੇ ਦੀ ਜਾਂਚ ਬਾਦਲ ਪਰਿਵਾਰ ਦੀ ਪਸੰਦ ਦਾ ਕੋਈ ਪੁਲਿਸ ਅਧਿਕਾਰੀ ਕਰ ਸਕੇ।

Real Estate