ਪੱਤਰਕਾਰ ਕੰਵਲਜੀਤ ਸਿੱਧੂ ਦੀ ਲਾਸ਼ ਐਨਐਫ਼ਐਲ ਦੀ ਝੀਲ ’ਚੋਂ ਮਿਲੀ, ਖੁਦਕੁਸ਼ੀ ਨੋਟ ਵੀ ਮਿਲਿਆ

274

ਬੀਐਸ ਭੁੱਲਰ/ਬਠਿੰਡਾ
ਜਲੰਧਰ ਤੋਂ ਛਪਦੇ ਪੰਜਾਬੀ ਅਖਬਾਰ ਦੇ ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਦੀ ਲਾਸ਼ ਅੱਜ ਬਾਅਦ ਦੁਪਹਿਰ ਐਨਐਫ਼ਐਲ ਕਲੋਨੀ ਦੀ ਝੀਲ ਵਿੱਚੋਂ ਮਿਲ ਗਈ ਹੈ। ਉਹ ਸ਼ਨੀਵਾਰ ਨੂੰ ਬਠਿੰਡਾ ਸ੍ਰੀ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਹੋਏ ਮਾਮੂਲੀ ਸੜਕ ਹਾਦਸੇ ਤੋਂ ਬਾਅਦ ਲਾਪਤਾ ਹੋ ਗਿਆ ਸੀ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਹਾਦਸੇ ਤੋਂ ਬਾਅਦ ਉਸਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਉਸਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਸੀ। ਅੱਜ ਕਿਸੇ ਵਿਅਕਤੀ ਨੇ ਐਨਐਫ਼ਐਲ ਦੀਆਂ ਝੀਲਾਂ ਵਿਚ ਕਿਸੇ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਤੋਂ ਬਾਅਦ ਡੀਐਸਪੀ ਆਸਵੰਤ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਸਮਾਜ ਸੇਵੀ ਸੰਸਥਾਂ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕੱਢਿਆ, ਜਿਸਦੀ ਸਨਾਖਤ ਕੰਵਲਜੀਤ ਸਿੰਘ ਸਿੱਧੂ ਵਜੋਂ ਕੀਤੀ ਗਈ। ਘਟਨਾ ਦਾ ਪਤਾ ਲੱਗਿਦਆਂ ਹੀ ਵੱਡੀ ਗਿਣਤੀ ਪੱਤਰਕਾਰ ਭਾਈਚਾਰੇ ਦੇ ਲੋਕ ਸਿਵਲ ਹਸਪਤਾਲ ਪੁੱਜੇ। ਪੁਲਿਸ ਨੇ ਮ੍ਰਿਤਕ ਕੋਲੋ ਇਕ ਖੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ ਜਿਸ ਵਿਚ ਉਸਨੇ ਪੰਜਾਬ ਪੁਲਿਸ ਦੇ ਇਕ ਏਐਸਆਈ ਤੇ ਉਸਦੇ ਪਰਿਵਾਰ ਨੂੰ ਆਪਣੀ ਮੌਤ ਲਈ ਜਿੰਮੇਵਾਰ ਠਹਿਰਾਇਆ ਹੈ। ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਖੁਦਕੁਸ਼ੀ ਨੋਟ ਦੇ ਅਧਾਰ ’ਤੇ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਕੰਵਲਜੀਤ ਸਿੱਧੂ ਦੇ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣ ’ਤੇ ਪੱਤਰਕਾਰਾਂ, ਸਮਾਜ ਸੇਵੀ ਸੰਸਥਾਵਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

Real Estate