ਅਮਰੀਕਾ ’ਚ ਫੈੱਡਐਕਸ ਕੇਂਦਰ ’ਚ ਗੋਲੀਬਾਰੀ, 8 ਵਿਅਕਤੀ ਹਲਾਕ , ਮਰਨ ਵਾਲਿਆਂ ਵਿੱਚ 4 ਪੰਜਾਬੀ ਵੀ

303

ਇੰਡੀਆਨਾਪੋਲਿਸ, 16 ਅਪਰੈਲ

ਇਥੇ ਹਵਾਈ ਅੱਡੇ ਨੇੜੇ ਫੈੱਡਐਕਸ ਕੇਂਦਰ ’ਤੇ ਵੀਰਵਾਰ ਰਾਤ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਗੋਲੀਬਾਰੀ ’ਚ ਜ਼ਖ਼ਮੀ ਹੋਏ ਪੰਜ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਕਿਹਾ ਕਿ ਗੋਲੀਬਾਰੀ ਮਗਰੋਂ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਲਈ।

ਪੁਲੀਸ ਤਰਜਮਾਨ ਨੇ ਕਿਹਾ ਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ। ਫੈੱਡਐਕਸ ਨੇ ਕਿਹਾ ਕਿ ਮ੍ਰਿਤਕਾਂ ’ਚ ਉਨ੍ਹਾਂ ਦੀ ਕੰਪਨੀ ਦੇ ਮੁਲਾਜ਼ਮ ਵੀ ਸ਼ਾਮਲ ਹਨ। ਇਕ ਪ੍ਰਤੱਖਦਰਸ਼ੀ ਨੇ ਕਿਹਾ ਕਿ ਜਦੋਂ ਉਸ ਨੇ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਇਮਾਰਤ ਅੰਦਰ ਕੰਮ ਕਰ ਰਿਹਾ ਸੀ। ਲੇਵੀ ਮਿੱਲਰ ਨੇ ਕਿਹਾ,‘‘ਮੈਂ ਇਕ ਵਿਅਕਤੀ ਨੂੰ ਰਾਈਫਲ ਨਾਲ ਆਉਂਦਿਆਂ ਦੇਖਿਆ ਅਤੇ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਇਕ ਦਮ ਹੇਠਾਂ ਝੁੱਕ ਗਿਆ ਤਾਂ ਜੋ ਉਹ ਮੈਨੂੰ ਨਾ ਦੇਖ ਸਕੇ।’’ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲੀਸ ਵੱਲੋਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਹਮਲਾਵਰ ਕੰਪਨੀ ਦਾ ਮੁਲਾਜ਼ਮ ਤਾਂ ਨਹੀਂ ਸੀ। -ਏਪੀ

ਭਾਰਤੀ ਮੂਲ ਦੇ ਵਿਅਕਤੀ ਦੀ ਰਿਸ਼ਤੇਦਾਰ ਹਮਲੇ ’ਚ ਜ਼ਖ਼ਮੀ

ਨਿਊਯਾਰਕ:ਭਾਰਤੀ ਮੂਲ ਦੇ ਵਿਅਕਤੀ ਪਰਮਿੰਦਰ ਸਿੰਘ ਨੇ ਕਿਹਾ ਹੈ ਕਿ ਉਸ ਦੀ ਮਹਿਲਾ ਰਿਸ਼ਤੇਦਾਰ ਬੰਦੂਕਧਾਰੀ ਦੇ ਹਮਲੇ ’ਚ ਜ਼ਖ਼ਮੀ ਹੋ ਗਈ ਹੈ। ਉਸ ਨੇ ਡਬਲਿਊਟੀਟੀਵੀ ਨੂੰ ਦੱਸਿਆ ਕਿ ਜਦੋਂ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਤਾਂ ਲੜਕੀ ਕਾਰ ’ਚ ਡਰਾਈਵਰ ਸੀਟ ’ਤੇ ਬੈਠੀ ਹੋਈ ਸੀ। ਪਰਮਿੰਦਰ ਸਿੰਘ ਨੇ ਕਿਹਾ ਕਿ ਲੜਕੀ ਨੇ ਜਦੋਂ ਫੋਨ ਕਰਕੇ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ ਤਾਂ ਉਹ ਘਰ ’ਚ ਸੁੱਤਾ ਹੋਇਆ ਸੀ। ਇਸ ਮਗਰੋਂ ਉਹ ਬ੍ਰਾਊਨਜ਼ਬਰਗ ਤੋਂ ਮੌਕੇ ’ਤੇ ਪਹੁੰਚਿਆ ਜਿਥੇ ਪਤਾ ਲੱਗਾ ਕਿ ਲੜਕੀ ਦੀ ਖੱਬੀ ਬਾਂਹ ’ਤੇ ਗੋਲੀ ਲੱਗੀ ਹੈ। ਹਸਪਤਾਲ ’ਚ ਉਸ ਦੀ ਤਬੀਅਤ ਹੁਣ ਠੀਕ ਹੈ।

Real Estate