ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ, ਇੱਕੋ ਸਰਿੰਜ ਵਰਤਣ ਨਾਲ 20 ਤੋਂ ਵੱਧ ਨੌਜਵਾਨ ਏਡਜ਼ ਦੀ ਲਪੇਟ ’ਚ

57

ਜਲੰਧਰ – ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ ਹੁਣ ਵੀ ਜਾਰੀ ਹੈ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਸੰਸਾਰਪੁਰ, ਜਿਸ ਨੂੰ ਕਿ ਹਾਕੀ ਦੀ ਨਰਸਰੀ ਵੀ ਕਿਹਾ ਜਾਂਦਾ ਹੈ, ’ਚ 20 ਤੋਂ ਵੱਧ ਨੌਜਵਾਨ ਇੱਕੋ ਸਰਿੰਜ ਨਾਲ ਡਰੱਗਸ ਲੈਣ ਕਾਰਨ ਏਡਜ਼ ਦੀ ਲਪੇਟ ’ਚ ਆ ਚੁੱਕੇ ਹਨ। ਇਨ੍ਹਾਂ ਨੌਜਵਾਨਾਂ ਦੀ ਉਮਰ 20 ਤੋਂ 30 ਸਾਲ ਵਿਚਕਾਰ ਹੈ। ਇਹ ਉਹੀ ਪਿੰਡ ਹੈ, ਜਿਸ ਨੇ ਦੇਸ਼ ਨੂੰ 14 ਓਲੰਪੀਅਨ ਦਿੱਤੇ ਹਨ ਪਰ ਹੁਣ ਪਿੰਡ ਦੀ ਜਵਾਨੀ ਚਿੱਟੇ ਦੀ ਭੇਟ ਚੜ੍ਹ ਰਹੀ ਹੈ।

ਜਲੰਧਰ ਪੁਲਸ ਕਮਿਸ਼ਨਰੇਟ ਦੀ ਹੱਦ ’ਚ ਆਉਣ ਵਾਲੇ ਇਸ ਪਿੰਡ ’ਚ ਪਿਛਲੇ ਕਾਫ਼ੀ ਸਮੇਂ ਤੋਂ ਚਿੱਟੇ ਦਾ ਧੰਦਾ ਚੱਲ ਰਿਹਾ ਹੈ ਅਤੇ ਕਈ ਨੌਜਵਾਨ ਚਿੱਟੇ ਦੀ ਲਤ ਕਾਰਨ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋ ਚੁੱਕੇ ਹਨ, ਜਿਸ ਸਬੰਧੀ ‘ਜਗ ਬਾਣੀ’ ਨੇ ਸਮੇਂ-ਸਮੇਂ ’ਤੇ ਖੁਲਾਸੇ ਵੀ ਕੀਤੇ ਹਨ ਪਰ ਪੁਲਸ ਨੇ ਨਾਮਾਤਰ ਕਾਰਵਾਈ ਕਰ ਕੇ ਹਮੇਸ਼ਾ ਆਪਣਾ ਪੱਲਾ ਝਾੜਿਆ ਹੈ। ਚਿੱਟੇ ਵਿਰੁੱਧ ਲੜਾਈ ਲੜ ਰਹੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਸਮਾਂ ਰਹਿੰਦਿਆਂ ਕਾਰਵਾਈ ਕਰਦੀ ਤਾਂ ਹਾਲਾਤ ਇੰਨੇ ਭਿਆਨਕ ਨਾ ਹੁੰਦੇ।

ਸੰਸਾਰਪੁਰ ’ਚ 2 ਸਾਲ ਪਹਿਲਾਂ ਇਕ ਸੰਸਥਾ ਵੱਲੋਂ ਚਿੱਟੇ ਖ਼ਿਲਾਫ਼ ਕੱਢੀ ਗਈ ਰੈਲੀ ਚਰਚਾ ਦਾ ਵਿਸ਼ਾ ਬਣੀ ਸੀ ਅਤੇ ਇਸ ਰੈਲੀ ਦਾ ਡੰਕਾ ਸੀ. ਐੱਮ. ਆਫਿਸ ਵਿਚ ਵੀ ਵੱਜਿਆ ਸੀ। ਇਸ ਤੋਂ ਬਾਅਦ ਸੰਸਥਾ ਦੀ ਆਵਾਜ਼ ਦਬਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ ਸੀ ਅਤੇ ਸੰਸਥਾ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਨ ਇਸ ਲੜਾਈ ’ਚ ਸੰਸਥਾ ਨੂੰ ਵੀ ਆਪਣੇ ਪੈਰ ਪਿੱਛੇ ਹਟਾਉਣੇ ਪਏ ਸਨ।

