ਵਿਸਾਖੀ ਦੀ ਅਹਿਮੀਅਤ ਅਤੇ ਅੰਬੇਦਕਰ ਦੇ ਸਨਮਾਨ ਵਿਚ ਅਮਰੀਕੀ ਸੰਸਦ ’ਚ ਪ੍ਰਸਤਾਵ ਪੇਸ਼

349

ਵਾਸ਼ਿੰਗਟਨ, 15 ਅਪਰੈਲ

ਅਮਰੀਕਾ ਦੇ ਇਕ ਸੰਸਦ ਮੈਂਬਰ ਨੇ ਵਿਸਾਖੀ ਦੇ ਤਿਉਹਾਰ ਦੀ ਅਹਿਮੀਅਤ ਨੂੰ ਮਾਨਤਾ ਦੇਣ ਅਤੇ ਇਸ ਨੂੰ ਮਨਾਉਣ ਵਾਲਿਆਂ ਲਈ ਪ੍ਰਤੀਨਿਧ ਸਭਾ ਵਿਚ ਇਕ ਪ੍ਰਸਤਾਵ ਪੇਸ਼ ਕੀਤਾ। ਸੰਸਦ ਮੈਂਬਰ ਜੌਹਨ ਗਾਰਾਮੈਂਡੀ ਨੇ ਸਦਨ ਵਿਚ ਵਿਸਾਖੀ ਪ੍ਰਸਤਾਵ ਨੂੰ ਮੁੜ ਤੋਂ ਪੇਸ਼ ਕਰਨ ਦੌਰਾਨ ਕਿਹਾ, ‘‘ਇਹ ਪ੍ਰਸਤਾਵ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਕ, ਸਭਿਆਚਾਰਕ ਅਤੇ ਧਾਰਮਿਕ ਮਹੱਤਤਾ ਨੂੰ ਸਵੀਕਾਰ ਕਰਦਾ ਹੈ।’’ ਵਿਸਾਖੀ ਸਿੱਖਾਂ, ਹਿੰਦੂਆਂ ਅਤੇ ਬੁੱਧ ਧਰਮ ਦੇ ਲੋਕਾਂ ਲਈ ਬਸੰਤ ਦੇ ਮੌਸਮ ਦੀ ਫ਼ਸਲ ਦੀ ਕਟਾਈ ਦਾ ਤਿਉਹਾਰ ਹੈ। ਇਹ ਸਿੱਖਾਂ ਦਾ ਨਵਾਂ ਸਾਲ ਵੀ ਹੁੰਦਾ ਹੈ ਅਤੇ 1699 ਵਿਚ ਗੁਰੂ ਗੋਬਿੰਦ ਸਿੰਘ ਵੱਲੋਂ ‘ਖਾਲਸਾ ਪੰਥ’ ਦੀ ਸਥਾਪਨਾ ਕੀਤੇ ਜਾਣ ਦੀ ਯਾਦ ਵੀ ਤਾਜ਼ਾ ਕਰਦਾ ਹੈ। ਕੈਲੀਫੋਰਨੀਆ ਵਿਚ ਕਾਂਗਰਸ ਦੇ ਮੈਂਬਰ ਗਾਰਾਮੈਂਡੀ ਸਦਨ ਦੇ ਸਿੱਖ ਕੌਕਸ ਦੇ ਉਪ ਮੁਖੀ ਵੀ ਹਨ। ਉੱਥੇ ਹੀ, ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ 130ਵੀਂ ਜੈਅੰਤੀ ਮੌਕੇ ਉਨ੍ਹਾਂ ਦੇ ਸਨਮਾਨ ਵਿਚ ਲਗਾਤਾਰ ਦੂਜੇ ਸਾਲ ਇਕ ਪ੍ਰਸਤਾਵ ਪੇਸ਼ ਕੀਤਾ। ਇਸ ਦਾ ਟੀਚਾ ਦੁਨੀਆ ਭਰ ਦੇ ਨੌਜਵਾਨ ਆਗੂਆਂ ਨੂੰ ਅੰਬੇਦਕਰ ਦੇ ਸਮਾਨਤਾ ਦੇ ਨਜ਼ਰੀਏ ਤੋਂ ਪ੍ਰੇਰਿਤ ਕਰਨਾ ਸੀ। ਪ੍ਰਤੀਨਿਧ ਸਭਾ ਵਿਚ ਬੁੱਧਵਾਰ ਨੂੰ ਪ੍ਰਸਤਾਵ ਪੇਸ਼ ਕਰਨ ਤੋਂ ਬਾਅਦ ਖੰਨਾ ਨੇ ਇਕ ਟਵੀਟ ਵਿਚ ਕਿਹਾ, ‘‘ਅੰਬੇਦਕਰ ਅਜਿਹਾ ਭਾਰਤ ਅਤੇ ਅਮਰੀਕਾ ਚਾਹੁੰਦੇ ਸਨ ਜਿੱਥੇ ਅਸੀਂ ਸਾਰਿਆਂ ਦੇ ਮਾਣ ਦਾ ਸਨਮਾਨ ਕਰੀਏ।’’ ਉਨ੍ਹਾਂ ਕਿਹਾ, ‘‘ਅੱਜ ਮੈਂ ਡਾ. ਬੀ.ਆਰ. ਅੰਬੇਦਕਰ ਨੂੰ ਸਨਮਾਨਿਤ ਕਰਨ ਲਈ ਇਕ ਵਾਰ ਫਿਰ ਆਪਣਾ ਪ੍ਰਸਤਾਵ ਪੇਸ਼ ਕਰ ਰਿਹਾ ਹਾਂ, ਇਸ ਆਸ ਵਿਚ ਕਿ ਦੁਨੀਆ ਭਰ ਦੇ ਨੌਜਵਾਨ ਆਗੂ ਉਨ੍ਹਾਂ ਦੇ ਕੰਮ ਬਾਰੇ ਪੜ੍ਹਨਗੇ ਅਤੇ ਸਮਾਨਤਾ ਦੇ ਉਨ੍ਹਾਂ ਦੇ ਨਜ਼ਰੀਏ ਤੋਂ ਪ੍ਰੇਰਿਤ ਹੋਣਗੇ।’’

Real Estate