ਨੇਤਾਵਾਂ ਦੇ ਦਰਬਾਰ ’ਚ ਵੀ ਮਾਮਲੇ ਨੂੰ ਦਬਾਉਣ ਦੀ ਹੋਈ ਕੋਸ਼ਿਸ਼
ਸੰਸਾਰਪੁਰ ’ਚ ਡਰੱਗਜ਼ ਦੀਆਂ ਆਦਤਾਂ ਕਾਰਨ ਏਡਸ ਪੀੜਤ ਨੌਜਵਾਨਾਂ ਦਾ ਮਾਮਲਾ ਨੇਤਾਵਾਂ ਦੇ ਦਰਬਾਰ ਤਕ ਵੀ ਪਹੁੰਚਿਆ ਸੀ, ਜਿੱਥੇ ਇਲਾਕੇ ਦੇ ਲੋਕਾਂ ਨੇ ਇਨਸਾਫ਼ ਦੀ ਅਪੀਲ ਵੀ ਕੀਤੀ ਸੀ ਪਰ ਦੋਸ਼ੀਆਂ ’ਤੇ ਕਾਰਵਾਈ ਕਰਨ ਦੀ ਬਜਾਏ ਅਪੀਲ ਕਰਨ ਵਾਲੇ ਲੋਕਾਂ ’ਤੇ ਹੀ ਉਂਗਲੀਆਂ ਉਠਾਈਆਂ ਗਈਆਂ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਅ ਦਿੱਤਾ ਗਿਆ।

ਪਿਛਲੇ 10 ਸਾਲਾਂ ਤੋਂ ਇਕ ਹੀ ਗਰੁੱਪ ਵੇਚ ਰਿਹਾ ਇਲਾਕੇ ’ਚ ਚਿੱਟਾ
ਕੈਂਟ ਦੇ ਨਾਲ ਲੱਗਦੇ ਪਿੰਡਾਂ ’ਚ ਪਿਛਲੇ 10 ਸਾਲਾਂ ਤੋਂ ਇਕ ਹੀ ਗਰੁੱਪ ਹੈ, ਜਿਹੜਾ ਕਿ ਨੌਜਵਾਨਾਂ ਨੂੰ ਚਿੱਟੇ ਦੀ ਲਤ ਲਾ ਰਿਹਾ ਹੈ। ਇਸ ਗਰੁੱਪ ਨਾਲ ਜੁੜੇ ਲੋਕਾਂ ’ਤੇ ਮਾਮਲੇ ਵੀ ਦਰਜ ਹਨ ਪਰ ਪੁਲਸ ਇਨ੍ਹਾਂ ਕੋਲੋਂ ਕਦੇ ਵੀ ਵੱਡੀ ਰਿਕਵਰੀ ਨਹੀਂ ਕਰਵਾ ਸਕੀ। ਗਰੁੱਪ ਵੱਡੀ ਮਾਤਰਾ ’ਚ ਚਿੱਟਾ ਵੇਚ ਰਿਹਾ ਹੈ ਅਤੇ ਜੇਕਰ ਇਨ੍ਹਾਂ ਦੇ ਟਿਕਾਣਿਆਂ ’ਤੇ ਰੇਡ ਹੁੰਦੀ ਵੀ ਹੈ ਤਾਂ ਇਹ ਪਹਿਲਾਂ ਹੀ ਡਰੱਗਜ਼ ਨੂੰ ਗਾਇਬ ਕਰ ਦਿੰਦੇ ਹਨ। ਕੈਂਟ ਨਾਲ ਲੱਗਦੇ ਪਿੰਡਾਂ ’ਚ ਧੜਾਧੜ ਚਿੱਟਾ ਵਿਕਣ ਦੇ ਬਾਵਜੂਦ ਪੁਲਸ ਅਤੇ ਡਰੱਗਜ਼ ਕਾਬੂ ਕਰਨ ਲਈ ਬਣਾਈ ਗਈ ਐੱਸ. ਟੀ. ਐੱਫ. (ਸਪੈਸ਼ਲ ਟਾਸਕ ਫੋਰਸ) ਵੀ ਸਮੱਗਲਰਾਂ ਦੀ ਨਕੇਲ ਨਹੀਂ ਕੱਸ ਸਕੀ।

Real Estate